ਮੁਹਾਵਰੇ


ਮ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਮਗਜ਼ਮਾਰੀ ਕਰਨੀ : (ਸਿਰ ਖਪਾਉਣਾ / ਦਿਮਾਗ਼ੀ ਕੰਮ ਕਰਨਾ) ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਮੇਰੇ ਪਿਤਾ ਜੀ ਨੂੰ ਨੌਕਰੀ ਦੇ ਨਾਲ-ਨਾਲ ਹੋਰ ਵੀ ਬੜੀ ਮਗਜ਼ਮਾਰੀ ਕਰਨੀ ਪਈ।

2. ਮਗਰਮੱਛ ਵਾਲੇ ਅੱਥਰੂ ਵਹਾਉਣਾ : (ਦਿਖਾਵੇ ਦੀ ਹਮਦਰਦੀ ਕਰਨੀ) ਕਰਮਜੀਤ ਦੀ ਮਾਂ ਦੀ ਮੌਤ ‘ਤੇ ਉਸਦੀ ਭਰਜਾਈ ਐਵੇਂ ਮਗਰਮੱਛ ਵਾਲੇ ਅੱਥਰੂ ਵਹਾ ਰਹੀ ਸੀ।

3. ਮੱਥੇ ਤੇ ਤਿਊੜੀ ਪਾਉਣਾ : (ਗੁੱਸੇ ਵਿੱਚ ਆਉਣਾ) ਚਪੜਾਸੀ ਨੇ ਪ੍ਰਿੰਸੀਪਲ ਕੋਲੋਂ ਦੋ ਦਿਨ ਛੁੱਟੀ ਮੰਗੀ ਤਾਂ ਉਸਨੇ ਮੱਥੇ ‘ਤੇ ਤਿਊੜੀ ਪਾ ਲਈ।

4. ਮੱਥੇ ਮਾਰਨਾ : (ਗੁੱਸੇ ਨਾਲ ਚੀਜ਼ ਮੋੜਣੀ) ਰਿਤੂ ਨੇ ਆਪਣੀ ਦਰਾਣੀ ਤੋਂ ਆਪਣੀ ਸਵੈਟਰ ਵਾਪਸ ਮੰਗੀ ਤਾਂ ਉਸਦੀ ਦਰਾਣੀ ਮੈਲੀ ਸਵੈਟਰ ਹੀ ਉਸਦੇ ਮੱਥੇ ਮਾਰ ਗਈ।

5. ਮਰ ਕੇ ਮਿੱਟੀ ਹੋਣਾ : (ਬਹੁਤ ਸ਼ਰਮਿੰਦਾ ਹੋਣਾ) ਅੰਮ੍ਰਿਤ ਕੋਲੋਂ ਚੋਰੀ ਕੀਤਾ ਮੋਬਾਇਲ ਫੜਿਆ ਗਿਆ ਤਾਂ ਉਹ ਮਰ ਕੇ ਮਿੱਟੀ ਹੋ ਗਿਆ।

6. ਮਰੂੰ ਮਰੂੰ ਕਰਦੇ ਰਹਿਣਾ : (ਰੋਂਦੇ-ਕਲਪਦੇ ਜ਼ਿੰਦਗੀ ਗੁਜ਼ਾਰਨੀ) ਕਈ ਬੰਦਿਆਂ ਦੀ ਆਦਤ ਹੁੰਦੀ ਹੈ ਕਿ ਸਭ ਕੁਝ ਹੁੰਦੇ ਹੋਏ ਵੀ ਮਰੂੰ ਮਰੂੰ ਕਰੀ ਜਾਣਗੇ।

7. ਮਿਰਚ ਮਸਾਲਾ ਲਾਉਣਾ : (ਵਧਾ ਚੜ੍ਹਾ ਕੇ ਗੱਲ ਕਰਨੀ) ਸਾਡੀ ਚਾਚੀ ਜੀ ਦੇ ਕੰਨੀਂ ਕੋਈ ਗੱਲ ਪੈ ਜਾਵੇ ਤਾਂ ਉਹ ਅੱਗੋਂ ਖ਼ੂਬ ਮਿਰਚ-ਮਸਾਲਾ ਲਾ ਕੇ ਸਭ ਨੂੰ ਦੱਸਦੇ ਫਿਰਦੇ ਹਨ।

8. ਮਾਰਿਆ ਮਾਰਿਆ ਫਿਰਨਾ : (ਮੁਸੀਬਤ ਵਿੱਚ ਦੁਖੀ ਹੋਏ ਫਿਰਨਾ) ਕੇਰਲਾ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਰੋਜ਼ੀ-ਰੋਟੀ ਲਈ ਮਾਰਿਆ-ਮਾਰਿਆ ਫਿਰਨਾ ਪੈ ਰਿਹਾ ਹੈ।

9. ਮੂੰਹ ‘ਤੇ ਹਵਾਈਆਂ ਉੱਡਣਾ : (ਬਹੁਤ ਘਬਰਾ ਜਾਣਾ) ਕਮਰੇ ਵਿੱਚ ਸੱਪ ਵੇਖ ਕੇ ਸਾਰੇ ਟੱਬਰ ਦੇ ਮੂੰਹ ‘ਤੇ ਹਵਾਈਆਂ ਉੱਡ ਗਈਆਂ।

10. ਮਿਰਚਾਂ ਲੱਗਣੀਆਂ : (ਗੁੱਸਾ ਕਰਨਾ / ਗੱਲ ਚੁੱਭਣੀ) ਰਾਜੂ ਆਪ ਤਾਂ ਭਾਵੇਂ ਸਭ ਨੂੰ ਟਿੱਚਰਾਂ ਕਰੀ ਜਾਵੇ ਪਰ ਜੇ ਉਸਨੂੰ ਕੋਈ ਮਜ਼ਾਕ ਕਰ ਦੇਵੇ ਤਾਂ ਉਸਨੂੰ ਬੜੀਆਂ ਮਿਰਚਾਂ ਲੱਗਦੀਆਂ ਹਨ।

11. ਮੱਖਣ ਵਿੱਚੋਂ ਵਾਲ ਵਾਂਗ ਕੱਢਣਾ : (ਰੁਕਾਵਟ ਸਹਿਜੇ ਹੀ ਦੂਰ ਕਰ ਲੈਣੀ) ਜਿਹੜੇ ਵੀ ਰਾਜੇ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਦੇ ਵਿਰੋਧੀ ਸਨ ਉਨ੍ਹਾਂ ਨੂੰ ਅੰਗਰੇਜ਼ਾਂ ਨੇ ਪੈਨਸ਼ਨਾਂ ਜਾਂ ਦੇਸ਼ ਨਿਕਾਲਾ ਦੇ ਕੇ ਮੱਖਣ ਵਿੱਚੋਂ ਵਾਲ ਵਾਂਗ ਕੱਢ ਦਿੱਤਾ।

12. ਮਨ ਦੀ ਮਨ ਵਿੱਚ ਰਹਿਣੀ : (ਖਾਹਸ਼ ਪੂਰੀ ਨਾ ਹੋਣੀ) ਬਲਦੇਵ ਦਾ ਖ਼ਿਆਲ ਸੀ ਕਿ ਉਹ ਆਪਣੇ ਪੁੱਤਰ ਨੂੰ +2 ਤੋਂ ਬਾਅਦ ਕਿਸੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਏਗਾ ਪਰ ਲੜਕੇ ਦੇ +2 ਵਿੱਚੋਂ ਫੇਲ੍ਹ ਹੋ ਜਾਣ ਨਾਲ ਉਸ ਦੀ ਮਨ ਦੀ ਮਨ ਵਿੱਚ ਰਹਿ ਗਈ।

13. ਮਨ ਦੇ ਲੱਡੂ ਭੋਰਨੇ : (ਖ਼ਿਆਲੀ ਪਲਾਉ ਪਕਾਉਣੇ) ਹੱਥੀਂ ਕੰਮ ਕਰਨ ਵਾਲੇ ਵਿਅਕਤੀ ਹੀ ਸਫ਼ਲਤਾ ਪ੍ਰਾਪਤ ਕਰਦੇ ਹਨ, ਮਨ ਦੇ ਲੱਡੂ ਭੋਰਨ ਵਾਲੇ ਤਾਂ ਵੇਖਦੇ ਹੀ ਰਹਿ ਜਾਂਦੇ ਹਨ।

14. ਮੂੰਹ ਦੀ ਖਾਣੀ : (ਹਾਰ ਜਾਣਾ) 1965 ਵਿੱਚ ਪਾਕਿਸਤਾਨ ਨੇ ਭਾਰਤ ਨਾਲ ਮੱਥਾ ਲਾਇਆ ਪਰ ਉਸ ਨੂੰ ਮੂੰਹ ਦੀ ਖਾਣੀ ਪਈ।

15. ਮੋਠਾਂ ਦੀ ਛਾਵੇਂ ਬਹਿਣਾ : (ਝੂਠੀਆਂ ਆਸਾਂ ਲਾਉਣੀਆਂ) ਅਠਵੀਂ ਪਾਸ ਰਮਨ ਦਾ ਜੱਜ ਬਣਨ ਬਾਰੇ ਸੋਚਣਾ ਤਾਂ ਮੋਠਾਂ ਦੀ ਛਾਵੇਂ ਬਹਿਣ ਵਾਲੀ ਗੱਲ ਹੈ।

16. ਮੱਸ ਫੁੱਟਣੀ : ਗੱਭਰੂ ਹੋਣਾ।

17. ਮਕੂ ਬੰਨ੍ਹਣਾ : ਸਿੱਧਾ ਕਰਨਾ।

18. ਮੱਖੀ ‘ਤੇ ਮੱਖੀ ਮਾਰਨੀ : ਅੰਨ੍ਹੇ-ਵਾਹ ਨਕਲ ਕਰਨੀ।

19. ਮੱਖੀ ਨਿਗਲਣੀ : ਜਾਣ-ਬੁੱਝ ਕੇ ਭੈੜਾ ਕੰਮ ਕਰਨਾ।

20. ਮੱਖੀਆਂ ਮਾਰਨੀਆਂ : ਨਿਕੰਮੇ ਰਹਿਣਾ।

21. ਮਗਜ਼ ਖਾਣਾ : ਕਿਸੇ ਨੂੰ ਬਹੁਤ ਸਤਾਉਣਾ।

22. ਮਗਰੋਂ ਲਾਹੁਣਾ : ਪਿੱਛਾ ਛੁਡਾਉਣਾ।

23. ਮੱਥਾ ਡਾਹੁਣਾ ਜਾਂ ਮੱਥਾ ਲਾਉਣਾ : ਲੜਾਈ ਛੇੜਨੀ।

24. ਮੈਦਾਨ ਮਾਰਨਾ : ਫ਼ਤਿਹ ਪ੍ਰਾਪਤ ਕਰਨੀ।

25. ਮਨ ਮਾਰਨਾ : ਮਨ ਨੂੰ ਵੱਸ ਵਿੱਚ ਕਰਨਾ / ਆਪਣੀ ਇੱਛਾ ਦਾ ਦਮ ਘੋਟਣਾ।

26. ਮਨੋਂ ਲਹਿ ਜਾਣਾ : ਕਦਰ ਜਾਂਦੀ ਰਹਿਣੀ।

27. ਮਰਨ ਵਿਹਲ ਨਾ ਹੋਣੀ : ਬਹੁਤ ਰੁੱਝਿਆ ਹੋਣਾ।

28. ਮੱਲ ਮਾਰਨੀ : ਕੋਈ ਔਖਾ ਕੰਮ ਕਰਨਾ / ਕੋਈ ਵੱਡਾ ਕੰਮ ਕਰਨਾ।

29. ਮਾਤ ਕਰਨਾ : ਹਰਾ ਦੇਣਾ।

30. ਮਾਰੋ-ਮਾਰ ਕਰਨੀ : ਜੋਸ਼ ਵਿੱਚ ਆ ਕੇ ਕੰਮ ਕਰਨਾ।

31. ਮਿੱਝ ਕੱਢਣੀ : ਬਹੁਤ ਕੁੱਟਣਾ / ਬਹੁਤ ਕੰਮ ਲੈਣਾ।

32. ਮਿੱਟੀ ਖ਼ਰਾਬ ਹੋਣੀ : ਬੇਇੱਜ਼ਤੀ ਹੋਣੀ।

33. ਮਿੱਟੀ ਦਾ ਮਾਧੋ ਹੋਣਾ : ਮੂਰਖ਼ ਹੋਣਾ।

34. ਮਿੱਟੀ ਪੁੱਟਣੀ : ਬਦਨਾਮੀ ਕਰਨੀ।

35. ਮੁੱਠ ਵਿੱਚ ਕਰਨਾ : ਆਪਣੇ ਵੱਲ ਕਰਨਾ।

36. ਮੁੱਠੀ ਗਰਮ ਕਰਨੀ : ਵੱਢੀ ਦੇਣੀ।

37. ਮੁੱਠੀਆਂ ਭਰਨੀਆਂ : ਹੱਥਾਂ ਨਾਲ ਘੁੱਟ-ਘੁੱਟ ਕੇ ਸੇਵਾ ਕਰਨੀ।

38. ਮੂੰਹ ਕਾਲਾ ਹੋਣਾ : ਬਦਨਾਮੀ ਹੋਣੀ।

39. ਮੂੰਹ ਤੋਂ ਲੋਈ ਲਾਹੁਣੀ : ਬੇਸ਼ਰਮ ਹੋ ਜਾਣਾ।

40. ਮੂੰਹ ਪੈਣਾ : ਵੱਸ ਪੈ ਜਾਣਾ।

41. ਮੂੰਹ ਲਹੂ ਲੱਗਣਾ : ਹਰਾਮ ਖਾਣ ਦੀ ਆਦਤ ਪੈ ਜਾਣੀ।

42. ਮੂੰਹ ਲਾਉਣਾ : ਨੇੜੇ ਆਉਣ ਦੇਣਾ।

43. ਮੋਤੀ ਪਰੋਣੇ : ਰੀਝ ਨਾਲ ਬਰੀਕ ਕੰਮ ਕਰਨਾ।

44. ਮੋਮ ਹੋ ਜਾਣਾ : ਦਿਆਲੂ ਹੋ ਜਾਣਾ।

45. ਮੋਰਚਾ ਮਾਰਨਾ : ਕੋਈ ਔਖਾ ਕੰਮ ਕਰਨਾ।

46. ਮੌਤ ਦੇ ਘਾਟ ਉਤਾਰਨਾ : ਜਾਨੋਂ ਮਾਰ ਦੇਣਾ।

47. ਮੰਗ ਪਾਉਣੀ : ਮਦਦ ਮੰਗਣੀ।