ਗੁਰੂ ਲਾਧੋ ਰੇ, ਗੁਰੂ ਲਾਧੋ ਰੇ
ਪ੍ਰਸ਼ਨ. ਕਿਸ ਸ਼ਰਧਾਲੂ ਸਿੱਖ ਨੇ ਨੌਵੀਂ ਪਾਤਸ਼ਾਹੀ ਦੀ ਭਾਲ ਕੀਤੀ ਅਤੇ ਕਿਉਂ?
ਉੱਤਰ : 1664 ਈ. ਵਿੱਚ ਦਿੱਲੀ ਵਿਖੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ। ਜਦੋਂ ਇਹ ਖ਼ਬਰ ਬਾਬਾ ਬਕਾਲਾ ਪਹੁੰਚੀ ਤਾਂ 22 ਸੋਢੀਆਂ ਨੇ ਉੱਥੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ। ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ। ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ। ਉਹ ਇੱਕ ਵਪਾਰੀ ਸੀ।
ਇੱਕ ਵਾਰੀ ਜਦੋਂ ਉਸ ਦਾ ਜਹਾਜ਼ ਸਮੁੰਦਰੀ ਤੂਫ਼ਾਨ ਵਿੱਚ ਘਿਰ ਕੇ ਡੁੱਬਣ ਲੱਗਾ ਤਾਂ ਉਸ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਕਿਨਾਰੇ ਲੱਗ ਜਾਏ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ।
ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਦਾ ਜਹਾਜ਼ ਬਚ ਗਿਆ। ਮੰਨਤ ਅਨੁਸਾਰ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਆਪਣੇ ਪਰਿਵਾਰ ਸਮੇਤ ਬਾਬਾ ਬਕਾਲਾ ਪਹੁੰਚਿਆ। ਇੱਥੇ ਉਹ 22 ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਸ ਨੇ ਅਸਲੀ ਗੁਰੂ ਨੂੰ ਲੱਭਣ ਦੀ ਇੱਕ ਵਿਉਂਤ ਬਣਾਈ। ਉਹ ਵਾਰੋ-ਵਾਰੀ ਹਰ ਗੁਰੂ ਕੋਲ ਗਿਆ ਤੇ ਉਨ੍ਹਾਂ ਨੂੰ ਦੋ-ਦੋ ਮੋਹਰਾਂ ਭੇਟ ਕਰਦਾ ਗਿਆ। ਝੂਠੇ ਗੁਰੂ ਦੋ-ਦੋ ਮੋਹਰਾਂ ਲੈ ਕੇ ਖੁਸ਼ ਹੋ ਗਏ।
ਜਦੋਂ ਮੱਖਣ ਸ਼ਾਹ ਨੇ ਅਖੀਰ ਵਿੱਚ ਗੁਰੂ ਤੇਗ਼ ਬਹਾਦਰ ਜੀ ਕੋਲ ਜਾ ਕੇ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, ”ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ਅਤੇ ਹੁਣ ਤੂੰ ਸਿਰਫ ਦੋ ਮੋਹਰਾਂ ਹੀ ਭੇਟ ਕਰ ਰਿਹਾ ਹੈਂ।”
ਇਹ ਸੁਣ ਕੇ ਮੱਖਣ ਸ਼ਾਹ ਬਹੁਤ ਖੁਸ਼ ਹੋਇਆ ਅਤੇ ਉਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, ”ਗੁਰੂ ਲਾਧੋ ਰੇ, ਗੁਰੂ ਲਾਧੋ ਰੇ” ਭਾਵ ਗੁਰੂ ਮਿਲ ਗਿਆ ਹੈ। ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ।