CBSEEducationLetters (ਪੱਤਰ)ਚਿੱਠੀ ਪੱਤਰ ਅਤੇ ਅਰਜ਼ੀ (Letters and Applications)

ਪਿੰਡ ਵਿੱਚ ਹੋ ਰਹੀ ਚੋਰੀ ਬਾਰੇ ਪੱਤਰ


ਸੁਪਰਿਨਟੈਂਡੈਂਟ ਪੁਲੀਸ ਨੂੰ ਪਿੰਡ ਵਿਚ ਹੋ ਰਹੀਆਂ ਚੋਰੀਆਂ ਤੇ ਥਾਣੇ ਵਾਲਿਆਂ ਦੀ ਅਣਗਹਿਲੀ ਬਾਬਤ ਪੱਤਰ।


ਪਿੰਡ ਤੇ ਡਾਕਖਾਨਾ ਢੁੱਡੀਕੇ,

ਜ਼ਿਲ੍ਹਾ ਫਿਰੋਜ਼ਪੁਰ

1 ਸਤੰਬਰ, 2023

ਜੋਗ :

ਸੀਨੀਅਰ ਸੁਪਰਿਨਟੈਂਡੈਂਟ ਪੁਲੀਸ,

ਜ਼ਿਲ੍ਹਾ ਫਿਰੋਜ਼ਪੁਰ,

ਫਿਰੋਜ਼ਪੁਰ।

ਸ੍ਰੀਮਾਨ ਜੀ,

ਸਾਨੂੰ ਬੜੇ ਦੁੱਖ ਨਾਲ ਇਹ ਗੱਲ ਆਪ ਦੇ ਧਿਆਨ ਵਿਚ ਲਿਆਉਣੀ ਪੈ ਰਹੀ ਹੈ ਕਿ ਪਿਛਲੇ ਦੋ – ਤਿੰਨ ਮਹੀਨਿਆਂ ਤੋਂ ਸਾਡੇ ਪਿੰਡ ਵਿਚ ਚੋਰੀ ਦੀਆਂ ਲਗਾਤਾਰ ਕਈ ਵਾਰਦਾਤਾਂ ਹੋਈਆਂ ਹਨ। ਔਸਤਨ ਹਰ ਮਹੀਨੇ ਪੰਜ-ਛੇ ਚੋਰੀਆਂ ਹੋ ਜਾਂਦੀਆਂ ਹਨ। ਸਾਡੇ ਪਿੰਡ ਥਾਣਾ ਵੀ ਹੈ ਤੇ ਅਸੀਂ ਬਾਕਾਇਦਾ ਉਥੇ ਰਿਪੋਟ ਲਿਖਾ ਦੇਂਦੇ ਹਾਂ। ਪੁੱਛ-ਗਿੱਛ ਵਿਚ ਅਸੀਂ ਪੁਲੀਸ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਰਹਿੰਦੇ ਹਾਂ, ਪਰੰਤੂ ਥਾਣੇ ਵਾਲੇ ਇਨ੍ਹਾਂ ਚੋਰੀਆਂ ਨੂੰ ਮਾਮੂਲੀ ਜਿਹੀ ਗੱਲ ਸਮਝ ਕੇ ਇਨ੍ਹਾਂ ਦੀ ਸੂਹ ਕੱਢਣ ਲਈ ਚੀਚੀ ਉਂਗਲ ਤਕ ਨਹੀਂ ਹਿਲਾਉਂਦੇ। ਸ਼ਾਇਦ ਇਸ ਲਈ ਕਿ ਉਨ੍ਹਾਂ ਦੀ ਆਸ ਅਨੁਸਾਰ ਅਸੀਂ ਉਨ੍ਹਾਂ ਦੀ ਮੁੱਠੀ ਗਰਮ ਨਹੀਂ ਕਰਦੇ। ਅਜੇ ਤਕ ਡੇਢ ਦਰਜਨ ਵਾਰਦਾਤਾਂ ਵਿਚੋਂ ਕਿਸੇ ਇਕ ਦਾ ਵੀ ਪਤਾ ਨਹੀਂ ਲੱਗਾ। ਵਧੇਰੇ ਦੁੱਖ ਇਸ ਗੱਲ ਦਾ ਹੈ ਕਿ ਅੱਗੋਂ ਤੋਂ ਚੋਰੀ ਦੀਆਂ ਵਾਰਦਾਤਾਂ ਰੋਕਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।

ਅਜਿਹੀ ਹਾਲਤ ਵਿਚ ਪਿੰਡ ਵਾਲਿਆਂ ਨੂੰ ਇਹ ਸ਼ੱਕ ਹੋ ਜਾਣਾ ਕੁਦਰਤੀ ਹੈ ਕਿ ਇਨ੍ਹਾਂ ਵਾਰਦਾਤਾਂ ਵਿਚ ਇਸ ਥਾਣੇ ਦੇ ਕਰਮਚਾਰੀਆਂ ਦਾ ਵੀ ਹੱਥ ਹੈ। ਇਸ ਮਿਲੀ-ਭਗਤ ਤੋਂ ਬਿਨਾਂ ਇਕ ਪਿੰਡ ਵਿਚ ਇੰਨੀਆਂ ਚੋਰੀਆਂ ਕਿਵੇਂ ਹੋ ਸਕਦੀਆਂ ਹਨ। ਤੇ ਜੇ ਕਦੇ-ਕਦਾਈਂ ਕੋਈ ਹੋ ਜਾਏ, ਤਾਂ ਉਹਦੀ ਸੂਹ ਕਿਉਂ ਨਾ ਮਿਲੇ। ਘੱਟੋਂ-ਘੱਟ ਮੁਜਰਮਾਂ ਨਾਲ ਲਾਪਰਵਾਹੀ ਤੇ ਗੈਰ-ਜ਼ਿੰਮੇਵਾਰੀ ਦੇ ਦੋਸ਼ ਤੋਂ ਇਸ ਥਾਣੇ ਵਾਲੇ ਨਹੀਂ ਬਚ ਸਕਦੇ।

ਸੋ, ਅਸੀਂ ਤੁਹਾਡੇ ਕੋਲ ਸਨਿਮਰ ਬੇਨਤੀ ਕਰਦੇ ਹਾਂ ਕਿ ਤੁਸੀਂ ਜਾਤੀ ਦਿਲਚਸਪੀ ਲੈ ਕੇ ਸਾਨੂੰ ਇਸ ਹਨੇਰ ਗਰਦੀ ਤੋਂ ਬਚਾਓ ਤੇ ਇੱਥੇ ਦੇ ਪੁਲਸ ਕਰਮਚਾਰੀਆਂ ਦੇ ਕੰਨ ਖਿੱਚੋ। ਜੇ ਕਿਸੇ ਸੀਨੀਅਰ ਅਫਸਰ ਜਾਂ ਸੀ.ਆਈ.ਡੀ. ਦੇ ਕਿਸੇ ਉੱਚ ਅਧਿਕਾਰੀ ਤੋਂ ਪੜਤਾਲ ਕਰਾਈ ਜਾਏ, ਤਾਂ ਕੁਝ ਚੋਰੀਆਂ ਦਾ ਪਤਾ ਲਗ ਸਕਦਾ ਹੈ। ਇਸ ਸੰਬੰਧ ਵਿਚ ਇਸ ਥਾਣੇ ਦੇ ਦੋ ਤਿੰਨ ਜ਼ਿੰਮੇਵਾਰ ਅਧਿਕਾਰੀਆਂ ਦੀ ਤਬਦੀਲੀ ਵੀ ਹਾਲਤ ਵਿਚ ਸੁਧਾਰ ਲਿਆ ਸਕਦੀ ਹੈ।

ਧੰਨਵਾਦ ਸਹਿਤ,

ਆਪ ਦੇ ਵਿਸ਼ਵਾਸ-ਪਾਤਰ,

ਅਜਾਇਬ ਸਿੰਘ ਗਿੱਲ ਨੰਬਰਦਾਰ।

ਉਜਾਗਰ ਸਿੰਘ ਬਰਾੜ ਸਰਪੰਚ।