ਪ੍ਰਸ਼ਨ. ਖ਼ਾਲਸਾ ਪੰਥ ਦੀ ਸਥਾਪਨਾ ਦੇ ਸਿੱਖ ਇਤਿਹਾਸ ਵਿੱਚ ਕਿਹੜੇ ਛੇ ਮਹੱਤਵਪੂਰਨ ਪ੍ਰਭਾਵ ਪਏ? ਵਿਆਖਿਆ ਕਰੋ।

ਉੱਤਰ : 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਨਾ ਸਿਰਫ਼ ਪੰਜਾਬ ਦੇ ਇਤਿਹਾਸ ਸਗੋਂ ਭਾਰਤ ਦੇ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਮੰਨੀ ਜਾਂਦੀ ਹੈ। ਨਿਰਸੰਦੇਹ, ਖ਼ਾਲਸਾ ਪੰਥ ਦੀ ਸਿਰਜਨਾ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ।

1. ਸਿੱਖਾਂ ਦੀ ਗਿਣਤੀ ਵਿੱਚ ਵਾਧਾ : ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣ ਲੱਗ ਪਏ। ਗੁਰੂ ਸਾਹਿਬ ਨੇ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ। ਇਸ ਤੋਂ ਇਲਾਵਾ ਗੁਰੂ ਜੀ ਨੇ ਖ਼ਾਲਸਾ ਪੰਥ ਦੇ ਕਿਸੇ ਵੀ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦੇ ਕੇ ਖ਼ਾਲਸਾ ਪੰਥ ਵਿੱਚ ਹੈਰਾਨੀਜਨਕ ਵਾਧਾ ਕੀਤਾ।

2. ਆਦਰਸ਼ ਸਮਾਜ ਦਾ ਨਿਰਮਾਣ : ਖ਼ਾਲਸਾ ਪੰਥ ਦੀ ਸਥਾਪਨਾ ਨਾਲ ਇੱਕ ਨਵੇਂ ਸਮਾਜ ਦਾ ਜਨਮ ਹੋਇਆ। ਇਸ ਵਿੱਚ ਊਚ-ਨੀਚ ਦੀ ਕੋਈ ਥਾਂ ਨਹੀਂ ਸੀ। ਇਸ ਵਿੱਚ ਨੀਵੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ। ਖ਼ਾਲਸਾ ਸਮਾਜ ਵਿੱਚ ਅੰਧ-ਵਿਸ਼ਵਾਸਾਂ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਲਈ ਕੋਈ ਥਾਂ ਨਹੀਂ ਸੀ। ਇਸ ਤਰ੍ਹਾਂ ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਰਚ ਕੇ ਇੱਕ ਨਵੇਂ ਸਮਾਜ ਦੀ ਰਚਨਾ ਕੀਤੀ।

3. ਮਸੰਦ ਪ੍ਰਥਾ ਅਤੇ ਪੰਥ ਵਿਰੋਧੀ ਸੰਪਰਦਾਵਾਂ ਦਾ ਅੰਤ : ਮਸੰਦ ਪ੍ਰਥਾ ਵਿੱਚ ਆਈਆਂ ਕੁਰੀਤੀਆਂ ਖ਼ਾਲਸਾ ਪੰਥ ਦੇ ਨਿਰਮਾਣ ਦਾ ਇੱਕ ਮੁੱਖ ਕਾਰਨ ਸਨ। ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਵਿੱਚ ਇਨ੍ਹਾਂ ਨੂੰ ਕੋਈ ਸਥਾਨ ਨਾ ਦਿੱਤਾ ਗਿਆ। ਗੁਰੂ ਜੀ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖਣ।

4. ਨੀਵੀਆਂ ਜਾਤੀਆਂ ਦੇ ਲੋਕਾਂ ਦਾ ਉਭਾਰ : ਖ਼ਾਲਸਾ ਪੰਥ ਦੀ ਸਥਾਪਨਾ ਨੀਵੀਆਂ ਜਾਤਾਂ ਦੇ ਲੋਕਾਂ ਦੇ ਉਭਾਰ ਦਾ ਸੰਦੇਸ਼ ਸੀ। ਇਸ ਤੋਂ ਪਹਿਲਾਂ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਲ ਕਰਕੇ ਉੱਚ ਜਾਤੀਆਂ ਦੇ ਬਰਾਬਰ ਦਰਜਾ ਦਿੱਤਾ। ਗੁਰੂ ਜੀ ਨੇ ਇਹ ਮਹਾਨ ਕਦਮ ਚੁੱਕ ਕੇ ਨੀਵੀਆਂ ਜਾਤਾਂ ਦੇ ਲੋਕਾਂ ਵਿੱਚ ਨਵਾਂ ਜੋਸ਼ ਭਰਿਆ। ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਉਹ ਮਹਾਨ ਯੋਧਾ ਸਿੱਧ ਹੋਏ।

5. ਸਿੱਖਾਂ ਵਿੱਚ ਨਵਾਂ ਜੋਸ਼ : ਖ਼ਾਲਸਾ ਪੰਥ ਦੀ ਸਥਾਪਨਾ ਨੇ ਸਿੱਖਾਂ ਵਿੱਚ ਅਦੁੱਤੀ ਜੋਸ਼ ਪੈਦਾ ਕੀਤਾ। ਕਮਜ਼ੋਰ ਤੋਂ ਕਮਜ਼ੋਰ ਸਿੱਖ ਵੀ ਹੁਣ ਸ਼ੇਰ ਬਣ ਗਿਆ। ਉਨ੍ਹਾਂ ਨੇ ਹੁਣ ਅਤਿਆਚਾਰੀਆਂ ਦੇ ਸਾਹਮਣੇ ਝੁਕਣ ਦੀ ਬਜਾਏ ਹਥਿਆਰ ਚੁੱਕ ਲਏ। ਮੁਗ਼ਲਾਂ ਅਤੇ ਅਫ਼ਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਵਿੱਚ ਸਿੱਖਾਂ ਨੇ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਬੂਤ ਦਿੱਤੇ।

6. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ : ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਵੀ ਉਦੈ ਹੋਇਆ। ਅਣਗਿਣਤ ਸ਼ਹੀਦੀਆਂ ਦੇ ਬਾਅਦ ਉਹ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ। 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਖ਼ਾਲਸਿਆਂ ਦਾ ਸੁਪਨਾ ਸਾਕਾਰ ਹੋਇਆ।