Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ ਅਤੇ ਮੁਹਾਵਰੇ



1. ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼? – ਜਦੋਂ ਆਪਣੇ ਧੀਆਂ ਪੁੱਤਰਾਂ ਵਿਚ ਨੁਕਸ ਹੋਵੇ, ਤਾਂ ਉਨ੍ਹਾਂ ਨੂੰ ਕਸੂਰਵਾਰ ਠਹਿਰਾਉਣ ਵਾਲਿਆਂ ਨੂੰ ਗਲਤ ਨਹੀਂ ਆਖਿਆ ਜਾ ਸਕਦਾ।

2. ਪੰਚਾਂ ਦਾ ਕਿਹਾ ਸਿਰ ਮੱਥੇ ਤੇ, ਪਰਨਾਲਾ ਓਥੇ ਹੀ ਜਾਂ ਪੰਚਾਂ ਦਾ ਕਿਹਾ ਸਿਰ ਮੱਥੇ, ਤੇ ਪਰਨਾਲਾ ਓਥੇ ਦਾ ਓਥੇ – ਇਹ ਅਖਾਣ ਉਸ ਆਦਮੀ ਉੱਤੇ ਘਟਾਉਂਦੇ ਹਨ ਜੋ ਜ਼ਬਾਨੀ-ਕਲਾਮੀ ਤਾਂ ਸਮਝਾਉਣ ਵਾਲਿਆਂ ਦੀ ਗੱਲ ਮੰਨ ਲਏ, ਪਰ ਅਸਲ ਵਿਚ ਆਪਣੀ ਜ਼ਿੱਦ ਤੇ ਅੜਿਆ ਰਹੇ।

3. ਪੰਜੇ ਉਂਗਲਾਂ ਬਰਾਬਰ (ਇੱਕੋ ਜਿਹੀਆਂ) ਨਹੀਂ ਹੁੰਦੀਆਂ – ਸਾਰੇ ਮਨੁੱਖ ਇੱਕੇ ਜਿਹੇ ਨਹੀਂ ਹੁੰਦੇ।

4. ਪੁੱਟਿਆ ਪਹਾੜ, ਨਿਕਲਿਆ ਚੂਹਾ – ਜਦ ਸਖ਼ਤ ਮਿਹਨਤ ਪਿੱਛੋਂ ਕਿਸੇ ਨੂੰ ਬਹੁਤ ਥੋੜ੍ਹਾ ਫਲ ਮਿਲੇ। ਇਹ ਅਖਾਣ ਉਸ ਆਦਮੀ ਤੇ ਵੀ ਘਟਾਉਂਦੇ ਹਨ, ਜੋ ਇਹ ਪਰਗਟ ਕਰੇ ਕਿ ਉਹਦੇ ਕੋਲ ਕੋਈ ਵੱਡਾ ਗੁੱਝਾ ਭੇਦ ਹੈ ਜਾਂ ਉਸ ਨੇ ਕੋਈ ਵੱਡੀ ਮੱਲ ਮਾਰੀ ਹੈ, ਪਰ ਪਤਾ ਲੱਗਣ ਤੇ ਉਹ ਗੱਲ ਉ ਨਿਗੂਣੀ ਜਿਹੀ ਜਾਪੇ।

ਜਾਂ

ਸਾਰੀ ਰਾਤ ਭੰਨੀ ਤੇ ਕੁੜੀ ਜੰਮ ਪਈ ਅੰਨ੍ਹੀ – ਇਹ ਅਖਾਣ ਉਦੋਂ ਵਰਤਦੇ ਹਨ, ਜਦ ਬਹੁਤ ਜ਼ਿਆਦਾ ਮਿਹਨਤ ਕਰਕੇ ਉਸ ਦਾ ਫਲ ਬਹੁਤ ਥੋੜ੍ਹਾ ਮਿਲੇ।

5. ਪੇਟ ਨਾ ਪਈਆਂ ਰੋਟੀਆਂ, ਤਾਂ ਸੱਭੇ ਗੱਲਾਂ ਖੋਟੀਆਂ – ਜਦ ਬੰਦਾ ਭੁੱਖਾ ਹੋਵੇ, ਤਾਂ ਉਸ ਨੂੰ ਹੋਰ ਗੱਲਾਂ ਚੰਗੀਆਂ ਨਹੀਂ ਲਗਦੀਆਂ।

6. ਪਿੰਡ ਨੂੰ ਅੱਗ ਲੱਗੀ, ਕੁੱਤਾ ਰੂੜੀ ਤੇ – ਇਹ ਅਖਾਣ ਉਸ ਆਦਮੀ ਉੱਤੇ ਘਟਾਉਂਦੇ ਹਨ, ਜੋ ਕੋਈ ਮੁਸੀਬਤ ਆਉਣ ਉੱਤੇ ਸਾਥੀਆਂ ਦਾ ਸਾਥ ਛੱਡ ਦੇਵੇ।

7. ਪਿੰਡ ਪਿਆ ਨਹੀਂ ਉਚੱਕੇ ਪਹਿਲਾਂ ਹੀ – ਇਹ ਅਖਾਣ ਉਦੋਂ ਵਰਤਦੇ ਹਨ, ਜਦੋਂ ਕੋਈ ਚੀਜ਼ ਅਜੇ ਤਿਆਰ ਨਾ ਹੋਈ ਹੋਵੇ, ਪਰ ਉਸ ਤੋਂ ਜਾਤੀ ਲਾਭ ਉਠਾਉਣ ਵਾਲੇ ਪਹਿਲਾਂ ਹੀ ਕਮਰ ਕਸੇ ਕਰ ਲੈਣ।

8. ਪਾਣੀ ਵਿਚ ਸੋਟਾ ਮਾਰਿਆਂ ਦੋ ਨਹੀਂ ਹੁੰਦੇ – ਮਿਲ ਕੇ ਰਹਿਣ ਵਾਲੇ ਪਰਿਵਾਰ ਵਿਚ ਕੋਈ ਆਦਮੀ ਨਿਕੰਮੇ ਜਤਨਾਂ ਨਾਲ ਦੁਫੇੜ ਨਹੀਂ ਪੁਆ ਸਕਦਾ।

ਜਾਂ

ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ – ਭਰਾ ਭਰਾ ਲੜ ਕੇ ਸਦਾ ਲਈ ਇਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ।

9. ਪਰਾਈ ਮੁੰਡੇ, ਅੰਮਾ ਦਾਤੀ – ਇਹ ਅਖਾਣ ਓਦੋਂ ਵਰਤਦੇ ਹਨ, ਜਦ ਚੀਜ਼ ਤਾਂ ਕਿਸੇ ਹੋਰ ਦੀ ਹੋਵੇ, ਪਰ ਉਹਨੂੰ ਵੰਡਣ ਵਾਲਾ ਉਸ ਨੂੰ ਆਪਣੀ ਸਮਝ ਕੇ ਜਾਂ ਦਸ ਕੇ ਆਕੜ ਕਰੇ ਜਾਂ ਕਿਸੇ ਨੂੰ ਦੇਣ ਦਾ ਦਾਵਾ ਕਰੇ।

10. ਪਰਾਈ ਜੰਞ ਤੇ ਅਹਿਮਕ ਨੱਚੇ – ਇਹ ਅਖਾਣ ਕਿਸੇ ਹੋਰ ਦੀ ਵਡਿਆਈ ਉੱਤੇ ਖ਼ੁਸ਼ ਹੋਣ ਜਾਂ ਆਕੜਨ ਵਾਲੇ ਬੰਦੇ ਉੱਤੇ ਘਟਾਉਂਦੇ ਹਨ।

11. ਪੱਲੇ ਨਹੀਂ ਸੇਰ ਆਟਾ, ਹੀਂਗਦੀ ਦਾ ਸੰਘ ਪਾਟਾ / ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ, ਜੀਹਦੇ ਕੋਲ ਪੈਸੇ ਬਹੁਤ ਘੱਟ ਹੋਣ, ਪਰ ਖ਼ਰਚ ਕਰਨ ਦੀਆਂ ਵੱਡੀਆਂ-ਵੱਡੀਆਂ ਸਕੀਮਾਂ ਬਣਾਏ।

12. ਪੜ੍ਹੇ ਨਾ ਲਿਖੇ, ਨਾਂ ਵਿਦਿਆ ਸਾਗਰ / ਅੱਖੋਂ ਦਿਸੇ ਨਾ, ਨਾਂ ਨੂਰ ਭਰੀ / ਅੱਖੋਂ ਅੰਨ੍ਹੀ, ਨਾਂ ਚਰਾਗੋ / ਅੱਖੋਂ ਅੰਨ੍ਹੀ, ਨਾਂ ਨੂਰ ਕੌਰ – ਉਪਰਲੇ ਸਾਰੇ ਅਖਾਣ ਉਸ ਆਦਮੀ ਜਾਂ ਇਸਤਰੀ ਤੇ ਘਟਾਉਂਦੇ ਹਨ, ਜਿਸ ਦਾ ਨਾਂ ਉਸ ਦੇ ਗੁਣਾਂ ਦੇ ਐਨ ਉਲਟ ਹੋਵੇ।

13. ਪੜਹੱਥੀਂ ਵਣਜ, ਸੁਨੇਹੀ ਖੇਤੀ, ਕਦੀ ਨਾ ਹੁੰਦੇ ਬੱਤੀਆਂ ਦੇ ਤੇਤੀ / ਖੋਤੀ ਖਸਮਾਂ ਸੇਤੀ / ਆਪ ਕਾਜ, ਮਹਾਂ ਕਾਜ / ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਐ (ਗੁਰੂ ਨਾਨਕ) – ਆਪਣਾ ਕੰਮ ਆਪ ਕੀਤਿਆਂ ਹੀ ਪੂਰੀ ਸਫਲਤਾ ਮਿਲਦੀ ਹੈ।

ਜਾਂ

ਆਪਣੇ ਕੰਮ ਲਈ ਦੂਜਿਆਂ ਤੇ ਆਸ ਨਹੀਂ ਰਖਣੀ ਚਾਹੀਦੀ।

ਜਾਂ

ਕਿਸੇ ਕੰਮ ਵਿਚ ਸਫਲਤਾ ਤਾਂ ਹੀ ਮਿਲਦੀ ਹੈ, ਜੇ ਮਾਲਿਕ ਆਪ ਖ਼ਿਆਲ ਰੱਖੇ ਅਰਥਾਤ ਆਪ ਕਰੇ ਜਾਂ ਆਪਣੀ ਨਿਗਰਾਨੀ ਵਿਚ ਕਰਾਏ।