ਲੇਖ : ਦਿਖਾਵਾ
ਦਿਖਾਵਾ
ਅੱਜ ਦਾ ਮਨੁੱਖ ਦਿਖਾਵੇ ਦੀਆਂ ਲਹਿਰਾਂ ‘ਤੇ ਤੁਰ ਕੇ ਜੀਵਨ ਦੇ ਅਸਗਾਹ ਸਾਗਰ ਨੂੰ ਤਰਨਾ ਚਾਹੁੰਦਾ ਹੈ। ਹੁਣ ਮਨੁੱਖ ਜੋ ਹੈ ਤੇ ਜੋ ਨਜ਼ਰ ਆਉਂਦਾ ਹੈ, ਉਸ ਵਿੱਚ ਡੂੰਘਾ ਅੰਤਰ ਪੈਦਾ ਹੋ ਗਿਆ ਹੈ। ਦਿਖਾਵੇ ਦੀ ਪ੍ਰਵਿਰਤੀ ਕਾਰਨ ਮਨੁੱਖ ਸ਼ੋਹਰਤ ਦੀ ਉੱਚੀ ਦੰਦੀ ‘ਤੇ ਟਿਕਿਆ ਰਹਿਣਾ ਚਾਹੁੰਦਾ ਹੈ, ਪ੍ਰੰਤੂ ਜਦੋਂ ਕਿਸੇ ਕਾਰਨ ਦਿਖਾਵੇ ਨਾਲ ਬਣੀ ਉਸ ਦੀ ਸ਼ਖਸੀਅਤ ਦੇ ਆਲੇ ਦੁਆਲੇ ਤੋਂ ਧੁੰਦ ਸਾਫ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਨਮੋਸ਼ੀ (अपमान) ਦੀ ਡੂੰਘੀ ਖਾਈ ਵਿੱਚ ਡਿਗਿਆ ਵੇਖਦਾ ਹੈ। ਦਿਖਾਵੇ ਦੇ ਡੰਗ ਨੇ ਹਰ ਛੋਟੇ ਵੱਡੇ ਇਸਤਰੀ ਪੁਰਸ ਨੂੰ ਡੱਸ ਲਿਆ ਹੈ ਤੇ ਇਸ ਦਾ ਜ਼ਹਿਰ ਸਾਡੇ ਸਮਾਜਿਕ ਜੀਵਨ ਵਿੱਚ ਇੱਕ ਘਿਨਾਉਣੇ ਕੈਂਸਰ ਦੇ ਰੂਪ ਵਿੱਚ ਫੈਲ ਚੁੱਕਾ ਹੈ। ਸਾਡੇ ਸਮਾਜਿਕ ਜੀਵਨ ਦੀ ਹਰ ਰਸਮ ‘ਤੇ ਦਿਖਾਵੇ ਦੀ ਛਾਪ ਉਕਰੀ ਹੋਈ ਹੁੰਦੀ ਹੈ। ਅਸੀਂ ਆਪਣੇ ਬੇਢਬੇ ਨੱਕ ਨੂੰ ਨੁਕੀਲਾ ਤੇ ਸੁਹਣਾ ਬਣਾਉਣ ਲਈ ਵਿਆਹ ਸ਼ਾਦੀਆਂ ਤੇ ਹਜ਼ਾਰਾਂ ਲੱਖਾਂ ਦੀ ਰੋਸ਼ਨੀ ਬਾਲ ਕੇ ਲੋਕਾਂ ਦੀਆਂ ਅੱਖਾਂ ਚੁੰਧਿਆ ਦਿੰਦੇ ਹਾਂ। ਲੜਕੇ ਦੇ ਜਨਮ ਦਿਨ ਉੱਤੇ ਸ਼ਹਿਰ ਦੀ ਸਭ ਤੋਂ ਸੁਹਣੀ ਦੁਕਾਨ ਦੇ ਕੇਕ ਦੀ ਮੋਹਰ ਉਸ ਉੱਤੇ ਹੋਣੀ ਜ਼ਰੂਰੀ ਹੁੰਦੀ ਹੈ। ਮਕਾਨ ਤੇ ਦੁਕਾਨ ਦਾ ਮਹੂਰਤ ਕਰਨ ਵੇਲੇ ਧਾਰਮਿਕ ਗ੍ਰੰਥਾਂ ਵਿੱਚੋਂ ਕੋਈ ਸ਼ਬਦ ਭਾਵੇਂ ਸਾਡੇ ਕੰਨਾਂ ਵਿੱਚ ਨਾ ਪਵੇ ਪਰ ਆਲੇ ਦੁਆਲੇ ਵਿੱਚ ‘ਉਏ ਉਏ’ ਦੀਆਂ ਆਵਾਜ਼ਾਂ ਨਾਲ ਸ਼ੇਰ ਦਾ ਪ੍ਰਦੂਸ਼ਨ ਜ਼ਰੂਰ ਫੈਲਣਾ ਚਾਹੀਦਾ ਹੈ।
ਦਿਖਾਵੇ ਦੇ ਹਾਰ ਸ਼ਿੰਗਾਰ ਤੇ ਸੁੰਦਰ ਬਣਾਉਣ ਵਾਲੀਆਂ ਦੇਵੀਆਂ ਦੀ ਸਹਾਇਤਾ ਨਾਲ ਇਕ ਇਸਤਰੀ ਵਿੱਚ ਦਿਨ ਵਿੱਚ ਕਈ ਤਰ੍ਹਾਂ ਉਮਰ ਦੇ ਪੱਖ ਤੋਂ ਉਤਰਾ ਚੜ੍ਹਾ ਦਿਸਣੇ ਹੁਣ ਜ਼ਰੂਰੀ ਹੋ ਗਏ ਹਨ। ਜੇ ਸਵੇਰ ਵੇਲੇ ਘਰ ਗ੍ਰਹਿਸਥੀ ਦੇ ਫਰਜ਼ ਨਿਭਾਉਂਦਿਆਂ ਉਹ ਪੰਜਾਹਾਂ ਤੋਂ ਉੱਪਰ ਦੀ ਹੈ ਤਾਂ ਦਫ਼ਤਰ, ਸਕੂਲ, ਕਾਲਜ ਜਾਂ ਹੋਰ ਰੁਜ਼ਗਾਰ ਲਈ ਜਾਂਦਿਆਂ ਉਸ ਨੂੰ ਜੁਆਨੀ ਦੀ ਲਛਮਣ ਰੇਖਾ ਦੇ ਅੰਦਰ ਹੀ ਰਹਿਣਾ ਵਧੇਰੇ ਸੁਹਣਾ ਅਤੇ ਖਿੱਚਪੂਰਨ ਲੱਗਦਾ ਹੈ। ਬਣਾਉਟੀ ਖੁਸ਼ਬੋਈਆ ਤੇ ਰੰਗਾਂ ਨਾਲ ਬਣੀਆਂ ਉਸ ਦੀਆਂ ਲੰਮੀਆਂ ਅਤੇ ਕਾਲੀਆਂ ਜ਼ੁਲਫਾਂ ਕਾਲੇ ਨਾਗਾਂ ਦੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਕੋਈ ਵੀ ਪੁਰਸ਼ ਡੱਸਿਆ ਜਾ ਸਕਦਾ ਹੈ। ਉਹ ਦਿਖਾਵੇ ਦੀ ਫਿਲਮੀ ਮੁਸਕਰਾਹਟ ਨਾਲ ਜਦੋਂ ਚਾਹੇ ਪੁਰਸ਼ ਦੇ ਇਮਾਨ ਨੂੰ ਡੁਲਾ ਸਕਦੀ ਹੈ। ਆਧੁਨਿਕ ਇਸਤਰੀ ਦੀ ਦਫਤਰ, ਬਾਜ਼ਾਰ, ਕਾਲਜ, ਵਿਸ਼ਵ ਵਿਦਿਆਲਾ ਵਿੱਚ ਤੋਰ, ਬੋਲ-ਚਾਲ ਦਾ ਲਹਿਜਾ ਦਿਖਾਵੇ ਦੇ ਭੋਛਣਾਂ ਨਾਲ ਸ਼ਿੰਗਾਰਿਆ ਹੁੰਦਾ ਹੈ ਤੇ ਜਦੋਂ ਉਹ ਘਰ ਦੀ ਚਾਰ ਦਿਵਾਰੀ ਵਿੱਚ ਹੁੰਦੀ ਹੈ, ਇਹ ਪਛਾਣ ਕਰਨੀ ਵੀ ਮੁਸ਼ਕਲ ਹੁੰਦੀ ਹੈ ਕਿ ਜਿਹੜੀ ਇਸਤਰੀ ਅਸੀਂ ਬਾਹਰ ਦੇਖੀ ਹੈ, ਉਹ ਉਹੀ ਹੈ।
ਦਿਖਾਵੇ ਅਤੇ ਆਪਣੇ ਸਰੀਰ ਨੂੰ ਸੰਵਾਰਨ ਸ਼ਿੰਗਾਰਨ ਵਿੱਚ ਅੰਤਰ ਹੁੰਦਾ ਹੈ, ਜਦੋਂ ਅਸੀਂ ਆਪਣੀ ਅਸਲੀਅਤ ਨੂੰ ਛੁਪਾ ਕੇ ਬਣਾਉਟੀ ਸਾਧਨਾਂ ਦੀ ਵਰਤੋਂ ਕਰਦੇ ਹਾਂ ਇਹ ਇਕ ਭਰਮ ਪਾਲਣ ਵਾਲੀ ਤੇ ਦਿਖਾਵੇ ਦੀਆਂ ਲਹਿਰਾਂ ‘ਤੇ ਤੁਰਨ ਵਾਲੀ ਗੱਲ ਬਣ ਜਾਂਦੀ ਹੈ। ਕਈ ਵਾਰੀ ਬਣਾਉਟੀ ਸਾਧਨਾਂ ਦੀ ਵਰਤੋਂ ਨਾਲ ਸਰੀਰਕ ਤੌਰ ‘ਤੇ ਨੁਕਸਾਨ ਵੀ ਹੋ ਜਾਂਦਾ ਹੈ, ਜਦੋਂ ਕਿ ਇਨ੍ਹਾਂ ਸੰਗਾਰਨ ਵਾਲੀਆਂ ਵਸਤਾਂ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਵਰਤੇ ਗਏ ਹੁੰਦੇ ਹਨ, ਪਰ ਅਜੋਕੇ ਇਸਤਰੀ ਪੁਰਸ਼ ਇਸ ਦੀ ਪ੍ਰਵਾਹ ਨਹੀਂ ਕਰਦੇ, ਉਨ੍ਹਾਂ ਨੂੰ ਤਾਂ ਦੂਸਰਿਆਂ ਦੀ ਨਜ਼ਰ ਵਿੱਚ ਸੁਹਣਾ ਤੇ ਜੁਆਨ ਲਗਣਾ ਜ਼ਰੂਰੀ ਹੋ ਜਾਂਦਾ ਹੈ।
ਆਪਣੇ ਆਪ ਨੂੰ ਬਨਾਉਟੀ ਸਾਧਨਾਂ ਨਾਲ ਸ਼ੰਗਾਰਨ ਦੀ ਰੁਚੀ, ਆਧੁਨਿਕ ਸਮੇਂ ਵਿੱਚ ਹੀ ਨਹੀਂ, ਸਗੋਂ ਪੁਰਾਤਨ ਸਮਿਆਂ ਤੋਂ ਹੀ ਇਹ ਪ੍ਰਵਿਰਤੀ ਇਸਤਰੀ ਤੇ ਪੁਰਸ਼ ਦੋਹਾਂ ਵਿੱਚ ਪ੍ਰਚਲਤ ਰਹੀ ਹੈ। ਅਮੀਰ ਅਤੇ ਗਰੀਬ ਆਪਣੇ ਆਪ ਨੂੰ ਬਾਹਰੀ ਸਾਧਨਾਂ ਨਾਲ ਸੰਵਾਰਨਾ ਚਾਹੁੰਦੇ ਰਹੇ ਹਨ। ਪ੍ਰਚੀਨ ਕਾਲ ਵਿੱਚ ਜਦੋਂ ਸੱਭਿਅਤਾ ਦਾ ਵਿਕਾਸ ਵੀ ਅਜੇ ਨਹੀਂ ਹੋਇਆ ਸੀ, ਮਨੁੱਖ ਅੰਦਰ ਬਣਨ ਸੰਵਰਨ ਦੀ ਇੱਛਾ ਪੈਦਾ ਹੋਈ, ਹੁਣ ਇਸ ਇੱਛਾ ਵਿੱਚ ਬੇਅੰਤ ਵਾਧਾ ਹੁੰਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਆਦਿਵਾਸੀ ਲੋਕ ਵੀ ਆਪਣੇ ਆਪ ਨੂੰ ਅਤੇ ਘਰ ਨੂੰ ਆਪਣੇ ਸਰੀਰ ਤੇ ਦੀਵਾਰਾਂ ਤੇ ਅਨੇਕ ਪ੍ਰਕਾਰ ਨਾਲ ਸ਼ਕਲਾਂ ਬਣਾਉਣ ਦੇ ਆਦੀ ਰਹੇ ਹਨ। ਇਨ੍ਹਾਂ ਗੱਲਾਂ ਕਰਕੇ ਉਨ੍ਹਾਂ ਵਿੱਚ ਕਲਾਤਮਿਕ ਰੁਚੀਆਂ ਦਾ ਗਿਆਨ ਵੀ ਹੁੰਦਾ ਹੈ। ਉਹ ਆਪਣੇ ਸਰੀਰ ਨੂੰ ਸੁੰਦਰ ਦਿਖਾਉਣ ਲਈ ਮਿੱਟੀ ਜਾਂ ਹੋਰ ਰੰਗਾਂ ਨਾਲ ਰੰਗਣ ਦੇ ਨਾਲ ਅਨੇਕ ਤਰ੍ਹਾਂ ਦੇ ਫੁੱਲਾਂ, ਪੱਤਿਆਂ ਨਾਲ ਸਜਾਉਂਦੇ ਰਹੇ ਹਨ, ਇਸ ਕਾਰਜ ਵਿੱਚ ਇਸਤਰੀ ਪੁਰਸ਼ ਦੋਵੇਂ ਸ਼ਾਮਲ ਰਹੇ ਹਨ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਜਿਉਂ-ਜਿਉਂ ਮਨੁੱਖ ਦਾ ਬੌਧਿਕ ਵਿਕਾਸ ਹੁੰਦਾ ਗਿਆ, ਉਹ ਸੱਭਿਅਕ ਬਣਦਾ ਗਿਆ ਤਿਉਂ-ਤਿਉਂ ਉਸ ਵਿੱਚ ਦਿਖਾਵੇ ਦੇ ਪ੍ਰਤੀ ਰੁਝਾਨ ਵੀ ਵੱਧਦਾ ਗਿਆ, ਉਹ ਆਪਣੇ ਆਪ ਨੂੰ ਸੰਵਾਰਨ ਦੇ ਲਈ ਤੇ ਸੁੰਦਰ ਦਿਖਣ ਲਈ, ਕਈ ਨਵੀਆਂ ਵਸਤੂਆਂ ਦੀ ਖੋਜ ਵੀ ਕਰਦਾ ਚਲਾ ਗਿਆ।
ਇਸਤਰੀਆਂ ਵਿੱਚ ਪੁਰਸ਼ਾਂ ਨਾਲੋਂ ਬਣਨ ਸੰਵਰਨ ਦੀ ਰੁਚੀ ਪੁਰਾਤਨ ਸਮੇਂ ਤੋਂ ਹੀ ਹਮੇਸ਼ਾ ਜ਼ਿਆਦਾ ਰਹੀ ਹੈ। ਉਹ ਆਪਣੇ ਆਪ ਨੂੰ ਸਜਾਣ ਸੰਵਾਰਨ ਲਈ ਅਤੇ ਸੁੰਦਰ ਦਿਸਣ ਲਈ ਜ਼ਿਆਦਾ ਵਿਆਕੁਲ ਤੇ ਪ੍ਰਯਤਨਸ਼ੀਲ ਰਹੀਆਂ ਹਨ, ਇਸ ਤਰ੍ਹਾਂ ਸੁਭਾਵਿਕ ਹੈ ਕਿ ਇਸ ਦਿਖਾਵੇ ਦੀ ਪ੍ਰਵਿਰਤੀ ਦਾ ਪ੍ਰਮੁੱਖ ਸ਼ਿਕਾਰ ਵੀ ਇਸਤਰੀਆਂ ਹੀ ਹੁੰਦੀਆਂ ਹਨ। ਇਸਤਰੀਆਂ ਦੀ ਕੋਮਲ ਸਰੀਰਕ ਰਚਨਾ ਤੇ ਪੁਰਸ਼ਾਂ ਨਾਲੋਂ ਵੱਖ ਖਾਸ ਕਿਸਮ ਦੇ ਹਾਰਮੋਨਜ਼ ਹੋਣ ਕਾਰਨ, ਉਹ ਇਸ ਪ੍ਰਵਿਰਤੀ ਪ੍ਰਤੀ ਆਕ੍ਰਿਸ਼ਤ ਹੋ ਜਾਂਦੀਆਂ ਹਨ ਤੇ ਘਰ ਵਿੱਚ ਰਹਿਣ ਵਾਲੀਆਂ ਇਸਤਰੀਆਂ ਨੂੰ ਤਾਂ ਇਸ ਪਾਸੇ ਧਿਆਨ ਲਾਉਣ ਲਈ ਕਾਫੀ ਸਮਾਂ ਮਿਲ ਜਾਂਦਾ ਹੈ। ਹਰ ਇੱਕ ਇਸਤਰੀ ਹਾਰ ਸ਼ਿੰਗਾਰ ‘ਤੇ ਉਨਾ ਖ਼ਰਚ ਨਹੀਂ ਕਰ ਸਕਦੀ ਜਿੰਨਾ ਕਿ ਉੱਚੇ ਔਹੁਦਿਆਂ ‘ਤੇ ਬੈਠੀਆਂ ਜਾਂ ਰਾਜ ਘਰਾਣਿਆਂ ਨਾਲ ਸੰਬੰਧਿਤ ਇਸਤਰੀਆਂ ਕਰ ਸਕਦੀਆਂ ਹਨ। ਇੰਗਲੈਂਡ ਦੀ ਮਹਾਰਾਣੀ ਇਲਜ਼ਾਬੈਥ ਜਿੱਥੇ ਕਿਤੇ ਵੀ ਜਾਂਦੀ ਸੀ, ਆਪਣੇ ਦਰਜੀ ਨੂੰ ਨਾਲ ਲੈ ਕੇ ਜਾਂਦੀ ਸੀ ਤਾਂ ਕਿ ਉਹ ਉਸ ਦੇਸ ਜਾਂ ਪ੍ਰਦੇਸ ਦੇ ਰੀਤੀ ਰਿਵਾਜਾਂ ਅਨੁਸਾਰ ਰਾਣੀ ਦੇ ਕੱਪੜਿਆਂ ਨੂੰ ਬਣਾ ਸਕੇ, ਤਾਂ ਜੋ ਉਹ ਹੋਰ ਇਸਤਰੀਆਂ ਸਾਹਮਣੇ ਵਧੇਰੇ ਸੁਹਣੀ ਲੱਗੇ। ਇਹ ਗੱਲ ਤਾਂ ਰਾਣੀ ਦੀ ਸ਼ਾਨ ਲਈ ਢੁਕਵੀਂ ਭਾਵੇਂ ਕਹੀ ਜਾ ਸਕਦੀ ਹੈ, ਪਰ ਕੀ ਹਰ ਇਸਤਰੀ ਅਜਿਹੇ ਦਿਖਾਵੇ ਕਰ ਸਕਦੀ ਹੈ। ਮਹਾਰਾਣੀ ਦਾ ਇਹ ਸਨਕ ਹੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਪੁਸ਼ਾਕ ਉਹ ਪਹਿਨ ਲੈਂਦੀ ਸੀ, ਦੁਬਾਰਾ ਉਸ ਨੂੰ ਪਹਿਨਦੀ ਨਹੀਂ ਸੀ।
ਦਿਖਾਵੇ ਦੀ ਰੁਚੀ ਸਮਾਜ ਵਿੱਚ ਕਈ ਢੰਗਾਂ ਨਾਲ ਦ੍ਰਿਸ਼ਟੀਗੋਚਰ ਹੁੰਦੀ ਹੈ, ਅਸੀਂ ਸਾਰੇ ਵੱਡੇ ਲੋਕਾਂ ਨਾਲ ਰਿਸ਼ਤਾ ਜੋੜ ਕੇ ਖ਼ੁਸ਼ ਹੁੰਦੇ ਹਾਂ। ਸਾਡਾ ਦੂਰ ਦਾ ਰਿਸ਼ਤੇਦਾਰ ਕਿਸੇ ਉੱਚੇ ਅਹੁਦੇ ‘ਤੇ ਲੱਗਾ ਹੋਵੇ, ਉਸ ਨੂੰ ਸਭ ਤੋਂ ਨੇੜੇ ਦਾ ਕਹਿੰਦੇ ਹਾਂ ਤੇ ਗਰੀਬ ਰਿਸ਼ਤੇਦਾਰ ਜੋ ਨੇੜੇ ਦਾ ਵੀ ਹੋਵੇ, ਉਸ ਨੂੰ ਅਸੀਂ ਦੂਰ ਦਾ ਕਹਿੰਦੇ ਹਾਂ। ਗਰੀਬ ਰਿਸ਼ਤੇਦਾਰ ਲਈ ‘ਉਹ ਤਾਂ ਕੇਵਲ ਸਾਨੂੰ ਜਾਣਦਾ ਹੀ ਹੈ’ ਦੇ ਸ਼ਬਦ ਬੋਲੇ ਜਾਂਦੇ ਹਨ। ਇਹ ਪ੍ਰਵਿਰਤੀ ਹਰ ਵਰਗ ਦੇ ਲੋਕਾਂ ‘ਤੇ ਢੁੱਕਦੀ ਹੈ। ਦਿਖਾਵੇ ਦੀ ਰੁਚੀ ਕਾਰਨ ਲੋਕ ਵਿਆਹ ਸ਼ਾਦੀਆਂ ਦੇ ਕਾਰਡਾਂ ਉੱਤੇ ਉੱਚੇ ਔਹਦਿਆਂ ਵਾਲੇ ਜਾ ਅਮੀਰ ਰਿਸ਼ਤੇਦਾਰਾਂ ਦੇ ਨਾਂ ਲਿਖਾਉਂਦੇ ਹਨ ਤੇ ਆਪਣੀ ਗੂੜੀ ਨਿਕਟਤਾ ਉਨ੍ਹਾਂ ਨਾਲ ਦਰਸਾਉਂਦੇ ਹਨ। ਦਰਅਸਲ ਸਮਾਜ ਵਿੱਚ ਸ਼੍ਰੇਣੀਆਂ ਹੀ ਦੋ ਰਹੀਆਂ ਹਨ, ਭਾਗੋਆਂ ਤੇ ਲਾਲੋਆਂ ਦੀਆਂ ਤੇ ਇਨ੍ਹਾਂ ਦੋਹਾਂ ਦਾ ਆਪਸ ਵਿੱਚ ਕਦੇ ਵੀ ਰਿਸ਼ਤਾ ਸੁਖਾਵਾਂ ਨਹੀਂ ਰਿਹਾ। ਭਾਗੋਆਂ ਨੇ ਲਾਲੋਆਂ ਨੂੰ ਕਦੇ ਵੀ ਗਲ ਨਾਲ ਨਹੀਂ ਲਾਇਆ। ਇਸ ਸ਼੍ਰੇਣੀ ਨੇ ਹਰ ਕੀਮਤ ‘ਤੇ ਆਪਣੀ ਸ਼੍ਰੇਣੀ ਦੇ ਹਿੱਤ ਹੀ ਪਾਲੇ ਹਨ ਤੇ ਸਮਾਜ ਦੇ ਬਣੇ ਨਿਯਮਾਂ, ਮਾਨ ਮਰਿਯਾਦਾ ਦੀ ਪ੍ਰਵਾਹ ਵੀ ਨਹੀਂ ਕੀਤੀ। ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਦੇ ਪ੍ਰਧਾਨ ਕੈਨੇਡੀ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਨੇ ਅਮਰੀਕਾ ਦੇ ਹੀ ਢਲਦੀ ਉਮਰ ਦੇ ਸਭ ਤੋਂ ਅਮੀਰ ਪੁਰਸ਼ ਨਾਲ ਸ਼ਾਦੀ ਕਰ ਲਈ। ਅਜਿਹਾ ਕਰਕੇ ਉਸ ਨੇ ਆਪਣੇ ਆਪ ਨੂੰ ਸਭ ਤੋਂ ਅਮੀਰ ਆਦਮੀ ਨਾਲ ਜੋੜ ਲਿਆ ਤੇ ਕੈਨੇਡੀ ਪਰਿਵਾਰ ਦੀ ਮਾਣ ਮਰਿਆਦਾ ਨੂੰ ਮਿੱਟੀ ਵਿੱਚ ਰੋਲ ਦਿੱਤਾ। ਸ਼ਾਨੋ-ਸ਼ੋਕਤ, ਦਿਖਾਵਾ ਤੇ ਦੌਲਤ ਦੀ ਛਣਕਾਰ ਨੇ ਉਸ ਨੂੰ ਕੈਨੇਡੀ ਪਰਿਵਾਰ ਪ੍ਰਤੀ ਹਮਦਰਦੀ ਤੋਂ ਕੋਹਾਂ ਦੂਰ ਭਜਾ ਦਿੱਤਾ।
ਦਿਖਾਵੇ ਦਾ ਰੰਗ ਰਾਜਨੀਤਕ ਖੇਤਰ ਵਿੱਚ ਵਿਸ਼ੇਸ਼ ਤੌਰ ਤੇ ਦੇਖਿਆ ਜਾਂਦਾ ਹੈ। ਇੱਕ ਸੱਤਾਦਾਰੀ ਧੜੇ ਵਿੱਚ ਰਹਿਣਾ ਤੇ ਉਸ ਧੜੇ ਦੀ ਸੋਚ ਮੁਤਾਬਕ ਹੀ ਗੱਲ ਕਰਨੀ ਬੇਲੇੜਾ ਦਿਖਾਵਾ ਕਰਨਾ ਹੁੰਦਾ ਹੈ, ਜਿਸ ਨਾਲ ਉਹ ਲੋਕ ਆਪਣੀ ਪਾਰਟੀ ਨਾਲ ਵਫਾਦਾਰੀ ਦਿਖਾਉਂਦੇ ਹਨ। ਕਈ ਵਾਰੀ ਉਹ ਮਾਨਸਿਕ ਤੇ ਭਾਵਕ ਤੌਰ ‘ਤੇ ਕਿਸੇ ਦੂਸਰੀ ਵਿਚਾਰਧਾਰਾ ਨਾਲ ਕਿਉਂ ਨਾ ਜੁੜੇ ਹੋਣ, ਪਰ ਆਪਣੀ ਆਤਮਾ ਤੇ ਪੱਥਰ ਰੱਖ ਕੇ ਉਹ ਪਾਰਟੀ ਅਨੁਸਾਰ ਹੀ ਬਿਆਨਬਾਜ਼ੀ ਕਰਦੇ ਹਨ। ਕਈ ਫਿਰਕੂ ਪਾਰਟੀਆਂ ਵਿੱਚ ਕੁੱਝ ਸੈਕੂਲਰ ਸੋਚ ਵਾਲੇ ਵਿਅਕਤੀ ਹੁੰਦੇ ਹਨ ਤੇ ਇਸ ਤਰ੍ਹਾਂ ਕਈ ਸੈਕੂਲਰ ਅਖਵਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਵਿੱਚ ਕੱਟੜ ਫਿਰਕੂ ਸੋਚ ਵਾਲੇ ਨੇਤਾ ਹੁੰਦੇ ਹਨ। ਉਹ ਆਪਣਾ ਮਨ ਮਾਰ ਕੇ ਬਿਆਨਬਾਜ਼ੀ ਕਰਦੇ ਹਨ ਤੇ ਵਜ਼ੀਰੀ ਜਾਂ ਸੱਤਾ ਨਾਲ ਜੁੜੇ ਰਹਿਣਾ ਹੀ ਠੀਕ ਸਮਝਦੇ ਹਨ।
ਅਸੀਂ ਜੀਵਨ ਦੀਆਂ ਸਾਧਾਰਨ ਗੱਲਾਂ ਵਿੱਚ ਦਿਖਾਵਾ ਕਰਦੇ ਹਾਂ, ਘਰਾਂ ਦੇ ਬਾਹਰ ਮੋਟੇ ਅੱਖਰਾਂ ਵਿੱਚ ਕੋਠੀ ਦਾ ਨਾਂ, ਆਪਣਾ ਨਾਂ ਤੇ ਵਿੱਦਿਅਕ ਯੋਗਤਾਵਾਂ ਨੂੰ ਮੋਟੇ ਅੱਖਰਾਂ ਵਿੱਚ ਲਿਖਵਾਉਂਦੇ ਹਾਂ। ਕਈਆਂ ਦੇ ਨਾਂ ਨਾਲ ਬੀ. ਏ. ਲਿਖਿਆ ਹੁੰਦਾ ਹੈ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਵਿੱਦਿਆ ਆਮ ਹੋਣ ਕਰਕੇ ਇਹ ਕਿੰਨਾ ਹਾਸੋਹੀਣਾ ਲੱਗਦਾ ਹੈ। ਘਰਾਂ ਵਿੱਚ ਅਸੀਂ ਆਪਣੀਆਂ ਸਾਰੀਆਂ ਕੀਮਤੀ ਵਸਤੂਆਂ ਫਰਿੱਜ, ਟੀ. ਵੀ. ਬੈਠਕ ਵਿੱਚ ਹੀ ਸਜਾ ਕੇ ਰੱਖਦੇ ਹਾਂ, ਕਿਉਂਕਿ ਦਿਖਾਵੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ, ਭਾਵੇਂ ਇਨ੍ਹਾਂ ਦੀ ਜਗ੍ਹਾ ਕ੍ਰਮਵਾਰ ਰਸੋਈ ਜਾਂ ਸੌਣ ਵਾਲੇ ਕਮਰੇ ਵਿੱਚ ਵਧੇਰੇ ਸਹੀ ਹੈ। ਇਸ ਵਿਖਾਵੇ ਦੀ ਰੁਚੀ ਕਾਰਨ ਹੀ ਪਬਲਿਕ ਸਕੂਲਾਂ ਤੇ ਕੁੱਝ ਖਾਸ ਕਾਲਜਾਂ ਲਈ ਦਾਖਲਾ ਲੈਣ ਦੀ ਰੁਚੀ ਪ੍ਰਧਾਨ ਹੋ ਰਹੀ ਹੈ। ਮਾਂ ਬਾਪ ਬੱਚੇ ਵੱਲੋਂ ਅੰਗਰੇਜ਼ੀ ਦੇ ਸ਼ਬਦ ਸੁਣਦਿਆਂ ਖਿੜ ਜਾਂਦੇ ਹਨ ਤੇ ਮਹਿਸੂਸ ਕਰਦੇ ਹਨ ਕਿ ਉਨਾਂ ਨੇ ਸਹੀ ਵਿਦਿਆਲਾ ਚੁਣਿਆ ਹੈ। ਅਜੇ ਤੱਕ ਪੰਜਾਬੀ ਤੇ ਹਿੰਦੀ ਵਿੱਚ ਗੱਲਬਾਤ ਕਰਨ ਨਾਲੋਂ ਅੰਗਰੇਜ਼ੀ ਸੁਹਣੀ ਬੋਲਣ ਵਾਲੇ ਤੇ ਲਿਖਣ ਵਾਲੇ ਦੀ ਕਦਰ ਵਧੇਰੇ ਹੈ। ਲੇਖਕ ਆਪਣੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਦੀ ਬੁੱਕਲ ਵਿੱਚ ਜਾ ਬੈਠਦਾ ਹੈ ਤੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉੱਤਮ ਸਮਝਦਾ ਹੈ। ਰਾਜਨੀਤਕ ਨੇਤਾ ਹੀ ਨਹੀਂ ਪੰਜਾਬੀ ਦੇ ਵਿਦਵਾਨ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਥਾਂ ‘ਤੇ ਦੂਸਰੀਆਂ ਬੋਲੀਆਂ ਵਿੱਚ ਸਿੱਖਿਆ ਦੇਣੀ ਵਧੇਰੇ ਲਾਹੇਵੰਦੀ ਸਮਝਦੇ ਹਨ।
ਉੱਚੀਆਂ ਨੌਕਰੀਆਂ ਲਈ ਅੰਗਰੇਜ਼ੀ ਦੀ ਪ੍ਰਧਾਨਤਾ ਹੈ ਤੇ ਇੱਥੋਂ ਤੱਕ ਕਿ ਡਾਕਟਰੀ ਦੇ ਇਮਤਿਹਾਨ ਲਈ ਅੰਗਰੇਜ਼ੀ ਦੀ ਪ੍ਰੀਖਿਆ ਤਾਂ ਰੱਖੀ ਹੋਈ ਹੈ, ਪਰ ਜਿਸ ਡਾਕਟਰ ਨੇ ਆਪਣੇ ਮਰੀਜ਼ਾਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨੀ ਹੈ, ਉਸ ਭਾਸ਼ਾ ਲਈ ਡਾਕਟਰੀ ਦੇ ਦਾਖਲੇ ਦੇ ਇਮਤਿਹਾਨਾਂ ਲਈ ਕੋਈ ਲੋੜ ਨਹੀਂ। ਜਿੰਨਾ ਚਿਰ ਉੱਚੀਆਂ ਨੌਕਰੀਆਂ ਲਈ ਪੰਜਾਬੀ ਲਈ ਲੋੜ ਜ਼ਰੂਰੀ ਨਹੀਂ ਸਮਝੀ ਜਾਂਦੀ, ਉਨਾ ਚਿਰ ਤੱਕ ਪੰਜਾਬੀ ਲਈ ਸਤਿਕਾਰ ਦੀ ਭਾਵਨਾ ਨਹੀਂ ਜੁੜ ਸਕਦੀ ਤੇ ਪੰਜਾਬੀ ਲਈ ਵਿਖਾਇਆ ਜਾਂਦਾ ਮੋਹ ਇੱਕ ਵਿਖਾਵਾ ਬਣਕੇ ਹੀ ਰਹਿ ਜਾਂਦਾ ਹੈ।
ਮਾਪੇ ਦਿਖਾਵੇ ਦੇ ਡੰਗ ਨਾਲ ਡੱਸੇ ਹੋਏ ਆਪਣੇ ਬੱਚਿਆਂ ਨੂੰ ਡਾਕਟਰ, ਇੰਜਨੀਅਰ ਆਈ. ਏ. ਐਸ. ਬਣਾਉਣਾ ਚਾਹੁੰਦੇ ਹਨ। ਪਿਛਲੀ ਪ੍ਰੀਖਿਆ ਦੇ ਖ਼ਤਮ ਹੋਣ ਤੋਂ ਬਾਅਦ ਹੀ ਡਾਕਟਰ ਬਣਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਕਾਲਜ ਖੁੱਲਣ ਤੋਂ ਪਹਿਲਾਂ ਹੀ ਵਿਦਿਆਰਥੀ ਵਿਗਿਆਨ, ਗਣਿਤ ਦੇ ਅਧਿਆਪਕਾਂ ਦੇ ਘਰਾਂ ਵਿੱਚ ਟਿਊਸ਼ਨਾਂ ਪੜ੍ਹਕੇ ਆਪਣੇ ਸਿਲੇਬਸ ਨੂੰ ਖ਼ਤਮ ਕਰ ਲੈਦਾ ਹੈ। ਇੱਕ ਜਨੂੰਨ ਉਨ੍ਹਾਂ ਦੇ ਸਿਰਾਂ ਤੇ ਸਵਾਰ ਹੁੰਦਾ ਹੈ, ਜਿਸ ਨੂੰ ਬਣਾਉਣ ਲਈ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਨਤੀਜਾ ਇਹ ਨਿਕਲ ਰਿਹਾ ਹੈ ਕਿ ਵਿਦਿਆਰਥੀਆਂ ਦੀਆਂ ਕਲਾਸਾਂ ਹੁਣ ਕਾਲਜਾਂ ਨਾਲੋਂ ਘਰਾਂ ਵਿੱਚ ਵਧੇਰੇ ਲੱਗਣ ਲੱਗ ਪਈਆਂ ਹਨ। ਕਈ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਮੈਡੀਕਲ ਕਾਲਜ ਬਹੁਤ ਥੋੜ੍ਹੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਦਾਖਲਾ ਲੈਣਾ ਹੁੰਦਾ ਹੈ।
ਇਕ ਅਨਾਰ ਸੌ ਬੀਮਾਰ ਵਾਲੀ ਦੁਖਾਂਤਮਈ ਸਥਿਤੀ ਪੈਦਾ ਹੋ ਜਾਂਦੀ ਹੈ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪੁਰਾਣੇ ਲਾਇਕ ਵਿਦਿਆਰਥੀ ਰੂਪੋਸ਼ ਹੋ ਜਾਂਦੇ ਹਨ ਕਿ ਕਿਤੇ ਉਨ੍ਹਾਂ ਦੀ ਲਿਆਕਤ ਨਾਲ ਕੋਈ ਜ਼ਬਰੀ ਬਲਾਤਕਾਰ ਨਾ ਕਰ ਲਵੇ, ਕਿਸੇ ਦੂਸਰੇ ਲਈ ਪ੍ਰੀਖਿਆ ਵਿੱਚ ਨਾ ਬੈਠਣਾ ਪੈ ਜਾਵੇ। ਨਿਰਸੰਦੇਹ ਵਿਖਾਵੇ ਦੀ ਰੁਚੀ ਨੇ ਸਾਡੇ ਅੰਦਰ ਹਿਰਸ ਅਤੇ ਅਸੰਤੁਸ਼ਟਤਾ ਦੇ ਬੀਜ ਬੋਏ ਹਨ। ਬੱਚਿਆਂ ਵਿੱਚ ਇਹ ਪ੍ਰਵਿਰਤੀ ਵੱਡਿਆਂ ਦੀ ਰੀਸ ਨਾਲ ਪ੍ਰਵਾਨ ਚੜ੍ਹਦੀ ਹੈ। ਤੇ ਇੱਕ ਅਜਿਹਾ ਸਮਾਂ ਆ ਜਾਂਦਾ ਹੈ ਕਿ ਬੱਚੇ ਆਪਣੀਆਂ ਸਾਰੀਆਂ ਗੱਲਾਂ ਮਨਵਾਉਂਦੇ ਹਨ ਸਕੂਲ ਜਾਂ ਕਾਲਜ ਭਾਵੇਂ ਉਨ੍ਹਾਂ ਦੇ ਘਰ ਦੇ ਕੋਲ ਹੋਵੇ, ਉਹ ਜ਼ਰੂਰ ਕਾਰ, ਸਕੂਟਰ ‘ਤੇ ਜਾਣਾ ਵਧੇਰੇ ਚੰਗਾ ਸਮਝਦੇ ਹਨ। ਸਾਥੀਆਂ ਦੇ ਮੁਕਾਬਲੇ ਵਿੱਚ ਨਿੱਤ ਨਵਾਂ ਲਿਬਾਸ ਪਾਉਂਦੇ ਹਨ।
ਵਿਖਾਵੇ ਦੀ ਰੁਚੀ ਸਾਡੇ ਹੰਕਾਰ ਨਾਲ ਜੁੜੀ ਹੋਈ ਹੈ, ਅਸੀਂ ਕਿਤਾਬਾਂ ਇੱਕਠੀਆਂ ਕਰਕੇ ਵਿਦਵਾਨ ਅਖਵਾਉਣਾ ਚਾਹੁੰਦੇ ਹਾਂ। ਕੁੱਝ ਵਿਦਵਾਨ ਉੱਚੇ ਮਿਆਰ ਦੀਆਂ ਛਪੀਆਂ ਪੁਸਤਕਾਂ ਪੜ੍ਹਨ ਦੀ ਥਾਂ ਪੁਰਾਣੇ ਖਰੜਿਆਂ ਨੂੰ ਇੱਕਠਾ ਕਰਕੇ ਆਪਣੀ ਵਿਦਵਤਾ ਦਾ ਵਿਖਾਵਾ ਕਰਦੇ ਹਨ। ਇਨ੍ਹਾਂ ਖਰੜਿਆਂ ਨੂੰ ਭਾਵੇਂ ਸਿਉਂਕ ਲੱਗ ਜਾਵੇ, ਪਰ ਇਨ੍ਹਾਂ ਦੀ ਪੁਣਛਾਣ ਤੇ ਇਨ੍ਹਾਂ ਦਾ ਸਹੀ ਲਿਖਣ ਦਾ ਸਮਾਂ, ਭਾਸ਼ਾ, ਲੇਖਕ ਨਿਸ਼ਚਿਤ ਕਰਨ ਦਾ ਉਨ੍ਹਾਂ ਵਿੱਚ ਕੋਈ ਇਰਾਦਾ ਨਹੀਂ ਹੁੰਦਾ।
ਕਈ ਖਾਨਦਾਨਾਂ ਵਿੱਚ ਪੁਸ਼ਤ ਦਰ ਪੁਸ਼ਤ ਹੱਥ ਲਿਖਤ ਗ੍ਰੰਥ ਪਏ ਹੁੰਦੇ ਹਨ, ਇਹ ਗ੍ਰੰਥ ਉਹ ਆਮ ਲੋਕਾਂ ਨੂੰ ਇੱਕ ਦਿਨ ਸਮਾਗਮ ਕਰਕੇ ਦਿਖਾਉਂਦੇ ਹਨ ਤੇ ਬਾਕੀ ਸਾਰਾ ਸਾਲ ਫਨੀਅਰ ਨਾਗ ਦੀ ਤਰ੍ਹਾਂ ਇਸ ਕੁਬੇਰ ਦੇ ਧਨ ਦੀ ਰਾਖੀ ਕਰਦੇ ਰਹਿੰਦੇ ਹਨ।
ਆਧੁਨਿਕ ਮਨੁੱਖ ਨੇ ਆਪਣੇ ਚਿਹਰੇ ‘ਤੇ ਦਿਖਾਵੇ ਦਾ ਮਖੌਟਾ ਪਹਿਨਿਆ ਹੋਇਆ ਹੈ, ਉਹ ਇਹ ਭੁੱਲ ਜਾਂਦਾ ਹੈ ਕਿ ਦਿਖਾਵੇ ਨਾਲ ਸ਼ਿੰਗਾਰਿਆ ਇਹ ਸਰੀਰ ਤੇ ਦਿਖਾਵੇ ਦੀਆਂ ਲੀਹਾਂ ‘ਤੇ ਸਿਰਜਿਆ ਉਸ ਦਾ ਸਾਰਾ ਸਮਾਜਿਕ ਵਿਵਹਾਰ ਰੇਤ ਦੀ ਕੱਚੀ ਕੰਧ ਦੀ ਤਰ੍ਹਾਂ ਹੈ, ਜਿਹੜੀ ਕਿਸੇ ਸਮੇਂ ਵੀ ਖੁਰ ਸਕਦੀ ਹੈ।