ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਉਸ ਦੇ ਹੇਠਾਂ ਪੁੱਛੇ ਗਏ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ:
ਇਸ ਵਿੱਚ ਸ਼ੱਕ ਨਹੀਂ ਹੈ ਕਿ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਦੁਨੀਆ ਭਰ ਵਿੱਚ ਇਨਸਾਨੀ ਸਿਹਤ ਅਤੇ ਸਮਾਜ ਲਈ ਇੱਕ ਗੰਭੀਰ ਚੁਣੌਤੀ ਦਾ ਰੂਪ ਧਾਰਨ ਕਰ ਚੁੱਕਾ ਹੈ। ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਇਨਸਾਨ ਕੋਲੋਂ ਹਰ ਖੇਤਰ ਵਿੱਚ ਤੇਜ਼ ਰਫ਼ਤਾਰ ਦੀ ਮੰਗ ਕਰਦੀ ਹੈ, ਜਿਸ ਕਰ ਕੇ ਸਹਿਜ ਜੀਵਨ ਜਿਊਣ ਲਈ ਵੀ ਇਨਸਾਨ ਨੂੰ ਸੰਘਰਸ਼ ਦੀ ਹਾਲਤ ਵਿੱਚ ਰਹਿਣਾ ਪੈਂਦਾ ਹੈ। ਹਰ ਖੇਤਰ ਵਿੱਚ ਮੁਕਾਬਲੇਬਾਜ਼ੀ ਅਤੇ ਜ਼ਿਆਦਾ ਤੋਂ ਜ਼ਿਆਦਾ ਪੂੰਜੀ ਤੇ ਪਦਾਰਥਕ ਸੁੱਖ ਜਮ੍ਹਾਂ ਕਰਨ ਦੀ ਦੌੜ ਨੇ ਜ਼ਿੰਦਗੀ ਨੂੰ ਮਸ਼ੀਨੀ ਪੱਧਰ ਉੱਤੇ ਲੈ ਆਂਦਾ ਹੈ। ਮਾਨਸਿਕ ਅਤੇ ਆਤਮਿਕ ਪੱਧਰ ਉੱਤੇ ਇਨਸਾਨ ਭੌਤਿਕ ਵਾਤਾਵਰਨ ਨਾਲ ਤਾਲ-ਮੇਲ ਰੱਖਣ ਵਿੱਚ ਨਾਕਾਮਯਾਬ ਹੋ ਰਿਹਾ ਹੈ। ਆਮ ਆਦਮੀ ਦਾ ਜ਼ਿਆਦਾ ਸਮਾਂ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਹੀ ਲੱਗ ਜਾਂਦਾ ਹੈ, ਜਿਸ ਕਰ ਕੇ ਉਸ ਦੀਆਂ ਸਮਾਜਿਕ, ਮਾਨਸਿਕ ਤੇ ਆਤਮਿਕ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ। ਇਸ ਨਾਲ ਜ਼ਿੰਦਗੀ ਵਿੱਚ ਇੱਕ ਖ਼ਲਾਅ ਪੈਦਾ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਮਾਨਸਿਕ ਉਲਝਣਾਂ ਪੈਦਾ ਹੁੰਦੀਆਂ ਹਨ। ਨਸ਼ਾ ਵਿਰਤੀ ਵੀ ਇਸੇ ਖ਼ਲਾਅ ਨੂੰ ਪੂਰਿਆਂ ਕਰਨ ਦੇ ਯਤਨ ਵਜੋਂ ਹੀ ਸ਼ੁਰੂ ਹੁੰਦੀ ਹੈ। ਭੌਤਿਕ ਤੌਰ ਉੱਤੇ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਵਗ਼ੈਰਾ ਦੀ ਬਦੌਲਤ ਬੇਸ਼ਕ ਬਾਹਰੀ ਫ਼ਾਸਲੇ ਘਟੇ ਹਨ, ਪਰ ਸਮਾਜਿਕ, ਮਾਨਸਿਕ ਤੇ ਆਤਮਿਕ ਤੌਰ ‘ਤੇ ਇਨਸਾਨ ਤੇ ਇਨਸਾਨ ਵਿਚਲੀ ਦੂਰੀ ਵਧੀ ਹੈ। ਭੀੜ ਵਧਣ ਦੇ ਬਾਵਜੂਦ ਹਰ ਇਨਸਾਨ ਇਕੱਲਾ ਹੈ। ਨਤੀਜੇ ਵਜੋਂ ਆਪਣੇ ਦੁੱਖ ਵੀ ਉਸ ਨੂੰ ਇਕੱਲੇ ਨੂੰ ਹੀ ਝੱਲਣੇ ਪੈਂਦੇ ਹਨ। ਇਨਸਾਨ ਨੂੰ ਜਦ ਇਨਸਾਨ ਦਾ ਸਹਾਰਾ ਨਹੀਂ ਰਿਹਾ ਤਾਂ ਉਸ ਨੇ ਮਸਨੂਈ ਸਹਾਰੇ ਤਲਾਸ਼ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚ ਨਸ਼ੇ ਵੀ ਹਨ।
ਪ੍ਰਸ਼ਨ. ਸਿਹਤ ਤੇ ਸਮਾਜ ਲਈ ਗੰਭੀਰ ਚੁਣੌਤੀ ਕਿਹੜੀ ਹੈ?
(ੳ) ਨਸ਼ੀਲੇ ਪਦਾਰਥਾਂ ਦਾ ਸੇਵਨ
(ਅ) ਜ਼ਿੰਦਗੀ
(ੲ) ਪੂੰਜੀ
(ਸ) ਵਾਤਾਵਰਨ
ਪ੍ਰਸ਼ਨ. ਹਰ ਖੇਤਰ ਵਿੱਚ ਕਿਹੜੀ ਦੌੜ ਲੱਗੀ ਹੋਈ ਹੈ?
(ੳ) ਪੂੰਜੀ ਪ੍ਰਾਪਤੀ ਦੀ
(ਅ) ਮੁਕਾਬਲੇਬਾਜ਼ੀ ਦੀ
(ੲ) ਸੰਚਾਰ ਸਾਧਨਾਂ ਦੀ
(ਸ) ਆਵਾਜਾਈ ਦੀ
ਪ੍ਰਸ਼ਨ. ਆਮ ਆਦਮੀ ਦਾ ਜ਼ਿਆਦਾ ਵਕਤ ਕਿੱਥੇ ਬਤੀਤ ਹੋ ਜਾਂਦਾ ਹੈ?
(ੳ) ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ
(ਅ) ਸੰਚਾਰ ਦੇ ਸਾਧਨਾਂ ‘ਚ
(ੲ) ਪਦਾਰਥਕ ਸੁੱਖਾਂ ਦੀ ਦੌੜ ਵਿੱਚ
(ਸ) ਸਹਾਰੇ ਤਲਾਸ਼ਣ ਵਿੱਚ
ਪ੍ਰਸ਼ਨ. ਮਾਨਸਿਕ ਤੇ ਆਤਮਿਕ ਲੋੜਾਂ ਅਧੂਰੀਆਂ ਰਹਿ ਜਾਣ ਨਾਲ ਕੀ ਹੁੰਦਾ ਹੈ?
(ੳ) ਖ਼ਲਾਅ ਪੈਦਾ ਹੋ ਜਾਂਦਾ ਹੈ
(ਅ) ਮੇਲ-ਜੋਲ ਘੱਟ ਜਾਂਦਾ ਹੈ
(ੲ) ਬਿਮਾਰੀਆਂ ਵਧ ਜਾਂਦੀਆਂ ਹਨ
(ਸ) ਇਨਸਾਨ ਇਕੱਲਾ ਰਹਿ ਜਾਂਦਾ ਹੈ
ਪ੍ਰਸ਼ਨ. ਉਪਰੋਕਤ ਪੈਰੇ ਅਨੁਸਾਰ ਇਨਸਾਨ ਨਸ਼ੇ ਕਿਉਂ ਕਰਦਾ ਹੈ?
(ੳ) ਖੁਸ਼ੀ ਨਾਲ
(ਅ) ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ
(ੲ) ਇਕੱਲਤਾ ਤੇ ਬੇਸਹਾਰਾ ਹੋ ਜਾਣ ਕਾਰਨ
(ਸ) ਸੁੱਖਾਂ ਦੀ ਪ੍ਰਾਪਤੀ ਲਈ
ਪ੍ਰਸ਼ਨ. ‘ਮਸਨੂਈ’ ਸ਼ਬਦ ਦਾ ਅਰਥ ਦੱਸੋ।
(ੳ) ਸਹਾਰਾ
(ਅ) ਬਨਾਵਟੀ
(ੲ) ਤਰੱਕੀ
(ਸ) ਵਿਸ਼ੇਸ਼
ਪ੍ਰਸ਼ਨ. ਭੀੜ ਵਧਣ ਦੇ ਬਾਵਜੂਦ ਵੀ ਇਨਸਾਨ ਕਿਹੋ ਜਿਹਾ ਹੈ?
(ੳ) ਇਕੱਲਾ
(ਅ) ਖੁਸ਼
(ੲ) ਅਰਾਮਦਾਇਕ
(ਸ) ਡਰਿਆ ਸਹਿਮਿਆਂ
ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।
(ੳ) ਮਨੁੱਖ ਤੇ ਨਸ਼ਾ
(ਅ) ਅਧੂਰੀਆਂ ਖ਼ਾਹਿਸ਼ਾਂ
(ੲ) ਚਿੰਤਾਵਾਂ
(ਸ) ਇਕੱਲਤਾ