ਲੇਖ : ਮਨੁੱਖੀ ਡਰ


ਮਨੁੱਖੀ ਡਰ


ਡਰ ਜਾਂ ਭੈਅ ਦੀ ਭਾਵਨਾ ਨੂੰ ਕੋਈ ਮਨੁੱਖ ਆਪਣੇ ਜਨਮ ਤੋਂ ਨਹੀਂ ਨਾਲ ਲੈ ਕੇ ਆਉਂਦਾ, ਇਹ ਤਾਂ ਬੱਚੇ ਨੂੰ ਸਾਡੇ ਵਲੋਂ ਦਿੱਤੀ ਗਈ ‘ਸੌਗਾਤ’ ਹੁੰਦੀ ਹੈ। ਜਿਉਂ-ਜਿਉਂ ਬੱਚੇ ਦਾ ਵਾਹ ਲੋਕਾਂ ਨਾਲ ਪੈਂਦਾ ਹੈ। ਵੱਖੋ-ਵੱਖਰੇ ਕਿਸਮ ਦੇ ਭੈਅ ਉਸ ਨੂੰ ਚੰਬੜਦੇ ਜਾਂਦੇ ਹਨ। ਬੱਚੇ ਦਾ ਸਭ ਤੋਂ ਪਹਿਲਾ ਸਾਥ ਉਸ ਦੀ ਮਾਂ ਨਾਲ ਪੈਂਦਾ ਹੈ, ਜਿਸ ਤੋਂ ਉਸ ਦੀ ਸ਼ਖ਼ਸੀਅਤ ਦੀ ਉਸਾਰੀ ਸ਼ੁਰੂ ਹੁੰਦੀ ਹੈ। ਬੱਚੇ ਦੇ ਜਨਮ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਮਾਂ ਦੀ ਗਰਭ ਸਮੇਂ ਸਥਿਤੀ ਹੁੰਦੀ ਹੈ, ਉਹ ਬੱਚੇ ਦੀ ਮਾਨਸਿਕਤਾ ਨੂੰ ਬਣਾਉਣ ਤੇ ਸਵਾਰਨ ਵਿੱਚ ਨੀਂਹ ਦਾ ਕੰਮ ਕਰਦੀ ਹੈ। ਭੂਤਾਂ ਚੁੜੇਲਾਂ ਤੇ ਹੋਰ ਗੈਬੀ ਸ਼ਕਤੀਆਂ ਨੇ ਮਨੁੱਖ ਦਾ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਡਰ, ਭੈਅ ਤੇ ਅਸਰੁੱਖਿਅਤਾ ਦੀ ਭਾਵਨਾ ਨੇ ਕੀਤਾ ਹੈ।

ਡਰ ਦੀ ਭਾਵਨਾ ਹਰ ਛੋਟੇ ਵੱਡੇ, ਬੱਚੇ, ਬੁੱਢੇ, ਜੁਆਨ, ਇਸਤਰੀ, ਪੁਰਸ਼ ‘ਤੇ ਆਪਣਾ ਵਾਰ ਕਰਦੀ ਹੈ। ਡਰ ਦਾ ਘੇਰਾ ਇੰਨਾ ਵਿਸ਼ਾਲ ਹੁੰਦਾ ਹੈ ਕਿ ਅਸੀ ਆਪਣੇ ਪਿਆਰ ਕਰਨ ਵਾਲਿਆਂ ਦਾ ਡਰ ਵੀ ਆਪਣੇ ਵਿੱਚ ਸ਼ਾਮਲ ਕਰ ਲੈਂਦੇ ਹਾਂ, ਡਰ ਦੀ ਭਾਵਨਾ ਕੇਵਲ ਵਿਅਕਤੀ ਤੱਕ ਹੀ ਸੀਮਤ ਨਹੀਂ ਰਹਿੰਦੀ, ਸਗੋਂ ਦੇਸ਼ਾਂ ਦੀਆਂ ਸਰਕਾਰਾਂ ਵੀ ਵੱਡੀਆਂ ਤਾਕਤਾਂ ਤੋਂ ਡਰਦੀਆਂ ਹਨ। ਕਰੋੜਾਂ ਅਰਬਾਂ ਰੁਪਏ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ ਨੂੰ ਦੂਸਰੇ ਦੇਸ਼ ਦੇ ਹਮਲੇ ਤੋਂ ਬਚਾਉਣ ਲਈ ਦੇਸ਼ ਦੀ ਰੱਖਿਆ ਲਈ ਫੌਜ ‘ਤੇ ਖ਼ਰਚ ਕਰਦੀਆਂ ਹਨ।

ਕਈ ਤਰ੍ਹਾਂ ਦੇ ਭਿਆਨਕ ਮਾਰੂ ਹਥਿਆਰ, ਲੜਾਕੇ ਹਵਾਈ ਜਹਾਜ਼, ਐਟਮੀ ਤੇ ਹਾਈਡਰੋਜਨ, ਬੰਬਾਂ ਨੂੰ ਬਣਾਉਣਾ ਦੇਸ਼ ਦੀ ਕਮਜ਼ੋਰੀ ਦੀ ਨਿਸ਼ਾਨੀ ਸਮਝਿਆ ਜਾਣ ਲੱਗ ਪਿਆ ਹੈ। ਡਰ ਦੀ ਭਾਵਨਾ ਮਨੁੱਖ ਨੂੰ ਪੈਸਾ ਇੱਕਠਾ ਕਰਨ ਲਈ ਉਤਸਾਹਿਤ ਕਰਦੀ ਹੈ ਤਾਂ ਜੋ ਸੰਕਟ ਸਮੇਂ ਉਹ ਆਪਣਾ ਗੁਜ਼ਾਰਾ ਕਰ ਸਕੇ। ਡਰ ਜਾਂ ਭੈਅ ਦੀ ਭਾਵਨਾ ਦੀ ਨੀਂਹ ਉੱਤੇ ਵੱਡੇ-ਵੱਡੇ ਬੈਂਕਾਂ ਦਾ ਕਾਰੋਬਾਰ ਚਲਦਾ ਹੈ, ਬੀਮਾ ਕੰਪਨੀਆਂ ਮਨੁੱਖ ਦੀ ਡਰ ਦੀ ਭਾਵਨਾ ਨੂੰ ਹੱਲਾਸ਼ੇਰੀ ਦੇ ਕੇ ਆਪਣਾ ਕਰੋੜਾਂ ਦਾ ਕਾਰੋਬਾਰ ਕਰਦੀਆਂ ਹਨ। ਆਕਾਸ਼ ਛੋਂਹਦੀਆਂ ਬੱਚਤ ਨਾਲ ਸੰਬੰਧਿਤ ਸਰਕਾਰੀ ਤੇ ਗੈਰ-ਸਰਕਾਰੀ ਇਮਾਰਤਾਂ ਤੇ ਇਨ੍ਹਾਂ ਵਿੱਚ ਕੰਮ ਕਰਦੇ ਹਜ਼ਾਰਾਂ ਲੱਖਾਂ ਲੋਕ ਆਪਣੀ ਰੋਜ਼ੀ ਇਸ ਲਈ ਕਮਾ ਰਹੇ ਹਨ ਕਿ ਬੱਚਤ ਕਰ ਸਕਣ।ਬੱਚਤ ਦੀ ਵਿਚਾਰਧਾਰਾ ਅਨੁਸਾਰ ਬੱਚਤ ਇਸ ਲਈ ਕੀਤੀ ਜਾਂਦੀ ਹੈ ਕਿ ਮਨੁੱਖ ਆਪਣੀ ਹੋਂਦ ਗੰਵਾ ਕੇ ਵੀ ਆਪਣੇ ਪਰਿਵਾਰ ਦੀ ਹੋਂਦ ਨੂੰ ਕਾਇਮ ਰੱਖ ਸਕੇ। ਸਮਾਜ ਵਿੱਚ ਇਵੇਂ ਜਾਪਦਾ ਹੈ ਹਰ ਕੋਈ ਅਸੁਰੱਖਿਆ ਦੀ ਡਗਮਗਾਉਂਦੀ ਬੇੜੀ ਤੇ ਸਵਾਰ ਹੋ ਕੇ ਡਰ ਦੀ ਹਨੇਰੀ ਗੁਫਾ ਵੱਲ ਵਧ ਰਿਹਾ ਹੈ ਤੇ ਉਸ ਨੂੰ ਚਾਨਣ ਦੀ ਕੋਈ ਲਕੀਰ ਦਿਖਾਈ ਨਹੀਂ ਦਿੰਦੀ।

ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਬਚਪਨ ਵਿੱਚ ਚੰਗਾ ਵਾਤਾਵਰਣ ਦਿੰਦੀਆਂ ਹਨ ਉਨ੍ਹਾਂ ਦੀ ਸੰਤਾਨ ਹਮੇਸ਼ ਸੁਤੰਤਰ ਸੋਚ ਰੱਖਦੀ ਹੈ ਤੇ ਡਰ ਦੇ ਤੁਫਾਨ ਵੀ ਉਨ੍ਹਾਂ ਨੂੰ ਰੁੜ੍ਹਾ ਕੇ ਨਹੀਂ ਲੈ ਜਾ ਸਕਦੇ। ਸ਼ਿਵਾ ਜੀ ਦੀ ਮਾਂ ਹਮੇਸ਼ਾ ਆਪਣੇ ਪੁੱਤਰ ਨੂੰ ਯੋਧਿਆਂ ਅਤੇ ਸੂਰਬੀਰਾਂ ਦੀਆਂ ਕਹਾਣੀਆਂ ਸੁਣਾਉਂਦੀ ਸੀ ਜਿਸ ਨਾਲ ਡਰ ਸ਼ਿਵਾ ਜੀ ਦੇ ਹਿੱਸੇ ਨਾ ਆਇਆ, ਇੱਥੋਂ ਤੱਕ ਕਿ ਜੁਆਨੀ ਵਿੱਚ ਅਫਜ਼ਲ ਖਾਂ ਜਦੋਂ ਇੱਕ ਰਾਜਨੀਤਕ ਮਿਲਣੀ ਵੇਲੇ ਸ਼ਿਵਾ ਜੀ ਨੂੰ ਮਾਰਨ ਲੱਗਦਾ ਹੈ ਤਾਂ ਸ਼ਿਵਾ ਜੀ ਪਹਿਲਾਂ ਹੀ ਫੁਰਤੀ ਨਾਲ ਵਾਰ ਕਰਕੇ ਉਸ ਨੂੰ ਪਾਰ ਬੁਲਾ ਦਿੰਦੇ ਹਨ। ਸ਼ਕੁੰਤਲਾ ਦਾ ਪੁੱਤਰ ਇੰਨਾ ਨਿਡਰ ਸੀ ਕਿ ਬਚਪਨ ਵਿੱਚ ਸ਼ੇਰਾਂ ਨਾਲ ਖੇਡਿਆ ਕਰਦਾ ਸੀ। ਨਿਪੋਲੀਅਨ ਦੇ ਬਚਪਨ ਦੇ ਜੀਵਨ ਵਿੱਚ ਆਉਂਦਾ ਹੈ ਕਿ ਨਿਪੋਲੀਅਨ ਆਪਣੀ ਮਾਂ ਨੂੰ ਸਵੈ-ਵਿਸ਼ਵਾਸ ਨਾਲ ਕਹਿੰਦਾ ਹੈ ਕਿ ਉਸ ਨੂੰ ਖਤਰੇ ਵਾਲੀ ਥਾ ‘ਤੇ ਖੜ੍ਹਨ ਲਈ ਮਨ੍ਹਾ ਨਾ ਕਰੇ ਕਿਉਂਕਿ ਉਸ ਨੂੰ ਖਤਰੇ ਵਿੱਚ ਆਪਣੀ ਜਾਨ ਦੀ ਹਿਫਾਜ਼ਤ ਕਰਨੀ ਆਉਂਦੀ ਹੈ।

ਮਨੁੱਖ ਦੀ ਜ਼ਿੰਦਗੀ ਵਿੱਚ ਉਸ ਨੂੰ ਭੈਅ ਤੇ ਡਰ ਦੀ ਭਾਵਨਾ ਦਾ ਸਾਹਮਣਾ ਹਰ ਪਲ ਕਰਨਾ ਪੈਂਦਾ ਹੈ। ਇੱਕ ਭੈਅ ਦੂਸਰੇ ਭੈਅ ਨੂੰ ਜਨਮ ਦਿੰਦਾ ਹੈ। ਇਸ ਤਰ੍ਹਾਂ ਭੈਅ ਇੱਕ ਦੂਸਰੇ ਭੈਅ ਨਾਲ ਸੰਗਲ ਦੀ ਕੜੀ ਦੀ ਤਰ੍ਹਾਂ ਜਕੜੇ ਹੋਏ ਹੁੰਦੇ ਹਨ। ਸਭ ਤੋਂ ਵੱਡਾ ਭੈਅ ਜੋ ਮਨੁੱਖ ਨੂੰ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਉਹ ਮਰਨ ਦਾ ਭੈਅ ਹੈ, ਇਸ ਭੈਅ ਤੋਂ ਬੱਚਾ, ਬੁੱਢਾ, ਜੁਆਨ ਹਰ ਕੋਈ ਡਰਦਾ ਹੈ। ਹਰ ਭੈਅ ਦੇ ਪਿਛੋਕੜ ਵਿੱਚ ਇਹ ਭੈਅ ਪਿੱਠ-ਭੂਮੀ ਵਜੋਂ ਕੰਮ ਕਰ ਰਿਹਾ ਹੁੰਦਾ ਹੈ। ਰੋਜ਼ੀ ਦਾ ਭੈਅ ਇੱਕ ਵੱਡਾ ਭੈਅ ਹੈ, ਰੋਜ਼ੀ ਰੋਟੀ ਖੁਸਣ ਤੇ ਮਨੁੱਖ ਨੂੰ ਦੂਰੀ ਵਿੱਚ ਮੌਤ ਦਿਸਦੀ ਹੈ। ਇਸਤਰੀਆਂ ਵਿੱਚ ਸੁੰਦਰਤਾ ਦੇ ਖੁੱਸਣ ਦੇ ਭੈਅ ਦੇ ਅੰਤਰਗਤ ਮੌਤ ਦਾ ਭੈਅ ਲੁਕਿਆ ਹੁੰਦਾ ਹੈ। ਇਸਤਰੀ ਨੂੰ ਆਪਣੀ ਸੁੰਦਰਤਾ ਜੀਵਨ ਵਿੱਚ ਸਭ ਤੋਂ ਵੱਧ ਪਿਆਰੀ ਹੁੰਦੀ ਹੈ। ਉਹ ਸੋਚਦੀਆਂ ਹਨ ਕਿ ਸੁੰਦਰ ਇਸਤਰੀ ਨੂੰ ਹੀ ਵਿਆਹ ਵੇਲੇ ਸੋਹਣਾ ਵਰ ਘਰ ਵੀ ਮਨ ਦੀ ਮਰਜ਼ੀ ਮੁਤਾਬਕ ਮਿਲਦਾ ਹੈ ਤੇ ਇਸ ਤਰ੍ਹਾਂ ਜੀਵਨ ਨਿਰਬਾਹ ਸੋਹਣਾ ਹੁੰਦਾ ਹੈ, ਇਸ ਤਰ੍ਹਾਂ ਕਰੂਪ ਇਸਤਰੀ ਨੂੰ ਜਾਂ ਸੁੰਦਰ ਇਸਤਰੀ ਨੂੰ ਸੁੰਦਰਤਾ ਦੇ ਖੋਹ ਜਾਣ ਨਾਲ ਆਪਣੀ ਮੌਤ ਨੇੜੇ ਆਉਂਦੀ ਦਿਸਦੀ ਹੈ। ਇਸ ਭੈਅ ਤੋਂ ਮੁਕਤ ਹੋਣ ਲਈ ਇਸਤਰੀਆਂ ਨੂੰ ਆਰਥਿਕ ਤੌਰ ‘ਤੇ ਆਪਣੇ ਪੈਰਾਂ ਤੇ ਖਲੋਣਾ ਪਵੇਗਾ, ਫਿਰ ਉਹ ਨਾ ਅਪਣਾਏ ਜਾਣ ਵਾਲੇ ਫਿਕਰ ਤੋਂ ਮੁਕਤ ਹੋ ਸਕਦੀਆਂ ਹਨ। ਜੇ ਇਸਤਰੀਆਂ ਨੂੰ ਸੁੰਦਰਤਾ ਖੁਸਣ ਦਾ ਭੈਅ ਉਨ੍ਹਾਂ ਨੂੰ ਸਭ ਤੋਂ ਵੱਧ ਤਨਾਵਗ੍ਰਸਤ ਬਣਾਉਂਦਾ ਹੈ ਤਾਂ ਪੁਰਸ਼ਾਂ ਵਿੱਚ ਨੌਕਰੀ ਨਾ ਪ੍ਰਾਪਤ ਕਰਨ ਦਾ ਡਰ ਹਮੇਸ਼ਾ ਪ੍ਰੇਸ਼ਾਨ ਕਰਦਾ ਹੈ। ਪੁਰਸ਼ ਨੂੰ ਮਹਿਸੂਸ ਹੁੰਦਾ ਹੈ ਕਿ ਚਾਹੇ ਉਹ ਯੂਸਫ ਵਰਗਾ ਸੋਹਣਾ ਮਨੁੱਖ ਵੀ ਕਿਉਂ ਨਾ ਹੋਵੇ ਉਸ ਵਿੱਚ ਧਨ ਕਮਾਉਣ ਦੀ ਕੁਸ਼ਲਤਾ ਨਹੀਂ ਹੈ ਤਾਂ ਉਸ ਦਾ ਬਾਂਕਾਪਣ, ਸਰੂ ਵਰਗਾ ਕੱਦ, ਚੌੜੀ ਛਾਤੀ ਕਿਸੇ ਕੰਮ ਦੀ ਨਹੀਂ ਜੇ ਉਹ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਪਾਲ ਨਹੀਂ ਸਕਦਾ ਤਾਂ ਉਸ ਦਾ ਜੀਵਨ ਵਿਅਰਥ ਹੈ। ਇਸ ਲਈ ਕਮਾਉ ਹੋਣਾ ਪੁਰਸ਼ ਲਈ ਸਭ ਤੋਂ ਵੱਡਾ ਗੁਣ ਹੁੰਦਾ ਹੈ, ਜੋ ਉਸ ਨੂੰ ਡਰ ਦੀ ਗੁਫਾ ਤੋਂ ਬਾਹਰ ਕੱਢਦਾ ਹੈ।

ਟਰਾਂਟੋ (ਕਨੇਡਾ) ਵਿਖੇ ‘ਵੀਮੇਂਸ ਕਲਜ ਹਸਪਤਾਲ’ ਦੀ ਡਾਕਟਰ ਮਰੀਅਨ ਹਿੱਲਾਰਡ ਨੇ ਹਰ ਉਮਰ ਦੀ ਤੇ ਹਰ ਪ੍ਰਕਾਰ ਦੀਆਂ ਇਸਤਰੀਆਂ ਦੇ ਡਰ ਬਾਰੇ ਲਿਖਿਆ ਹੈ। ਡਾ. ਹਿੱਲਰਡ ਨੇ ਇਸਤਰੀਆਂ ਵਿੱਚ ਚਾਰ ਪ੍ਰਕਾਰ ਦੇ ਭੈਅ ਦੂਸਰੇ ਦੱਸੇ ਹਨ, ਜਿਨ੍ਹਾਂ ਤੋਂ ਹਰ ਇਸਤਰੀ ਜੀਵਨ ਵਿੱਚ ਡਰਦੀ ਰਹਿੰਦੀ ਹੈ। ਉਹ ਹਨ : ਗਰਭ ਦਾ ਭੈਅ, ਮਾਸਿਕ ਧਰਮ ਦਾ ਭੈਅ, ਕੈਂਸਰ ਦਾ ਭੈਅ ਅਤੇ ਬੁਢਾਪੇ ਦਾ ਭੈਅ। ਡਾਕਟਰ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਇਸਤਰੀਆਂ, ਭਾਵੇਂ ਪ੍ਰਤੱਖ ਤੌਰ ‘ਤੇ ਇਹ ਨਾ ਮੰਨਣ ਪਰ ਉਨ੍ਹਾਂ ਦੇ ਅੰਤਰਗਤ ਇਹ ਭੈਅ ਸਮਾਏ ਹੁੰਦੇ ਹਨ ਤੇ ਉਹ ਆਪਣੇ ਵਿਵਹਾਰ ਵਿੱਚ ਜ਼ਾਹਿਰ ਕਰਦੀਆ ਰਹਿੰਦੀਆਂ ਹਨ। ਗੰਭੀਰ ਰੂਪ ਵਿੱਚ ਅਜਿਹਾ ਵਿਵਹਾਰ ਸਰੀਰਕ ਲੱਛਣਾਂ ਰਾਹੀਂ ਪ੍ਰਗਟ ਹੁੰਦਾ ਹੈ ,ਇਸ ਲਈ ਡਰ ਜਾਂ ਤੈਅ ਦੀ ਭਾਵਨਾ ਇੱਕ ਮਾਨਸਿਕ ਬੀਮਾਰੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਆਰੰਭ ਵਿੱਚ ਕੁੱਝ ਸਰੀਰਕ ਲੱਛਣ ਵੀ ਪ੍ਰਗਟ ਹੁੰਦੇ ਹਨ, ਜਿਵੇਂ ਦਿਲ ਦੀ ਧੜਕਣ, ਕਬਜ਼, ਬਦਹਜ਼ਮੀ , ਹਿਰਦੇ ਰੋਗ। ਭੈਅ ਭੀਤ ਵਿਅਕਤੀ ਦਾ ਵਿਵਹਾਰ ਸਾਧਾਰਣ ਵਿਵਹਾਰ ਨਹੀਂ ਕਿਹਾ ਜਾ ਸਕਦਾ।

ਭੈਅ ਅਤੇ ਡਰ ਦੀ ਭਾਵਨਾ ਨੂੰ ਪੁਰਸ਼ਾਂ ਨਾਲੋਂ ਵੱਧ ਵੱਡੀ ਉਮਰ ਦੀਆਂ ਇਸਤਰੀਆਂ ਅੱਗ ਵਿੱਚ ਘਿਓ ਪਾਉਣ ਵਾਂਗ ਤੇਜ਼ ਤੇ ਪ੍ਰਚੰਡ ਕਰਦੀਆਂ ਹਨ। ਉਹ ਹਮੇਸ਼ਾ ਆਪਣੀ ਤੋਂ ਛੋਟੀ ਇਸਤਰੀ ਨੂੰ ਸਹਿਜ ਢੰਗ ਨਾਲ ਵੱਖੋ-ਵੱਖਰੀਆਂ ਘਟਨਾਵਾਂ ਸੁਣਾ ਕੇ ਭੈਅ-ਭੀਤ ਕਰਦੀਆਂ ਰਹਿੰਦੀਆਂ ਹਨ। ਇਸ ਲਈ ਅੰਧ ਵਿਸ਼ਵਾਸ ਤੇ ਪੁਰਾਣੇ ਖਿਆਲਾਂ ਵਾਲੀਆਂ ਬਿਰਧ ਇਸਤਰੀਆਂ ਤੋਂ ਅਜਿਹਾ ਵਿਚਾਰ ਵਟਾਂਦਰਾ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਆਪਣੀ ਜੁਆਨੀ ਵਿੱਚ ਪਰਿਵਾਰ ਵਾਲਿਆਂ ਨੂੰ ਪ੍ਰੇਮ, ਸੁਰੱਖਿਆ, ਸੇਵਾ, ਹਮਦਰਦੀ ਦੀ ਪੂੰਜੀ ਖੁਲ੍ਹੀ ਖ਼ਰਚ ਕਰਨ ਨਾਲ ਇਹ ਬਹੁਮੁੱਲੀਆਂ ਵਸਤਾਂ ਵੱਡੀ ਉਮਰ ਵਿੱਚ ਸਾਨੂੰ ਦੁੱਗਣੀਆਂ ਹੋ ਕੇ ਮਿਲਦੀਆਂ ਹਨ।

ਡਰ ਦੀ ਗੁਫ਼ਾ ਵਿੱਚੋਂ ਬਾਹਰ ਨਿਕਲਣ ਲਈ ਅਤੇ ਚਾਨਣ ਦੀ ਕਿਰਨ ਪ੍ਰਾਪਤ ਕਰਨ ਲਈ ਸਾਨੂੰ ਖਿੜੀ ਹੋਈ ਪ੍ਰਾਕ੍ਰਿਤੀ ਵੱਲ ਨੀਝ ਨਾਲ ਦੇਖਣਾ ਚਾਹੀਦਾ ਹੈ। ਪ੍ਰਕ੍ਰਿਤੀ ਦੇ ਨਿਯਮ ਅਨੁਸਾਰ ਬੂਟਿਆਂ ਨਾਲ ਖਿੜੇ ਹੋਏ ਫੁੱਲਾਂ ਨੇ ਕਿਸੇ ਦਿਨ ਜ਼ਰੂਰ ਮੁਰਝਾ ਜਾਣਾ ਹੈ। ਜੇ ਅਸੀਂ ਬਚਪਨ ਤੋਂ ਜੁਆਨੀ ਦੀ ਅਵਸਥਾ ਵਿੱਚ ਪਹੁੰਚਣ ਲਈ ਉਮੰਗ ਨਾਲ ਉਡੀਕ ਕਰਦੇ ਹਾਂ, ਤਾਂ ਸਾਨੂੰ ਜੀਵਨ ਵਿੱਚ ਜੁਆਨੀ ਤੋਂ ਬਿਰਧ ਅਵਸਥਾ ਤੇ ਪਹੁੰਚਣ ਸਮੇਂ ਉਮੰਗ, ਚਾਅ ਅਤੇ ਹਸਰਤ ਨੂੰ ਦਿਲੋਂ ਨਹੀਂ ਛੱਡਣਾ ਚਾਹੀਦਾ। ਕਾਲੇ ਵਾਲਾਂ ਨੇ ਕਿਸੇ ਦਿਨ ਸਫੈਦੀ ਦੀ ਭਾਹ ਜ਼ਰੂਰ ਮਾਰਨੀ ਹੈ, ਸਾਡੇ ਸਰੀਰ ਨੇ ਬਿਰਧ ਹੋਣਾ ਹੈ, ਮਨ ਨੇ ਨਹੀਂ। ਮਨ ਦੀ ਜੁਆਨੀ ਤਾਂ ਸਾਰੀ ਉਮਰ ਚੜ੍ਹਦੀ ਕਲਾ ਵਿੱਚ ਰਹਿ ਕੇ ਰੱਖੀ ਜਾ ਸਕਦੀ ਹੈ, ਵਾਲਾਂ ਨੂੰ ਰੰਗਾਂ ਨਾਲ ਕਾਲੇ ਕਰਕੇ ਅਸੀਂ ਬਨਾਉਟੀ ਫੁੱਲਾਂ ਤੋਂ ਖੁਸ਼ਬੂ ਪ੍ਰਾਪਤ ਕਰਨ ਦੀ ਆਸ ਰੱਖਦੇ ਹਾਂ, ਇਸ ਲਈ ਬੁਢਾਪੇ ਤੋਂ ਖ਼ੌਫ਼ ਖਾਣ ਦੀ ਕੋਈ ਲੋੜ ਨਹੀਂ ਹੁੰਦੀ, ਕੇਵਲ ਇਹ ਹੀ ਇਕ ਅਜਿਹੀ ਅਵਸਥਾ ਹੁੰਦੀ ਹੈ, ਜਿਸ ਨਾਲ ਸਾਨੂੰ ਮੂਲ ਨਾਲ ਵਿਆਜ ਵੀ ਪ੍ਰਾਪਤ ਹੁੰਦਾ ਹੈ। ਦੁਨਿਆਵੀ ਜੀਵਨ ਵਿੱਚ ਧੀਆਂ, ਪੁੱਤਾਂ ਦੀ ਅੱਗੋਂ ਸੰਤਾਨ ਤੁਹਾਡੀ ਸੰਸਾਰਕ ਖੁਸ਼ੀਆਂ ਨੂੰ ਦੁੱਗਣਾ ਕਰਦੀ ਹੈ। ਸੰਸਾਰਕ ਖੁਸ਼ੀਆਂ ਪ੍ਰਾਪਤ ਕਰਨ ਲਈ ਕੋਈ ਧਰਮ ਮਨ੍ਹਾਂ ਨਹੀਂ ਕਰਦਾ। ਇਹ ਗੱਲ ਸੋਚਣੀ ਹੀ ਫਜੂਲ ਹੈ ਕਿ ਬੁਢਾਪੇ ਵਿੱਚ ਬੱਚਿਆਂ ਨੇ ਪ੍ਰਵਾਹ ਨਹੀਂ ਕਰਨੀ, ‘ਅਸੀਂ ਪਰਿਵਾਰ ਤੇ ਭਾਰ ਹੋ ਜਾਵਾਂਗੇ’ ਇਹ ਵਿਕਾਰ ਮਨ ਵਿੱਚ ਪਾਲਣੇ ਠੀਕ ਨਹੀਂ। ਬਜ਼ੁਰਗ ਮੌਤ ਤੋਂ ਵੱਧ ਜੀਵਨ ਤੋਂ ਡਰਦੇ ਹਨ, ਬੁਢਾਪੇ ਪ੍ਰਤੀ ਨਕਾਰਾਤਮਿਕ ਪ੍ਰਵਿਰਤੀ ਨਾ ਪੈਦਾ ਹੋਣ ਦਿਓ, ਇਹ ਸੋਚੋ ਕਿ ਤੁਹਾਡਾ ਅਨੁਭਵ, ਨਿਰਣੈ ਸ਼ਕਤੀ ਅਤੇ ਪਰਿਪੱਕਤਾ ਬੱਚਿਆਂ ਨੂੰ ਕਿੰਨੀ ਕੰਮ ਆ ਸਕਦੀ ਹੈ। ਨਰਕ ਦੇ ਡਰਾਵੇ ਤੇ ਸਵਰਗ ਦੇ ਲਾਰੇ ਹੁਣ ਇਸ ਵੀਹਵੀਂ ਸਦੀ ਦੇ ਅੰਤ ਤੇ ਆ ਕੇ ਸਭ ਝੂਠੇ ਸਾਬਤ ਹੋ ਚੁੱਕੇ ਹਨ, ਨਾ ਹੀ ਅੱਗਾ ਸੰਵਾਰਨ ਦਾ ਡਰ ਮਨੁੱਖ ਨੂੰ ਭੈਅ-ਭੀਤ ਕਰ ਸਕਦਾ ਹੈ, ਧਰਮਾਂ ਨੂੰ ਜੀਣ ਲਈ ਸੁਹਣਾ ਬਣਾਉਣ ਲਈ ਅਪਣਾਉਣਾ ਚਾਹੀਦਾ ਹੈ, ਭੇਖੀ ਸਾਧਾਂ ਦੇ ਡਰਾਵੇ ਧਰਮ ਵਿੱਚ ਨਹੀਂ ਲਿਖੇ ਹੁੰਦੇ ਇਹ ਲੋਕ ਆਪਣੀਆਂ ਰੋਟੀਆਂ ਕਾਰਨ ਹੀ ਸਾਰੇ ਤਾਲ ਪੂਰੇ ਕਰਦੇ ਹਨ। ਕੰਮ ਕਾਜੀ ਇਸਤਰੀਆਂ ਨੂੰ ਨੌਕਰੀ ਖ਼ਤਮ ਹੋਣ ਦਾ ਜਾਂ ਖੁਸਣ ਦਾ ਭੈਅ ਰਹਿੰਦਾ ਹੈ, ਉਹ ਆਪਣੇ ਪਤੀ ਨਾਲੋਂ ਆਪਣੇ ਅਫ਼ਸਰ ਤੋਂ ਜ਼ਿਆਦਾ ਡਰਦੀਆਂ ਹਨ, ਇਹ ਡਰ ਅਤੇ ਅਸੁਰੱਖਿਆ ਦੀ ਭਾਵਨਾ ਹੀ ਹੈ ਕਿ ਅਕਸਰ ਦੇਖਿਆ ਗਿਆ ਹੈ ਕਿ ਕੰਮ ਕਾਜੀ ਇਸਤਰੀਆਂ ਨੌਕਰੀ ਨੂੰ ਪਤੀ ਨਾਲੋਂ ਜ਼ਿਆਦਾ ਮਹੱਤਵ ਦਿੰਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿ ਉਨ੍ਹਾਂ ਨੂੰ ਨਾ ਆਪਣੇ ਪਤੀ ਤੇ ਵਿਸ਼ਵਾਸ ਹੁੰਦਾ ਹੈ ਤੇ ਨਾ ਆਪਣੇ ਆਪ ‘ਤੇ। ਜਿੱਥੇ ਦੋਹਾਂ ਧਿਰਾਂ ਵਿੱਚ ਪੂਰੇ ਵਿਸ਼ਵਾਸ ਦੀ ਭਾਵਨਾ ਹੁੰਦੀ ਹੈ, ਉੱਥੇ ਕੰਮ ਕਾਜੀ ਇਸਤਰੀਆਂ ਕਦੇ ਭੈਅ-ਭੀਤ ਨਹੀਂ ਹੁੰਦੀਆਂ।

ਜਿਸ ਨੂੰ ਭੈਅ ਰਹਿੰਦਾ ਹੈ, ਇੱਕਲਤਾ ਉਸ ਲਈ ਬੁਰੀ ਹੁੰਦੀ ਹੈ, ਇੱਕਲਾ ਤਾਂ ਰੁੱਖ ਵੀ ਚੰਗਾ ਨਹੀਂ ਲੱਗਦਾ। ਉਨ੍ਹਾਂ ਲੋਕਾਂ ਵਿੱਚ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨਾਲ ਪ੍ਰੇਮ ਅਤੇ ਸੁਰੱਖਿਆ ਮਿਲੇ, ਬਹੁਤੇ ਭੈਅ ਤਾਂ ਨਿਰਅਧਾਰ ਤੇ ਅਕਾਰਨ ਹੀ ਹੁੰਦੇ ਹਨ। ਭੈਅ ਦੀ ਗੱਲ ਸੋਚੋ ਹੀ ਨਾ, ਆਪਣੇ ਆਪ ਵਿੱਚ ਵਿਸ਼ਵਾਸ ਪੈਦਾ ਕਰੋ, ਵਿਸ਼ਵਾਸ ਨਾਲ ਜੀਵਨ ਵਿੱਚ ਸ਼ਕਤੀ ਮਿਲਦੀ ਹੈ। ਜੀਵਨ ਵਿੱਚ ਭੈਅ ਉਦੋਂ ਤੀਬਰ ਹੁੰਦੇ ਹਨ ਜਦੋਂ ਤੁਸੀਂ ਸੰਕਟ ਸਮੇਂ ਲਾਪ੍ਰਵਾਹੀ ਵਾਲਾ ਵਤੀਰਾ ਧਾਰਨ ਕਰ ਲਓ।