CBSEEducationHistoryHistory of Punjab

ਨਿਆਂ ਪ੍ਰਣਾਲੀ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।

ਉੱਤਰ : ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਸਾਧਾਰਨ ਸੀ। ਕਾਨੂੰਨ ਲਿਖਤੀ ਨਹੀਂ ਸੀ। ਨਿਆਂ ਉਨ੍ਹਾਂ ਸਮੇਂ ਦੇ ਰੀਤੀ-ਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਜਾਂਦਾ ਸੀ। ਨਿਆਂ ਸੰਬੰਧੀ ਆਖਰੀ ਫ਼ੈਸਲਾ ਮਹਾਰਾਜੇ ਦਾ ਹੁੰਦਾ ਸੀ।

ਲੋਕਾਂ ਨੂੰ ਨਿਆਂ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਰ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਸਨ। ਮਹਾਰਾਜੇ ਤੋਂ ਬਾਅਦ ਰਾਜ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਅਦਾਲਤ-ਏ-ਆਲਾ ਸੀ। ਇਹ ਨਾਜ਼ਿਮ ਅਤੇ ਕਾਰਦਾਰਾਂ ਦੀਆਂ ਅਦਾਲਤਾਂ ਵਿਰੁੱਧ ਅਪੀਲਾਂ ਸੁਣਦੀ ਸੀ।

ਪ੍ਰਾਂਤਾਂ ਵਿੱਚ ਨਾਜ਼ਿਮ ਅਤੇ ਪਰਗਨਿਆਂ ਵਿੱਚ ਕਾਰਦਾਰ ਦੀਆਂ ਅਦਾਲਤਾਂ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਨੂੰ ਸੁਣਦੀਆਂ ਸਨ। ਨਿਆਂ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਸ ਅਫ਼ਸਰ ਵੀ ਨਿਯੁਕਤ ਕੀਤੇ ਹੋਏ ਸਨ ਜਿਨ੍ਹਾਂ ਨੂੰ ਅਦਾਲਤੀ ਆਖਿਆ ਜਾਂਦਾ ਸੀ। ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਜ਼ੀ ਦੀ ਅਦਾਲਤ ਵੀ ਕਾਇਮ ਸੀ। ਇੱਥੇ ਨਿਆਂ ਲਈ ਮੁਸਲਮਾਨ ਅਤੇ ਗ਼ੈਰ-ਮੁਸਲਮਾਨ ਲੋਕ ਜਾ ਸਕਦੇ ਸਨ। ਪਿੰਡਾਂ ਵਿੱਚ ਪੰਚਾਇਤਾਂ ਝਗੜਿਆਂ ਦਾ ਫ਼ੈਸਲਾ ਸਥਾਨਿਕ ਰੀਤੀ-ਰਿਵਾਜਾਂ ਅਨੁਸਾਰ ਕਰਦੀਆਂ ਸਨ।

ਰਣਜੀਤ ਸਿੰਘ ਦੇ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ। ਮੌਤ ਦੀ ਸਜ਼ਾ ਤਾਂ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ। ਜ਼ਿਆਦਾਤਰ ਅਪਰਾਧੀਆਂ ਤੋਂ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ। ਪਰ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੇ ਹੱਥ, ਪੈਰ, ਨੱਕ ਆਦਿ ਕੱਟ ਦਿੱਤੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਉਸ ਸਮੇਂ ਦੇ ਅਨੁਕੂਲ ਸੀ।