CBSEEducationHistoryHistory of Punjab

ਅਕਾਲ ਤਖ਼ਤ ਸਾਹਿਬ


ਪ੍ਰਸ਼ਨ. ਅਕਾਲ ਤਖ਼ਤ ਸਾਹਿਬ ਉੱਪਰ ਇੱਕ ਸੰਖੇਪ ਨੋਟ ਲਿਖੋ।

ਉੱਤਰ : ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੇ ਵਿਕਾਸ ਵਿੱਚ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਬਹੁਤ ਲਾਹੇਵੰਦ ਸਿੱਧ ਹੋਇਆ। ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਗੁਰੂ ਹਰਿਗੋਬਿੰਦ ਜੀ ਦਾ ਇੱਕ ਮਹਾਨ ਕਾਰਜ ਸੀ।

ਅਕਾਲ ਤਖ਼ਤ (ਪਰਮਾਤਮਾ ਦੀ ਗੱਦੀ) ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ 1606 ਈ. ਵਿੱਚ ਸ਼ੁਰੂ ਕਰਵਾਈ ਸੀ। ਇਹ ਕਾਰਜ 1609 ਈ. ਵਿੱਚ ਸੰਪੂਰਨ ਹੋਇਆ। ਇਸ ਦੇ ਅੰਦਰ ਇੱਕ 12 ਫੁੱਟ ਉੱਚੇ ਥੜ੍ਹੇ ਦਾ ਨਿਰਮਾਣ ਕੀਤਾ ਗਿਆ ਜੋ ਇੱਕ ਤਖ਼ਤ ਸਮਾਨ ਸੀ।

ਇਸ ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਜੀ ਨੇ ਰੱਖਿਆ। ਇਸ ਦੇ ਨਿਰਮਾਣ ਕਾਰਜ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਹਰਿਗੋਬਿੰਦ ਜੀ ਦਾ ਸਾਥ ਦਿੱਤਾ। ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਰਾਜਨੀਤਿਕ ਅਤੇ ਸੰਸਾਰਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ। ਇੱਥੇ ਉਹ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਅਤੇ ਹੋਰ ਸੈਨਿਕ ਕਰਤੱਬ ਦੇਖਦੇ ਸਨ। ਇੱਥੇ ਹੀ ਉਹ ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸਨ।

ਸਿੱਖਾਂ ਵਿੱਚ ਜੋਸ਼ ਪੈਦਾ ਕਰਨ ਲਈ ਇੱਥੇ ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਸਨ। ਇੱਥੇ ਬੈਠ ਕੇ ਹੀ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ। ਇੱਥੇ ਬੈਠ ਕੇ ਹੀ ਗੁਰੂ ਜੀ ਸਿੱਖਾਂ ਨੂੰ ਇਨਾਮ ਵੀ ਦਿੰਦੇ ਸਨ ਅਤੇ ਸਜ਼ਾਵਾਂ ਵੀ। ਇੱਥੋਂ ਹੀ ਗੁਰੂ ਜੀ ਨੇ ਸਿੱਖ ਸੰਗਤਾਂ ਦੇ ਨਾਂ ‘ਤੇ ਆਪਣਾ ਪਹਿਲਾ ਹੁਕਮਨਾਮਾ ਜਾਰੀ ਕੀਤਾ। ਇਸ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਘੋੜੇ ਅਤੇ ਹਥਿਆਰ ਭੇਂਟ ਕਰਨ ਲਈ ਕਿਹਾ ਸੀ।

ਬਾਅਦ ਵਿੱਚ ਇਸ ਥਾਂ ਤੋਂ ਹੁਕਮਨਾਮੇ ਜਾਰੀ ਕਰਨ ਦੀ ਪ੍ਰਥਾ ਚਲ ਪਈ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖ਼ਤ ਦਾ ਨਿਰਮਾਣ ਕਰਕੇ ਸਿੱਖਾਂ ਦੀ ਜੀਵਨ ਸ਼ੈਲੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਲਿਆਂਦੀ। ਛੇਤੀ ਹੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਦਾ ਇੱਕ ਪ੍ਰਸਿੱਧ ਕੇਂਦਰ ਬਣ ਗਿਆ।