ਦਫ਼ਤਰੀ ਚਿੱਠੀ
ਤੁਹਾਡੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਬੱਚਿਆਂ ਦੀ ਪੜ੍ਹਾਈ ਪ੍ਰਤੀ ਬੜੇ ਲਾਪ੍ਰਵਾਹ ਹਨ। ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਨੂੰ ਉਨ੍ਹਾਂ ਦੀ ਲਾਪ੍ਰਵਾਹੀ ਵਿਰੁੱਧ ਅਰਜ਼ੀ ਲਿਖੋ।
ਪਿੰਡ ਤੇ ਡਾਕ: ਵਾਲੀਆਂ,
ਜ਼ਿਲ੍ਹਾ ਸੰਗਰੂਰ
12 ਮਈ, 20……..
ਸੇਵਾ ਵਿਖੇ
ਜ਼ਿਲ੍ਹਾ ਸਿੱਖਿਆ ਅਧਿਕਾਰੀ (ਪਾ:)
ਜ਼ਿਲ੍ਹਾ ਸੰਗਰੂਰ,
ਸੰਗਰੂਰ।
ਵਿਸ਼ਾ : ਪਿੰਡ ਵਾਲਿਆਂ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀ ਪੜ੍ਹਾਈ ਪ੍ਰਤੀ ਲਾਪ੍ਰਵਾਹੀ ਵਿਰੁੱਧ ਸ਼ਿਕਾਇਤ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਪਿੰਡ ਵਾਲੀਆਂ ਦਾ ਸਰਪੰਚ ਹਾਂ। ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀ ਪੜ੍ਹਾਈ ਪ੍ਰਤੀ ਵਰਤੀ ਜਾਂਦੀ ਅਣਗਹਿਲੀ ਵਿਰੁੱਧ ਸ਼ਿਕਾਇਤ ਕਰ ਰਿਹਾ ਹਾਂ। ਸਾਡੇ ਪਿੰਡ ਦੇ ਸਕੂਲ ਵਿੱਚ ਦੋ ਅਧਿਆਪਕ ਤੇ ਦੋ ਅਧਿਆਪਕਾਵਾਂ ਹਨ। ਇਹ ਬੱਚਿਆਂ ਦੀ ਪੜ੍ਹਾਈ ਪ੍ਰਤੀ ਰਤਾ ਵੀ ਦਿਲਚਸਪੀ ਨਹੀਂ ਲੈਂਦੇ, ਜਿਸ ਕਾਰਨ ਸਾਡੇ ਪਿੰਡ ਦੇ ਸਕੂਲ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ।
ਮੈਂ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਕਦੀ ਪੂਰੀ ਨਹੀਂ ਦੇਖੀ। ਪੰਚਾਇਤ ਨੇ ਜਦੋਂ ਵੀ ਇਨ੍ਹਾਂ ਨੂੰ ਅਧਿਆਪਕਾਂ ਦੀ ਹਾਜ਼ਰੀ ਬਾਰੇ ਪੁੱਛਿਆ ਹੈ ਤਾਂ ਇਹ ਕੋਈ ਨਾ ਕੋਈ ਬਹਾਨਾ ਪਾ ਕੇ ਟਾਲ ਦਿੰਦੇ ਹਨ। ਇਹ ਸਾਰੇ ਅਧਿਆਪਕ ਸਕੂਲ ਅਕਸਰ ਲੇਟ ਪੁੱਜਦੇ ਹਨ। ਕਈ ਵਾਰ ਤਾਂ ਇਹ ਛੁੱਟੀ ਵੀ ਸਮੇਂ ਤੋਂ ਪਹਿਲਾਂ ਹੀ ਕਰ ਜਾਂਦੇ ਹਨ। ਕੁਦਰਤੀ ਜਿਸ ਦਿਨ ਇਹ ਸਕੂਲ ਵਿੱਚ ਇਕੱਠੇ ਹੁੰਦੇ ਹਨ, ਇਨ੍ਹਾਂ ਦਾ ਸਾਰਾ ਦਿਨ ਗੱਪਾਂ ਮਾਰਦਿਆਂ ਜਾਂ ਖਾਂਦਿਆਂ-ਪੀਂਦਿਆਂ ਨਿਕਲਦਾ ਹੈ।
ਅਸੀਂ ਪਿੰਡ ਨਿਵਾਸੀ ਇਨ੍ਹਾਂ ਅਧਿਆਪਕਾਂ ਦੀ ਪੜ੍ਹਾਈ ਪ੍ਰਤੀ ਅਣਗਹਿਲੀ ਤੋਂ ਬਹੁਤ ਪਰੇਸ਼ਾਨ ਹਾਂ। ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਚੰਗੀਆਂ ਤਨਖਾਹਾਂ ਦਿੰਦੀ ਹੈ, ਫਿਰ ਵੀ ਇਹ ਆਪਣੇ ਫ਼ਰਜ਼ ਪੂਰੇ ਨਹੀਂ ਕਰ ਰਹੇ ਹਨ।ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਆਪਣੇ ਬੱਚੇ ਸਰਕਾਰੀ ਸਕੂਲਾਂ ਦੀ ਬਜਾਏ ਚੰਗੇ-ਚੰਗੇ ਸਕੂਲਾਂ ਵਿੱਚ ਪੜ੍ਹਦੇ ਹਨ। ਜੇ ਇਹ ਲੋਕ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਏਨੇ ਜਾਗਰੂਕ ਹਨ ਤਾਂ ਦੂਜਿਆਂ ਦੇ ਬੱਚਿਆਂ ਨਾਲ ਧੋਖਾ ਕਿਉਂ ਕਰ ਰਹੇ ਹਨ।
ਸਾਡੀ ਪਿੰਡ ਵਾਲਿਆਂ ਦੀ ਆਪ ਅੱਗੇ ਪੁਰਜ਼ੋਰ ਬੇਨਤੀ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਜਾਂ ਤਾਂ ਪੜ੍ਹਾਈ ਪ੍ਰਤੀ ਸੁਚੇਤ ਕੀਤਾ ਜਾਵੇ ਜਾਂ ਇਨ੍ਹਾਂ ਨੂੰ ਇੱਥੋਂ ਬਦਲ ਦਿੱਤਾ ਜਾਵੇ। ਇੱਕ ਸਰਪੰਚ ਹੋਣ ਦੇ ਨਾਤੇ ਮੇਰੀ ਇਨ੍ਹਾਂ ਅਧਿਆਪਕਾਂ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਹੈ। ਮੈਂ ਤਾਂ ਆਪਣੇ ਪਿੰਡ ਦੇ ਬੱਚਿਆਂ ਦੀ ਭਲਾਈ ਚਾਹੁੰਦਾ ਹਾਂ। ਇਸ ਲਈ ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਵਿਸ਼ਵਾਸਪਾਤਰ,
ਬਲਦੇਵ ਸਿੰਘ (ਸਰਪੰਚ),
ਗ੍ਰਾਮ ਪੰਚਾਇਤ, ਵਾਲੀਆਂ।