CBSEEducationHistoryHistory of Punjab

ਪ੍ਰਸ਼ਨ. ਗੁਰੂ ਹਰਿ ਰਾਏ ਜੀ ਦੇ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਗੁਰੂ ਹਰਿ ਰਾਏ ਜੀ 1645 ਈ. ਤੋਂ ਲੈ ਕੇ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਹੇਠ ਲਿਖੇ ਕਾਰਜ ਕੀਤੇ :

1. ਗੁਰੂ ਹਰਿ ਰਾਏ ਜੀ ਅਧੀਨ ਸਿੱਖ ਧਰਮ ਦਾ ਵਿਕਾਸ : ਗੁਰੂ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਤਿੰਨ ਪ੍ਰਸਿੱਧ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਨੂੰ ਬਖ਼ਸ਼ੀਸ਼ਾਂ ਕਹਿੰਦੇ ਸਨ। ਪਹਿਲੀ ਬਖ਼ਸ਼ੀਸ਼ ਭਗਤ ਗੀਰ ਦੀ ਸੀ। ਉਸ ਨੇ ਪੂਰਬੀ ਭਾਰਤ ਵਿੱਚ ਸਿੱਖੀ ਦੇ ਪ੍ਰਚਾਰ ਦੇ ਬਹੁਤ ਸਾਰੇ ਕੇਂਦਰ ਸਥਾਪਿਤ ਕੀਤੇ। ਇਨ੍ਹਾਂ ਵਿੱਚੋਂ ਪਟਨਾ, ਬਰੇਲੀ ਅਤੇ ਰਾਜਗਿਰੀ ਦੇ ਕੇਂਦਰ ਪ੍ਰਸਿੱਧ ਹਨ। ਇਸੇ ਤਰ੍ਹਾਂ ਸੁਥਰਾ ਸ਼ਾਹ ਨੂੰ ਦਿੱਲੀ, ਭਾਈ ਫੇਰੂ ਨੂੰ ਰਾਜਸਥਾਨ, ਭਾਈ ਨੱਥਾ ਜੀ ਨੂੰ ਢਾਕਾ, ਭਾਈ ਜੋਧ ਜੀ ਨੂੰ ਮੁਲਤਾਨ ਭੇਜਿਆ ਗਿਆ ਅਤੇ ਆਪ ਪੰਜਾਬ ਦੀਆਂ ਕਈ ਥਾਂਵਾਂ ਜਿਵੇਂ : ਜਲੰਧਰ, ਕਰਤਾਰਪੁਰ, ਹਕੀਮਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਅੰਬਾਲਾ, ਹਿਸਾਰ ਆਦਿ ਗਏ।

2. ਫੂਲ ਨੂੰ ਅਸ਼ੀਰਵਾਦ : ਇਕ ਦਿਨ ਕਾਲਾ ਨਾਮੀ ਸ਼ਰਧਾਲੂ ਆਪਣੇ ਭਤੀਜਿਆਂ ਸੰਦਲੀ ਅਤੇ ਫੂਲ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਲਿਆਇਆ। ਉਨ੍ਹਾਂ ਦੀ ਤਰਸਯੋਗ ਹਾਲਤ ਵੇਖਦੇ ਹੋਏ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਕਿ ਇੱਕ ਦਿਨ ਉਹ ਬਹੁਤ ਅਮੀਰ ਬਣਨਗੇ। ਗੁਰੂ ਜੀ ਦੀ ਇਹ ਭਵਿੱਖਬਾਣੀ ਸੱਚ ਨਿਕਲੀ। ਫੂਲ ਨੇ ਫੂਲਕੀਆਂ ਰਿਆਸਤ ਦੀ ਸਥਾਪਨਾ ਕੀਤੀ।

3. ਦਾਰਾ ਦੀ ਸਹਾਇਤਾ : ਗੁਰੂ ਹਰਿ ਰਾਏ ਜੀ ਦੇ ਸਮੇਂ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਸੀ। ਉਹ ਔਰੰਗਜ਼ੇਬ ਦਾ ਵੱਡਾ ਭਰਾ ਸੀ। ਸੱਤਾ ਪ੍ਰਾਪਤ ਕਰਨ ਦੇ ਯਤਨ ਵਿੱਚ ਔਰੰਗਜ਼ੇਬ ਨੇ ਉਸ ਨੂੰ ਜ਼ਹਿਰ ਦੇ ਦਿੱਤਾ। ਇਸ ਕਰਕੇ ਉਹ ਬਹੁਤ ਬਿਮਾਰ ਹੋ ਗਿਆ। ਦਾਰਾ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਮੰਗਿਆ। ਗੁਰੂ ਸਾਹਿਬ ਨੇ ਅਣਮੋਲ ਜੜ੍ਹੀਆਂ-ਬੂਟੀਆਂ ਦੇ ਕੇ ਦਾਰਾ ਦਾ ਇਲਾਜ ਕੀਤਾ। ਇਸ ਕਰਕੇ ਉਹ ਗੁਰੂ ਸਾਹਿਬ ਦਾ ਅਹਿਸਾਨਮੰਦ ਹੋ ਗਿਆ। ਉਹ ਅਕਸਰ ਉਨ੍ਹਾਂ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ।

4. ਗੁਰੂ ਹਰਿ ਰਾਏ ਜੀ ਨੂੰ ਦਿੱਲੀ ਬੁਲਾਇਆ ਗਿਆ : ਔਰੰਗਜ਼ੇਬ ਨੂੰ ਸ਼ੱਕ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸਲੋਕ ਇਸਲਾਮ ਧਰਮ ਦੇ ਵਿਰੁੱਧ ਹਨ। ਇਸ ਗੱਲ ਦੀ ਪੁਸ਼ਟੀ ਕਰਨ ਲਈ ਉਸ ਨੇ ਆਪ ਜੀ ਨੂੰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ। ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਔਰੰਗਜ਼ੇਬ ਕੋਲ ਭੇਜਿਆ। ਔਰੰਗਜ਼ੇਬ ਦੇ ਕ੍ਰੋਧ ਤੋਂ ਬਚਣ ਲਈ ਰਾਮ ਰਾਏ ਨੇ ਗੁਰਬਾਣੀ ਦੀ ਗ਼ਲਤ ਵਿਆਖਿਆ ਕੀਤੀ। ਇਸ ਕਾਰਨ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਹਮੇਸ਼ਾਂ ਲਈ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ।

5. ਉੱਤਰਾਧਿਕਾਰੀ ਦੀ ਨਿਯੁਕਤੀ : ਗੁਰੂ ਹਰਿ ਰਾਏ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਸੌਂਪ ਦਿੱਤੀ। 6 ਅਕਤੂਬਰ, 1661 ਈ. ਨੂੰ ਗੁਰੂ ਹਰਿ ਰਾਏ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ- ਜੋਤ ਸਮਾ ਗਏ।