CBSEComprehension PassageEducationਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਨੌਜਵਾਨਾਂ ਦਾ ਦੁਖਾਂਤ


ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਉਸ ਦੇ ਹੇਠਾਂ ਪੁੱਛੇ ਗਏ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ:


ਸਾਡੇ ਅਨੇਕ ਨੌਜਵਾਨ ਜ਼ਿੰਦਗੀ ਦੇ ਚੁਰਸਤੇ ਉੱਤੇ ਡਾਵਾਂ-ਡੋਲ ਖੜੋਤੇ ਵਿਖਾਈ ਦੇ ਰਹੇ ਹਨ। ਉਹ ਹਰ ਪਾਸੇ ਵੇਖ ਰਹੇ ਹਨ, ਪਰ ਆਪਣੀ ਜ਼ਿੰਦਗੀ ਦੇ ਕੰਮ ਦੀ ਚੋਣ ਨਹੀਂ ਕਰ ਸਕਦੇ। ਪਹਿਲੋਂ ਤਾਂ ਉਹਨਾਂ ਨੂੰ ਕਰਨ ਵਾਲੇ ਕੰਮ ਹੀ ਬਹੁਤੇ ਨਹੀਂ ਦਿਸਦੇ ਤੇ ਫੇਰ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿਸ ਕੰਮ ਲਈ ਯੋਗਤਾ ਰੱਖਦੇ ਹਨ। ਇਸ ਚੋਣ ਉੱਤੇ ਹੀ ਜ਼ਿੰਦਗੀ ਦੀ ਕਾਮਯਾਬੀ ਨਿਰਭਰ ਹੈ। ਅਨੇਕਾਂ ਕੀਮਤੀ ਜ਼ਿੰਦਗੀਆਂ ਸਿਰਫ਼ ਏਸ ਲਈ ਆਪਣਾ ਮੁੱਲ ਨਹੀਂ ਪੁਆ ਸਕੀਆਂ ਕਿ ਉਹਨਾਂ ਦੇ ਕੰਮ ਦੀ ਚੋਣ ਗ਼ਲਤ ਸੀ। ਸਾਰੀ ਉਮਰ ਗੋਲ ਸੁਰਾਖ ਵਿੱਚ ਜੋੜਨ ਲਈ ਉਹ ਆਪਣੇ ਚੌਰਸ ਕਿੱਲੇ ਦੀਆਂ ਨੁੱਕਰਾਂ ਛਿੱਲਦੇ ਰਹਿੰਦੇ ਹਨ। ਕੰਮ ਦੀ ਚੋਣ ਜ਼ਿੰਦਗੀ ਦੇ ਪਹਿਲੇ ਇੱਕ ਜਾਂ ਦੋ ਫ਼ੈਸਲਿਆਂ ਵਿੱਚੋਂ ਹੈ। ਹਜ਼ਾਰਾਂ ਜ਼ਿੰਦਗੀਆਂ ਗ਼ਲਤ ਚੋਣ ਕਰ ਕੇ ਨਿਕੰਮੀਆਂ ਤੇ ਨਾਖ਼ੁਸ਼ ਰਹਿ ਜਾਂਦੀਆਂ ਹਨ। ਜਦ ਤਕ ਇੱਕ ਕਾਰੀਗਰ ਨੂੰ ਆਪਣੇ ਹੱਥਲੇ ਕੰਮ ਵਿੱਚੋਂ ਰੋਜ਼ੀ ਤੋਂ ਛੁੱਟ ਹੋਰ ਕੋਈ ਆਨੰਦ ਪ੍ਰਾਪਤ ਨਹੀਂ ਹੁੰਦਾ, ਉਹ ਨਾ ਤਾਂ ਆਪਣੇ ਕੰਮ ਵਿੱਚ ਕਮਾਲ ਦੀ ਆਸ ਰੱਖ ਸਕਦਾ ਹੈ ਤੇ ਨਾ ਹੀ ਉਸ ਕੰਮ ਦੇ ਵਸੀਲੇ ਨਾਲ ਆਪਣੀ ਆਤਮਾ ਵਿੱਚ ਖੇੜਾ ਲਿਆ ਸਕਦਾ ਹੈ। ਜਿਸ ਦਿਲ ਵਿੱਚ ਉਸ ਦੇ ਹੱਥਾਂ ਦੀ ਕਾਰ ਕਈ ਵਾਰੀ ਹੁਲਾਸ ਤੇ ਖੇੜਾ ਨਹੀਂ ਲਿਆਉਂਦੀ, ਉਹ ਉਸ ਫੁੱਲ ਵਾਂਗ ਬੇਨਿਖਾਰ ਰਹਿੰਦਾ ਹੈ, ਜਿਸ ਉੱਤੇ ਸ਼ਬਨਮ ਦਾ ਮੋਤੀ ਨਹੀਂ ਥਿਰਕਿਆ ਤੇ ਨਾ ਆਕਾਸ਼ੋਂ ਚਿੱਟੇ ਮੀਂਹ ਦਾ ਕਤਰਾ ਕਦੇ ਡਿੱਗਾ ਹੈ।


ਪ੍ਰਸ਼ਨ. ਸਾਡੇ ਅਨੇਕਾਂ ਨੌਜਵਾਨ ਜ਼ਿੰਦਗੀ ਦੇ ਚੁਰੱਸਤੇ ਉੱਤੇ ਕਿਸ ਤਰ੍ਹਾਂ ਵਿਖਾਈ ਦੇ ਰਹੇ ਹਨ?

(ੳ) ਅਤਿ ਪ੍ਰਸੰਨ

(ਅ) ਉਦਾਸ

(ੲ) ਡਾਵਾਂਡੋਲ

(ਸ) ਸੰਤੁਸ਼ਟ

ਪ੍ਰਸ਼ਨ. ਨੌਜਵਾਨ ਕਿਹੜੀ ਚੋਣ ਨਹੀਂ ਕਰ ਸਕੇ?

(ੳ) ਪੜ੍ਹਾਈ ਦੀ

(ਅ) ਵਿਸ਼ੇ ਦੀ

(ੲ) ਸ਼ਹਿਰ ਦੀ

(ਸ) ਕੰਮ ਦੀ

ਪ੍ਰਸ਼ਣ. ਅਨੇਕਾਂ ਜ਼ਿੰਦਗੀਆਂ ਆਪਣਾ ਮੁੱਲ ਕਿਉਂ ਨਹੀਂ ਪੁਆ ਸਕੀਆਂ?

(ੳ) ਕੰਮ ਦੀ ਗ਼ਲਤ ਚੋਣ ਕਾਰਨ

(ਅ) ਘੱਟ ਮਿਹਨਤ ਕਾਰਨ

(ੲ) ਤੰਦਰੁਸਤ ਨਾ ਹੋਣ ਕਾਰਨ

(ਸ) ਆਰਥਿਕ ਕਾਰਨ

ਪ੍ਰਸ਼ਨ. ਇੱਕ ਕਾਰੀਗਰ ਨੂੰ ਰੋਜ਼ੀ ਰੋਟੀ ਤੋਂ ਇਲਾਵਾ ਕਿਰਤ ‘ਚੋਂ ਕੀ ਪ੍ਰਾਪਤ ਹੋਣਾ ਚਾਹੀਦਾ ਹੈ?

(ੳ) ਬੇਅੰਤ ਧੰਨ

(ਅ) ਸਹੂਲਤਾਂ

(ੲ) ਅਨੰਦ

(ਸ) ਸਿੱਧੀ

ਪ੍ਰਸ਼ਨ. ਜਿਸ ਦੇ ਦਿਲ ਵਿੱਚ ਕਿਰਤ ਖੁਸ਼ੀ ਨਹੀਂ ਭਰਦੀ ਉਹ ਕਿਸ ਤਰ੍ਹਾਂ ਜਾਪਦਾ ਹੈ?

(ੳ) ਫੁੱਲ ਵਾਂਗ

(ਅ) ਸੂਰਜ ਵਾਂਗ

(ੲ) ਮੀਂਹ ਵਾਂਗ

(ਸ) ਬੇਨਿਖ਼ਾਰ ਫੁੱਲ ਵਾਂਗ

ਪ੍ਰਸ਼ਨ. ‘ਸ਼ਬਨਮ ਦਾ ਮੋਤੀ’ ਕਿਸ ਨੂੰ ਕਿਹਾ ਹੈ?

(ੳ) ਫੁੱਲ ਨੂੰ

(ਅ) ਕਿਰਤ ਨੂੰ

(ੲ) ਤ੍ਰੇਲ ਨੂੰ

(ਸ) ਖ਼ੁਸ਼ੀ ਨੂੰ

ਪ੍ਰਸ਼ਨ. ਜਿਸ ਫੁੱਲ ‘ਤੇ ਅਕਾਸ਼ੋਂ ਚਿੱਟੇ ਮੀਂਹ ਦਾ ਕਤਰਾ ਨਹੀਂ ਡਿੱਗਾ, ਉਹ ਕਿਹੋ ਜਿਹਾ ਰਹਿੰਦਾ ਹੈ?

(ੳ) ਖੂਸਬੂਰਤ

(ਅ) ਬੇਨਿਖ਼ਾਰ

(ੲ) ਖੁਸ਼ਬੂਦਾਰ

(ਸ) ਖਿੜਿਆ

ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।

(ੳ) ਕੰਮ ਦੀ ਚੋਣ

(ਅ) ਕਿਰਤ ਦਾ ਮੁੱਲ

(ੲ) ਨੌਜਵਾਨਾਂ ਦਾ ਦੁਖਾਂਤ

(ਸ) ਡਾਵਾਂਡੋਲ ਜ਼ਿੰਦਗੀ