ਦੋਸਤ ਮੁਹੰਮਦ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਮੁਹੰਮਦ ਨਾਲ ਸੰਬੰਧਾਂ ਦਾ ਵਰਣਨ ਕਰੋ।
ਉੱਤਰ : ਦੋਸਤ ਮੁਹੰਮਦ ਖ਼ਾਂ 1826 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤਰ-ਪੱਛਮੀ ਸੀਮਾ ਖੇਤਰਾਂ ਵਿੱਚ ਤੇਜ਼ੀ ਨਾਲ ਵਧਦੇ ਹੋਏ ਪ੍ਰਭਾਵ ਨੂੰ ਕਦੇ ਸਹਿਣ ਕਰਨ ਲਈ ਤਿਆਰ ਨਹੀਂ ਸੀ।
ਪਿਸ਼ਾਵਰ ਦੇ ਮਾਮਲੇ ਕਾਰਨ ਦੋਹਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ ਸੀ।
1833 ਈ. ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸੁਜਾਹ ਅਤੇ ਦੋਸਤ ਮੁਹੰਮਦ ਖ਼ਾਂ ਵਿਚਾਲੇ ਰਾਜਗੱਦੀ ਦੀ ਪ੍ਰਾਪਤੀ ਲਈ ਯੁੱਧ ਸ਼ੁਰੂ ਹੋ ਗਿਆ। ਇਸ ਸਥਿਤੀ ਦਾ ਫਾਇਦਾ ਚੁੱਕ ਕੇ ਮਹਾਰਾਜਾ ਰਣਜੀਤ ਸਿੰਘ ਨੇ 6 ਮਈ, 1834 ਈ. ਨੂੰ ਪਿਸ਼ਾਵਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ।
ਸ਼ਾਹ ਸ਼ੁਜਾਹ ਨੂੰ ਹਰਾਉਣ ਤੋਂ ਬਾਅਦ ਦੋਸਤ ਮੁਹੰਮਦ ਖ਼ਾਂ ਨੇ ਪਿਸ਼ਾਵਰ ਨੂੰ ਮੁੜ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਪ੍ਰਾਪਤ ਨਾ ਹੋਈ।
1837 ਈ. ਵਿੱਚ ਦੋਸਤ ਮੁਹੰਮਦ ਖ਼ਾਂ ਨੇ ਆਪਣੇ ਪੁੱਤਰ ਅਕਬਰ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਪਿਸ਼ਾਵਰ ਵੱਲ ਭੇਜੀ। ਜਮਰੌਦ ਵਿਖੇ ਹੋਈ ਇੱਕ ਭਿਅੰਕਰ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਮਾਰਿਆ ਗਿਆ ਪਰ ਸਿੱਖ ਸੈਨਾ ਇਸ ਲੜਾਈ ਵਿੱਚ ਜੇਤੂ ਰਹੀ। ਇਸ ਤੋਂ ਬਾਅਦ ਦੋਸਤ ਮੁਹੰਮਦ ਨੇ ਮੁੜ ਪਿਸ਼ਾਵਰ ਵੱਲ ਰੁੱਖ ਨਾ ਕੀਤਾ।