ਕਵਿਤਾ – ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ
ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ,
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ।
ਸਮਝਾਂ ਫ਼ਾਰਸੀ, ਉਰਦੂ ਵੀ ਖ਼ੂਬ ਬੋਲਾਂ,
ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ।
ਬੋਲੀ ਆਪਣੀ ਨਾਲ ਪਿਆਰ ਰੱਖਾਂ,
ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ।
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ,
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।
ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।
ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ,
ਡੋਬ-ਡੋਬ ਕੇ ਜਿੰਦਗੀ ਰੰਗਦਾ ਹਾਂ।
ਰਵਾਂ ਇੱਥੇ ਤੇ ਯੂ.ਪੀ. ਚ ਕਰਾਂ ਗੱਲਾਂ,
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ।
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
ਫ਼ੀਰੋਜ਼ਦੀਨ ਸ਼ਰਫ਼