ਛੋਟੀ ਭੈਣ ਨੂੰ ਪੱਤਰ
ਵੱਡੀ ਭੈਣ ਵੱਲੋਂ ਛੋਟੀ ਭੈਣ ਨੂੰ ਘਰ ਦਾ ਕੰਮ ਕਰਨ ਦੀ ਪ੍ਰੇਰਨਾ।
ਬੀ.120, ਲੱਕੜ ਬਾਜ਼ਾਰ,
ਸ਼ਿਮਲਾ।
ਜੂਨ 15, 2023
ਮੇਰੀ ਪਿਆਰੀ ਰੀਟਾ,
ਤੇਰੀ ਚਿੱਠੀ ਤੋਂ ਇਹ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਤੂੰ ਬੀ.ਏ. ਭਾਗ ਦੂਜਾ ਵਿਚ 65 ਪ੍ਰਤਿਸ਼ਤ ਨੰਬਰ ਪ੍ਰਾਪਤ ਕੀਤੇ ਹਨ। ਸ਼ਾਬਾਸ਼ ! ਸਾਡੇ ਸਾਰਿਆਂ ਵੱਲੋਂ ਤਨੂੰ ਹਾਰਦਿਕ ਵਧਾਈ ਹੋਵੇ। ਜੇ ਤੂੰ ਅਗਲੇ ਸਾਲ ਵੀ ਇਸੇ ਤਰ੍ਹਾਂ ਦਿਲ ਲਾ ਕੇ ਪੜ੍ਹਦੀ ਰਹੀ, ਤਾਂ ਬੀ.ਏ. ਵਿਚ ਤੇਰੀ ਫ਼ਸਟ ਡਿਵੀਜ਼ਨ ਆਵੱਸ਼ ਹੀ ਆ ਜਾਏਗੀ।
ਇਸ ਖ਼ੁਸ਼ੀ ਭਰੇ ਮੌਕੇ ਤੇ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀ ਹਾਂ। ਦੋ ਮਹੀਨੇ ਹੋਏ, ਮਾਤਾ ਜੀ ਦੀ ਚਿੱਠੀ ਆਈ ਸੀ ਕਿ ਭਾਵੇਂ ਰੀਟਾ ਇਮਤਿਹਾਨ ਤੋਂ ਵਿਹਲੀ ਹੋ ਗਈ ਹੈ, ਪਰ ਕੀ ਮਜ਼ਾਲ ਕਿ ਘਰ ਦੇ ਕੰਮ ਵਿਚ ਮੇਰਾ ਜ਼ਰਾ ਵੀ ਹੱਥ ਵਟਾਏ ਸਾਰਾ ਦਿਨ ਲੇਟੀ ਰਹਿੰਦੀ ਹੈ ਜਾਂ ਇਕ ਕੋਨੇ ਵਿਚ ਬਹਿ ਕੇ ਨਾਵਲ ਪੜ੍ਹਦੀ ਰਹਿੰਦੀ ਹੈ। ਇਹ ਪੜ੍ਹ ਕੇ ਮੈਨੂੰ ਬੜੀ ਪ੍ਰੇਸ਼ਾਨੀ ਹੋਈ ਤੇ ਮੈਂ ਸੋਚਿਆ ਕਿ ਕੋਈ ਮੌਕਾ ਵੇਖ ਕੇ ਤੈਨੂੰ ਇਸ ਬਾਰੇ ਲਿਖਾਂਗੀ।
ਪਿਆਰੀ ਰੀਟਾ ! ਮੈਨੂੰ ਤਾਂ ਕਦੀ ਸੁਪਨੇ ਵਿਚ ਵੀ ਇਹ ਖ਼ਿਆਲ ਨਹੀਂ ਸੀ ਆਇਆ ਕਿ ਤੇਰੇ ਵਰਗੀ ਸਿਆਣੀ ਤੇ ਸੁਘੜ ਕੁੜੀ ਵੀ ਕੁਝ ਹੋਛੀਆਂ ਕੁੜੀਆਂ ਵਾਙ ਪੜ ਲਿਖ ਕੇ ਕੰਮ ਕਰਨ ਤੋਂ ਨੱਕ ਵੱਟਣ ਲਗ ਪਏਗੀ। ਤੂੰ ਇਹ ਕਿਵੇਂ ਸਮਝ ਲਿਆ ਕਿ ਪੜ੍ਹੀਆਂ ਹੋਈਆਂ ਕੁੜੀਆਂ ਦਾ ਕੰਮ ਸਿਰਫ਼ ਨਾਵਲ ਪੜ੍ਹਨਾ ਜਾਂ ਵਿਹਲੇ ਬਹਿ ਰਹਿਣਾ ਹੈ ਅਤੇ ਹੱਥੀਂ ਕੰਮ ਕੀਤਿਆਂ ਸ਼ਾਨ ਵਿਚ ਫ਼ਰਕ ਆਉਂਦਾ ਹੈ ਜਾਂ ਘਿਸ ਜਾਈਦਾ ਹੈ। ਸੱਚ ਤਾਂ ਇਹ ਹੈ ਕਿ ਨਿਕੰਮਾ ਸਰੀਰ ਨਿਰਬਲ ਤੇ ਰੋਗੀ ਹੋ ਜਾਂਦਾ ਹੈ ਤੇ ਜੀਵਨ ਦਾ ਸੁਆਦ ਹੀ ਮਾਰਿਆ ਜਾਂਦਾ ਹੈ।
ਰੀਟਾ ਰਾਣੀ ! ਇਸਤ੍ਰੀ ਭਾਵੇਂ ਕਿਨੀ ਉਚੀ ਪੜ੍ਹਾਈ ਕਰ ਲਏ, ਉਹਦਾ ਮੁੱਖ ਕੰਮ ਤਾਂ ਘਰ ਦੀ ਸੰਭਾਲ ਕਰਨਾ ਹੀ ਰਹੇਗਾ। ਅਖ਼ੀਰ ਕਲ੍ਹ ਨੂੰ ਤੂੰ ਅਪਣਾ ਘਰ ਵਸਾਉਣਾ ਹੈ ਤੇ ਘਰ ਦਾ ਸਾਰਾ ਕੰਮ- ਕਾਜ ਤੈਨੂੰ ਹੀ ਕਰਨਾ ਪੈਣਾ ਹੈ। ਘਰ ਵਿਚ ਨੌਕਰ ਰੱਖਣ ਦੀ ਪਹਿਲਾਂ ਤਾਂ ਹਰੇਕ ਦੀ ਸਮਰੱਥਾ ਨਹੀਂ ਹੁੰਦੀ, ਪਰ ਜੇ ਨੌਕਰ ਹੋਵੇ, ਤਾਂ ਵੀ ਬਹੁਤ ਕੰਮ ਅਜਿਹੇ ਹਨ, ਜਿਹੜੇ ਸਾਨੂੰ ਆਪ ਕਰਨੇ ਚਾਹੀਦੇ ਹਨ, ਤੇ ਬਾਕੀ ਸਭ ਕੰਮਾਂ ਦੀ ਨਿਗਰਾਨੀ ਕਰਨਾ ਆਵੱਸ਼ਕ ਹੈ। ਸਭ ਕੰਮ ਨੌਕਰਾਂ ਤੇ ਛੱਡਿਆ ਤਾਂ ਘਰ ਉਜੱੜ ਜਾਂਦਾ ਹੈ। ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਵਾਸਤੇ ਪੇਕਾ ਘਰ ਪ੍ਰਯੋਗਸ਼ਾਲਾ ਦੀ ਨਿਆਈ ਹੈ, ਜਿਥੇ ਹਰੇਕ ਕੰਮ-ਖਾਣਾ ਪਕਾਉਣ ਤੇ ਸਿਲਾਈ, ਕਢਾਈ, ਉਣਾਈ ਦੀ ਟ੍ਰੇਨਿੰਗ ਲੈ ਲੈਣੀ ਚਾਹੀਦੀ ਹੈ। ਉਚੀ ਪੜ੍ਹਾਈ ਇਸ ਲਈ ਕੀਤੀ ਜਾਂਦੀ ਹੈ ਕਿ ਇਕ ਗ੍ਰਹਿਣੀ ਨੂੰ ਘਰ ਦਾ ਕੰਮ ਵਧੇਰੇ ਸੁਚੱਜਤਾ, ਸਿਆਣਪ ਤੇ ਸੰਜਮ ਨਾਲ ਕਰਨਾ ਆ ਜਾਏ ਤੇ ਉਹ ਮਿੱਠਤ, ਨਿੰਮਰਤਾ ਤੇ ਸੇਵਾ-ਭਾਵ ਆਦਿ ਸ਼ੁਭ ਗੁਣ ਸਿੱਖ ਲਏ। ਘਰ ਦੀ ਠੀਕ ਤਰ੍ਹਾਂ ਸੰਭਾਲ ਕਰਕੇ ਹੀ ਅਸੀਂ ਆਪਣੇ ਮਾਪਿਆਂ, ਪਤੀ ਤੇ ਸੰਤਾਨ ਦੀ ਪ੍ਰਸੰਨਤਾ ਪ੍ਰਾਪਤ ਕਰ ਸਕਦੀਆਂ ਤੇ ਆਪਣਾ ਜੀਵਨ ਸਫਲ ਕਰ ਸਕਦੀਆਂ ਹਾਂ।
ਬੀਬੀ ਭੈਣ ! ਮੈਨੂੰ ਪੂਰੀ ਉਮੀਦ ਹੈ ਕਿ ਤੂੰ ਇਨ੍ਹਾਂ ਗੱਲਾਂ ਵੱਲ ਪੂਰਾ ਧਿਆਨ ਦੇਵੇਂਗੀ ਤੇ ਵਿਹਲੇ ਵਕਤ ਵਿਚ ਮਾਤਾ ਜੀ ਦਾ ਪੂਰਾ ਹੱਥ ਵਟਾਇਆ ਕਰੇਂਗੀ। ਇਹ ‘ਇਕ ਪੰਥ, ਦੋ ਕਾਜ’ ਵਾਲੀ ਗੱਲ ਹੈ। ਮਾਤਾ ਜੀ ਖ਼ੁਸ਼ ਰਹਿਣਗੇ ਤੇ ਤੈਨੂੰ ਘਰ ਦੇ ਕੰਮਾਂ ਦਾ ਤਜਰਬਾ ਹੋ ਜਾਏਗਾ।
ਮਾਤਾ ਜੀ ਤੇ ਪਿਤਾ ਜੀ ਨੂੰ ਨਮਸਤੇ। ਤੈਨੂੰ ਤੇ ਭੋਲੂ ਨੂੰ ਪਿਆਰ।
ਤੇਰੀ ਪਿਆਰੀ ਭੈਣ,
ਮੀਨਾਕਸ਼ੀ