CBSEEducationHistoryHistory of Punjab

ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ


ਪ੍ਰਸ਼ਨ. ਗੁਰੂ ਤੇਗ਼ ਬਹਾਦਰ ਜੀ ਦੀਆਂ ਕਿਸੇ ਛੇ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ।

ਉੱਤਰ : ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਮਗਰੋਂ ਗੁਰੂ ਤੇਗ਼ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ
ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆਂ। ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਸੱਚ ਤੇ ਪ੍ਰੇਮ ਦਾ ਸੰਦੇਸ਼ ਦੇਣਾ ਸੀ।

1. ਅੰਮ੍ਰਿਤਸਰ : ਗੁਰੂ ਤੇਗ਼ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1664 ਈ. ਵਿੱਚ ਅੰਮ੍ਰਿਤਸਰ ਤੋਂ ਕੀਤਾ। ਉਸ ਸਮੇਂ ਹਰਿਮੰਦਰ ਸਾਹਿਬ ਵਿੱਚ ਪ੍ਰਿਥੀ ਚੰਦ ਦਾ ਪੋਤਰਾ, ਹਰਜੀ ਮੀਣਾ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ। ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ। ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ। ਇਸ ਲਈ ਉਹ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਿਤ ਇਕ ਰੁੱਖ ਥੱਲੇ ਜਾ ਬਿਰਾਜੇ। ਹੁਣ ਇੱਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ ‘ਥੰਮ ਸਾਹਿਬ’ ਕਹਿੰਦੇ ਹਨ।

2. ਵੱਲਾ ਤੇ ਘੂਕੇਵਾਲੀ : ਅੰਮ੍ਰਿਤਸਰ ਤੋਂ ਗੁਰੂ ਤੇਗ਼ ਬਹਾਦਰ ਜੀ ਵੱਲਾ ਨਾਮੀ ਪਿੰਡ ਵਿੱਚ ਗਏ। ਇੱਥੇ ਲੰਗਰ ਵਿੱਚ ਇਸਤਰੀਆਂ ਦੀ ਅਣਥੱਕ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ, “ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ।” ਵੱਲਾ ਤੋਂ ਬਾਅਦ ਗੁਰੂ ਸਾਹਿਬ ਘੂਕੇਵਾਲੀ ਪਿੰਡ ਗਏ। ਗੁਰੂ ਸਾਹਿਬ ਨੇ ਇਸ ਪਿੰਡ ਵਿੱਚ ਲੱਗੇ ਬੇਸ਼ੁਮਾਰ ਰੁੱਖਾਂ ਕਾਰਨ ਇਸ ਦਾ ਨਾਂ ‘ਗੁਰੂ ਕਾ ਬਾਗ਼’ ਰੱਖ ਦਿੱਤਾ।

3. ਬਨਾਰਸ : ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਬਨਾਰਸ ਪਹੁੰਚੇ। ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ ਸਨ। ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਕਰਮਨਾਸ਼ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਚੰਗੇ ਕਰਮ ਨਾਸ਼ ਹੋ ਜਾਂਦੇ ਹਨ। ਗੁਰੂ ਸਾਹਿਬ ਨੇ ਆਪ ਇਸ ਨਦੀ ਵਿਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ। ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ।

4. ਪਟਨਾ : ਗੁਰੂ ਤੇਗ਼ ਬਹਾਦਰ ਜੀ 1666 ਈ. ਵਿੱਚ ਪਟਨਾ ਵਿਖੇ ਪਹੁੰਚੇ। ਇੱਥੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਗੁਰੂ ਸਾਹਿਬ ਨੇ ਸਿੱਖ ਸਿਧਾਂਤਾਂ ‘ਤੇ ਚਾਨਣਾ ਪਾਇਆ ਅਤੇ ਪਟਨਾ ਨੂੰ ‘ਗੁਰੂ ਦਾ ਘਰ’ ਕਹਿ ਕੇ ਨਿਵਾਜਿਆ। ਗੁਰੂ ਸਾਹਿਬ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਛੱਡਿਆ ਅਤੇ ਆਪ ਮੁੰਘੇਰ ਲਈ ਰਵਾਨਾ ਹੋ ਗਏ।

5. ਮਥੁਰਾ : ਗੁਰੂ ਤੇਗ਼ ਬਹਾਦਰ ਜੀ ਦਿੱਲੀ ਤੋਂ ਬਾਅਦ ਮਥੁਰਾ ਪਹੁੰਚੇ। ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤੇ। ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਗੁਰੂ ਜੀ ਦੇ ਸ਼ਰਧਾਲੂ ਬਣ ਗਏ।

6. ਢਾਕਾ : ਢਾਕਾ ਪੂਰਬੀ ਭਾਰਤ ਵਿੱਚ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ। ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ। ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਜਾਤ-ਪਾਤ ਦੇ ਬੰਧਨਾਂ ਤੋਂ ਉੱਪਰ ਉੱਠਣ ਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ।