ਲੇਖ – ਮਹਾਰਾਜਾ ਰਣਜੀਤ ਸਿੰਘ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਦੂਜੀ ਜਨਮ-ਸ਼ਤਾਬਦੀ, 1980 ਵਿਚ ਮਨਾਈ ਗਈ, ਉਹ ਮਹਾਨ ਪੁਰਸ਼ ਸਨ, ਜਿਨ੍ਹਾਂ ਨੇ ਅੱਠ ਸੌ ਸਾਲ ਬਾਅਦ 1800 ਈ. ਵਿਚ ਪੰਜਾਬ ਉਤੇ ਮੁੜ ਕੇ ਪੰਜਾਬੀਆਂ ਦਾ ਆਪਣਾ ਰਾਜ ਕਾਇਮ ਕੀਤਾ। ਉਨ੍ਹਾਂ ਨੇ ਸਿਕੰਦਰ ਮਹਾਨ ਦੇ ਵੇਲੇ ਤੋਂ ਪੰਜਾਬ ਉਤੇ ਪੱਛਮ ਵੱਲੋਂ ਹੋ ਰਹੇ ਹਮਲਿਆਂ ਦਾ ਮੂੰਹ ਤੋੜ ਕੇ ਖੈਬਰ ਤੇ ਜਮਰੌਦ ਤਕ ਪੰਜਾਬ ਦੀਆਂ ਹੱਦਾਂ ਵਧਾਈਆਂ ਇੱਥੋਂ ਤਕ ਕਿ ਕਾਬਲ ਤਕ ਦਾ ਇਲਾਕਾ ਉਨ੍ਹਾਂ ਦੇ ਅਸਰ ਰਸੂਖ ਹੇਠ ਆ ਗਿਆ।
ਰਣਜੀਤ ਸਿੰਘ ਦਾ ਜਨਮ 1780 ਵਿਚ ਸਰਦਾਰ ਮਹਾਂ ਸਿੰਘ ਦੇ ਘਰ, ਸਰਦਾਰਨੀ ਰਾਜ ਕੌਰ ਦੀ ਕੁੱਖੋਂ ਗੁਜਰਾਂਵਾਲਾ ਸ਼ਹਿਰ ਵਿਖੇ ਹੋਇਆ ਸੀ। ਉਸ ਵੇਲੇ ਪੰਜਾਬ ਵਿਚ ਮੁਗਲ ਹਕੂਮਤ ਲਗਭਗ ਖਤਮ ਹੋ ਚੁੱਕੀ ਸੀ ਤੇ ਇਸ ਦੇ ਕਈ ਵੱਖ-ਵੱਖ ਇਲਾਕਿਆਂ ਉੱਤੇ ਸਿੱਖਾਂ ਦੀਆਂ ਬਾਰਾਂ ਮਿਸਲਾਂ ਦਾ ਅਧਿਕਾਰ ਸੀ। ਰਣਜੀਤ ਸਿੰਘ ਦੇ ਵੱਡੇ ਵਡੇਰਿਆਂ ਨੇ ਸੁਕਰਚੱਕੀਆ ਮਿਸਲ ਕਾਇਮ ਕੀਤੀ ਸੀ। ਉਨ੍ਹਾਂ ਦੇ ਦਾਦਾ ਚੜ੍ਹਤ ਸਿੰਘ ਬੜੇ ਬਹਾਦਰ ਤੇ ਦਲੇਰ ਸਨ। ਉਨ੍ਹਾਂ ਨੇ ਗੁਜਰਾਂਵਾਲੇ ਤੇ ਇਸ ਦੇ ਆਲੇ ਦੁਆਲੇ ਦੇ ਬਹੁਤ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਨੇ ਲਗਾਤਾਰ ਕਈ ਜਿੱਤਾਂ ਪ੍ਰਾਪਤ ਕਰਕੇ ਆਪਣੇ ਇਲਾਕੇ ਨੂੰ ਹੋਰ ਵਧਾ ਲਿਆ।
ਰਣਜੀਤ ਸਿੰਘ ਅਜੇ ਬਾਰ੍ਹਾਂ ਸਾਲਾਂ ਦੇ ਸਨ ਕਿ ਉਨ੍ਹਾਂ ਦੇ ਪਿਤਾ ਚਲਾਣਾ ਕਰ ਗਏ ਤੇ ਰਾਜਕਾਜ ਦਾ ਕੰਮ ਬਾਲ ਰਣਜੀਤ ਸਿੰਘ ਦੇ ਸਿਰ ਤੇ ਆ ਗਿਆ। ਪਰ ਰਣਜੀਤ ਸਿੰਘ ਨੇ ਆਪਣੇ ਪਿਤਾ ਦੇ ਜੀਉਂਦੇ ਜੀਅ ਨਾ ਕੇਵਲ ਘੋੜ-ਸਵਾਰੀ ਤੇ ਸ਼ਸਤਰ ਵਿਦਿਆ ਵਿਚ ਨਿਪੁੰਨਤਾ ਪ੍ਰਾਪਤ ਕਰ ਲਈ ਸੀ, ਸਗੋਂ ਆਪਣੇ ਪਿਤਾ ਦੇ ਨਾਲ ਸ਼ਿਕਾਰ ਅਤੇ ਫੌਜੀ ਮੁਹਿੰਮਾਂ ਉਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਸੀ। ਉਹ ਅੱਕਣ – ਥੱਕਣ ਬਿਨਾਂ ਲਗਾਤਾਰ ਸਾਰਾ ਸਾਰਾ ਦਿਨ ਘੋੜੇ ਦੀ ਪਿੱਠ ਤੇ ਰਹਿ ਸਕਦਾ ਸਨ ਤੇ ਪਿਤਾ ਦੀ ਨਿਗਰਾਨੀ ਵਿਚ ਉਨ੍ਹਾਂ ਨੇ ਕਈ ਝੜਪਾਂ ਵਿਚ ਜਿੱਤ ਪ੍ਰਾਪਤ ਕੀਤੀ ਸੀ। ਉਹ ਅਜਿਹੀ ਫੁਰਤੀ ਨਾਲ ਤਲਵਾਰ ਵਾਹਂਦੇ ਸਨ ਕਿ ਵੱਡਿਆਂ-ਵੱਡਿਆਂ ਦੇ ਛੱਕੇ ਛੁਟ ਜਾਂਦੇ ਸਨ। 1797 ਵਿਚ ਉਨ੍ਹਾਂ ਨੇ ਹਕੂਮਤ ਦੀ ਵਾਗਡੋਰ ਪੂਰੇ ਤੌਰ ਤੇ ਆਪਣੇ ਹੱਥ ਵਿਚ ਲੈ ਲਈ। ਉਸ ਵੇਲੇ ਦੂਰ-ਦੂਰ ਤਕ ਉਨ੍ਹਾਂ ਦੀ ਬਹਾਦਰੀ, ਸਿਆਣਪ ਤੇ ਨੀਤੀਵਾਨਤਾ ਦੀਆਂ ਧੁੰਮਾਂ ਪੈ ਚੁੱਕੀਆਂ ਸਨ।
ਇਨ੍ਹੀ ਦਿਨੀਂ ਅਫਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਜਮਾਨ ਨੇ ਪੰਜਾਬ ਉਤੇ ਆਪਣਾ ਅਧਿਕਾਰ ਪੱਕਾ ਕਰਨ ਲਈ ਕਈ ਹਮਲੇ ਕੀਤੇ, ਪਰ ਅੱਗੋਂ ਸਿੱਖ ਸਰਦਾਰਾਂ ਨੇ ਉਹਦਾ ਡਟ ਕੇ ਟਾਕਰਾ ਕੀਤਾ। ਉਸ ਦਾ ਟਾਕਰਾ ਕਰਨ ਵਾਲਿਆਂ ਵਿਚ ਸਰਦਾਰ ਰਣਜੀਤ ਸਿੰਘ ਹਮੇਸ਼ਾ ਸਭ ਤੋਂ ਮੋਹਰੇ ਹੁੰਦੇ ਸਨ। ਆਖਰ ਸ਼ਾਹ ਜਮਾਨ ਨਿਰਾਸ਼ ਹੋ ਕੇ ਵਾਪਸ ਚਲਿਆ ਗਿਆ ਤੇ ਲਾਹੌਰ ਉਤੇ ਭੰਗੀ ਸਰਦਾਰਾਂ ਨੇ ਕਬਜ਼ਾ ਕਰ ਲਿਆ। ਪਰੰਤੂ ਲਾਹੌਰ ਨਿਵਾਸੀ ਉਨ੍ਹਾਂ ਦੇ ਰਾਜ- ਪ੍ਰਬੰਧ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਸ਼ਹਿਰ ਦੇ ਮੁਖੀਆ ਨੇ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਲਾਹੌਰ ਨੂੰ ਆਪਣੇ ਅਧਿਕਾਰ ਵਿਚ ਲੈ ਲਏ। ਰਣਜੀਤ ਸਿੰਘ ਨੇ ਅਚਾਨਕ ਹੀ ਲਾਹੌਰ ਉਤੇ ਹਮਲਾ ਕਰ ਦਿੱਤਾ। ਭੰਗੀ ਸਰਦਾਰ ਟਾਕਰੇ ਤੋਂ ਬਿਨਾਂ ਹੀ ਲਾਹੌਰ ਛੱਡ ਗਏ ਤੇ ਸ਼ਹਿਰ ਉਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ।
ਇਸ ਵਲੇ ਭਾਵੇਂ ਪੰਜਾਬ ਦੇ ਬਹੁਤ ਹਿੱਸੇ ਉਤੇ ਵੱਖ-ਵੱਖ ਸਿੱਖ ਸਰਦਾਰਾਂ ਦਾ ਰਾਜ ਸੀ ਪਰ ਇੱਕ ਤਾਂ ਇਹ ਛੋਟੇ ਰਜਵਾੜੇ ਹੀ ਸਨ ਤੇ ਦੂਜੇ ਇਹ ਆਪੋ ਵਿਚ ਅਕਸਰ ਲੜਦੇ ਰਹਿੰਦੇ ਸਨ। ਦੂਜੇ ਪਾਸੇ ਪਿਸ਼ਾਵਰ ਵੱਲੋਂ ਪਠਾਣਾਂ ਦੇ ਹਮਲੇ ਦਾ ਖਤਰਾ ਲਗਾਤਾਰ ਮੌਜੂਦ ਸੀ। ਰਣਜੀਤ ਸਿੰਘ ਨੇ ਸੋਚਿਆ ਕਿ ਜਦ ਤਕ ਪੰਜਾਬ ਵਿੱਚ ਇਕ ਤਕੜੀ ਕੇਂਦਰੀ ਹਕੂਮਤ ਕਾਇਮ ਨਹੀਂ ਹੁੰਦੀ, ਨਾ ਤਾਂ ਬਾਹਰਲੇ ਹਮਲਿਆਂ ਨੂੰ ਪ੍ਰਭਾਵਿਕ ਤੌਰ ਤੇ ਰੋਕਿਆ ਜਾ ਸਕਦਾ ਹੈ ਤੇ ਨਾ ਪੰਜਾਬ ਵਿਚ ਅਮਨ ਤੇ ਸ਼ਾਂਤੀ ਸਥਾਪਿਤ ਕਰਕੇ ਇਸ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਸੋ ਉਨ੍ਹਾਂ ਨੇ ਸਾਰੀਆ ਸਿੱਖ ਮਿਸਲਾਂ ਨੂੰ ਇਕ ਝੰਡੇ ਹੇਠ ਲਿਆਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਨੇ ਵੱਡੀਆਂ ਮਿਸਲਾਂ ਨਾਲ ਮਿੱਤਰਤਾ ਦੀਆਂ ਸੰਧੀਆਂ ਕਰ ਲਈਆਂ ਤੇ ਛੋਟੀਆਂ ਨੂੰ ਸਿੱਧਾ ਆਪਣੇ ਰਾਜ ਵਿਚ ਮਿਲਾ ਲਿਆ। ਇਸ ਤੋਂ ਬਾਅਦ ਜਦ ਵੀ ਕੋਈ ਮਿਸਲ ਕਮਜ਼ੋਰ ਹੋ ਜਾਂਦੀ, ਰਣਜੀਤ ਸਿੰਘ ਉਸ ਨੂੰ ਆਪਣੇ ਰਾਜ ਵਿਚ ਮਿਲਾ ਲੈਂਦੇ। 1805 ਈ: ਤਕ ਸਤਲੁਜ ਉਰਾਰ ਦੇ ਬਹੁਤ ਸਾਰੇ ਇਲਾਕੇ ਉੱਤੇ ਆਪਣਾ ਅਧਿਕਾਰ ਜਮਾ ਕੇ ਪੰਜਾਬ ਦੇ ਕੇਂਦਰ ਵਿਚ ਰਣਜੀਤ ਸਿੰਘ ਨੇ ਇਕ ਤਕੜੀ ਹਕੂਮਤ ਕਾਇਮ ਕਰ ਲਈ, ਜੋ ਪਠਾਣਾਂ ਨਾਲ ਸਫਲਤਾ ਸਹਿਤ ਲੋਹਾ ਲੈ ਸਕਦੀ ਸੀ। ਇਸ ਵੇਲੇ ਤਕ ਸਾਰੇ ਉਘੇ ਸਿੱਖ ਸਰਦਾਰਾਂ ਨੇ ਉਨ੍ਹਾਂ ਦੀ ਤਾਬੇਦਾਰੀ ਮੰਨ ਕੇ ਉਨ੍ਹਾਂ ਨੂੰ ‘ਮਹਾਰਾਜਾ’ ਦਾ ਖਿਤਾਬ ਦੇ ਦਿੱਤਾ ਸੀ।
ਅਜੇ ਤਕ ਪੰਜਾਬ ਦੇ ਕਾਫੀ ਹਿੱਸੇ ਜਿਹਾ ਕਿ ਕਸੂਰ, ਮੁਲਤਾਨ, ਝੰਗ, ਕਸ਼ਮੀਰ ਅਤੇ ਸਰਹੱਦੀ ਸੂਬੇ ਉਤੇ ਪਠਾਣ ਸੂਬੇਦਾਰਾਂ ਦਾ ਰਾਜ ਸੀ ਜੋ ਕਾਬਲ ਦੇ ਬਾਦਸ਼ਾਹ ਦੇ ਪ੍ਰਭਾਵ ਹੇਠ ਸਨ। ਰਣਜੀਤ ਸਿੰਘ ਨੇ ਸਾਰੇ ਪੰਜਾਬ ਵਿੱਚੋਂ ਬਦੇਸ਼ੀ ਦਖਲ ਅਤੇ ਅਫਗਾਨਿਸਤਾਨ ਵੱਲੋਂ ਕਿਸੇ ਹਮਲੇ ਦੀ ਸੰਭਾਵਨਾ ਖਤਮ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਆਪਣੀ ਫੌਜ ਵਿਚ ਫ਼ਰੰਗੀ ਜਰਨੈਲ ਭਰਤੀ ਕੀਤੇ ਅਤੇ ਪੰਜਾਬੀ ਫੌਜਾਂ ਨੂੰ ਯੂਰਪੀ ਢੰਗ ਦੀ ਕਵਾਇਦ ਤੇਜ਼ ਕਰਕੇ ਸਿੱਖਾਂ ਨੂੰ ਨਵੀਨਤਮ ਜੰਗੀ ਹਥਿਆਰਾਂ ਨਾਲ ਲੈਸ ਕੀਤਾ। ਪੂਰੀ ਤਿਆਰੀ ਤੋਂ ਬਾਅਦ ਉਨ੍ਹਾਂ ਨੇ ਉਪਰੋਕਤ ਇਲਾਕਿਆਂ ਨੂੰ ਪੰਜਾਬ ਰਾਜ ਵਿਚ ਮਿਲਾਉਣ ਦੀ ਇਕ ਤਕੜੀ ਮੁਹਿੰਮ ਚਲਾਈ। 1830 ਈ: ਤਕ ਉਨ੍ਹਾਂ ਨੇ ਇਨ੍ਹਾਂ ਸਭ ਇਲਾਕਿਆਂ ਉਤੇ ਆਪਣਾ ਅਧਿਕਾਰ ਜਮਾ ਲਿਆ। ਇਸ ਤਰ੍ਹਾਂ ਸਾਰੇ ਪੰਜਾਬ ਉੱਤੇ ਪੰਜਾਬੀਆਂ ਦਾ ਆਪਣਾ ਰਾਜ ਕਾਇਮ ਹੋ ਗਿਆ। ਇਸ ਵੇਲੇ ਦਰਿਆ ਸਿੰਧ ਤੋਂ ਲੈ ਕੇ ਸਤਲੁਜ ਤਕ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਚਲਦਾ ਸੀ ਤੇ ਕਈ ਪਹਾੜੀ ਇਲਾਕੇ ਉਨ੍ਹਾਂ ਦੀ ਈਨ ਮੰਨ ਕੇ ਖਰਾਜ ਭਰਦੇ ਸਨ। ਸਾਰੇ ਸੰਸਾਰ ਵਿਚ ਉਹ ‘ਸ਼ੇਰ-ਏ-ਪੰਜਾਬ’ ਦੇ ਨਾਂ ਨਾਲ ਮਸ਼ਹੂਰ ਸੀ ਤੇ ਦੁਨੀਆਂ ਦੇ ਵੱਡੇ-ਵੱਡੇ ਦੇਸ਼ ਉਹਨਾਂ ਦੀ ਮਿੱਤਰਤਾ ਦੇ ਚਾਹਵਾਨ ਸਨ। ਉਨ੍ਹਾਂ ਦੇ ਰਾਜ ਦਾ ਸੂਰਜ ਸਿਖਰ ਤੇ ਸੀ ਕਿ 1839 ਵਿਚ ਉਹ ਚਲਾਣਾ ਕਰ ਗਏ।
ਮਹਾਰਾਜਾ ਰਣਜੀਤ ਸਿੰਘ ਇਕ ਨਿਰਭੈ ਦਲੇਰ ਜੋਧਾ ਸੀ। ਉਹ ਇਰਾਦੇ ਦਾ ਇੰਨਾਂ ਪੱਕੇ ਸਨ ਕਿ ਇਕ ਵਾਰੀ ਜਿਸ ਕੰਮ ਨੂੰ ਹੱਥ ਪਾ ਲੈਂਦੇ, ਪੂਰਾ ਕੀਤੇ ਤੋਂ ਬਿਨ੍ਹਾਂ ਸਾਹ ਨਹੀਂ ਸੀ ਲੈਂਦੇ। ਉਹ ਪੜ੍ਹੇ ਲਿਖੇ ਨਹੀਂ ਸਨ, ਪਰ ਉਨ੍ਹਾਂ ਦੀ ਆਮ ਵਾਕਫੀ ਤੇ ਸੂਝ-ਬੂਝ ਬੜੀ ਜ਼ਿਆਦਾ ਸੀ। ਉਹ ਰਾਜ-ਕਾਜ ਦੇ ਸਾਰੇ ਕੰਮਾਂ ਦੀ ਆਪ ਨਿਗਰਾਨੀ ਕਰਦੇ ਸਨ ਤੇ ਕਿਸੇ ਸਰਕਾਰੀ ਕਰਮਚਾਰੀ ਦੀ ਮਜਾਲ ਨਹੀਂ ਸੀ ਕਿ ਉਹ ਪਰਜਾ ਉਤੇ ਜ਼ੁਲਮ ਕਰ ਸਕੇ। ਆਪਣੀ ਯੋਗਤਾ, ਨੀਤੀਵਾਨਤਾ ਅਤੇ ਪਰਜਾ-ਪਿਆਰ ਦੇ ਸਦਕੇ ਉਨ੍ਹਾਂ ਨੇ ਪੰਜਾਬ ਵਿਚ ਇਕ ਵਿਸ਼ਾਲ ਤੇ ਸ਼ਕਤੀਸ਼ਾਲੀ ਰਾਜ ਕਾਇਮ ਕਰ ਵਿਖਾਇਆ।
ਉਸ ਸਮੇਂ ਦੇ ਹਾਲਾਤ ਅਨੁਸਾਰ ਰਣਜੀਤ ਸਿੰਘ ਇਕ ਖੁਦਮੁਖਤਾਰ ਬਾਦਸ਼ਾਹ ਸੀ, ਪਰ ਉਨ੍ਹਾਂ ਦੇ ਰਾਜ ਨੂੰ ਸ਼ਬਦ ਦੇ ਸਹੀ ਅਰਥਾਂ ਵਿਚ ‘ਇਕ ਪੁਰਖਾ ਦਿਆਲੂ ਰਾਜ’ ਕਿਹਾ ਜਾ ਸਕਦਾ ਹੈ। ਉਹ ਬਹੁਤ ਹੱਦ ਤਕ ਲੋਕ- ਰਾਜ ਦੇ ਸਿੱਧਾਂਤਾਂ ਉਤੇ ਚਲਦੇ ਸਨ ਤੇ ਉਨ੍ਹਾਂ ਨੂੰ ਹਮੇਸ਼ਾਂ ਆਪਣੀ ਪਰਜਾ ਦੇ ਸੁਖ, ਖੁਸ਼ਹਾਲੀ ਤੇ ਇਛਾਵਾਂ ਦਾ ਖਿਆਲ ਰਹਿੰਦਾ ਸੀ। ਅੰਗਰੇਜ਼ੀ ਸਰਕਾਰ ਦੀਆਂ ਰਿਪੋਰਟਾਂ ਵਿਚ ਇਹ ਗੱਲ ਮੰਨੀ ਗਈ ਹੈ ਕਿ ਉਸ ਵੇਲੇ ਪੰਜਾਬ ਸਮੁਚੇ ਤੌਰ ਤੇ ਬਹੁਤ ਖੁਸ਼ਹਾਲ ਸੀ। ਉਸ ਵੇਲੇ ਦੇ ਇਕ ਅੰਗਰੇਜ਼ ਅਫਸਰ ਐਚ.ਏ.ਫੇਨ ਨੇ ਲਿਖਿਆ ਹੈ ਕਿ ‘ਰਣਜੀਤ ਸਿੰਘ ਇਕ ਚੰਗੇ ਤੇ ਹਰਮਨ ਪਿਆਰੇ ਹੁਕਮਰਾਨ ਸਨ। ਉਨ੍ਹਾਂ ਨੂੰ ਨਾ ਕੇਵਲ ਵੱਡੇ ਪਿਆਰ ਕਰਦੇ ਹਨ, ਸਗੋਂ ਨਿੱਕੇ-ਨਿੱਕੇ ਮੁੰਡੇ ਵੀ ਦਿਲੋਂ ਆਪਣਾ ਕਿਰਪਾਲੂ ਬਾਦਸ਼ਾਹ ਮੰਨਦੇ ਸਨ।’ ਉਨ੍ਹਾਂ ਦੀ ਸਖਾਵਤ, ਦਰਿਆ-ਦਿਲੀ ਤੇ ਗਰੀਬ-ਨਿਵਾਜ਼ੀ ਦੀਆਂ ਅਨੇਕ ਕਥਾਵਾਂ ਲੋਕਾਂ ਦੇ ਮੂੰਹ ਚੜ੍ਹੀਆਂ ਹੋਈਆਂ ਸਨ, ਜਿਹਾ ਕਿ ਦਾਣਿਆਂ ਦੀ ਇਕ ਪੰਡ ਆਪ ਚੁੱਕ ਕੇ ਇਕ ਗਰੀਬ ਜੁਲਾਹੇ ਦੇ ਘਰ ਛੱਡ ਆਉਣਾ, ਇਕ ਗਰੀਬ ਮਾਈ ਨੂੰ, ਜੋ ਇਕ ਲੋਹੇ ਦਾ ਤਵਾ ਉਹਨਾਂ ਦੇ ਸ਼ਰੀਰ ਨਾਲ ਘਸਾਣ ਲਗ ਪਈ ਸੀ, ਸੋਨੇ ਦੀਆਂ ਮੁਹਰਾਂ ਦੇ ਕੇ ਮਾਲਾਮਾਲ ਕਰਨਾ ਅਤੇ ਬੇਰੀ ਉਤੇ ਵੱਟੇ ਮਾਰ ਰਹੇ ਮੁੰਡਿਆਂ ਦਾ ਇਕ ਰੋੜਾ ਲੱਗਣ ਬਾਅਦ ਵੀ ਉਨ੍ਹਾਂ ਨੂੰ ਰੁਪਏ ਦੇ ਕੇ ਖੁਸ਼ ਕਰਨਾ ਆਦਿ।
ਧਰਮ- ਨਿਰਪੱਖਤਾ ਉਤੇ ਚਲਣਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਗੁਣ ਸੀ। ਉਨ੍ਹਾਂ ਦਾ ਰਾਜ ਸਿੱਖ ਰਾਜ ਨਹੀਂ ਸੀ, ਸਗੋਂ ਬਿਨਾਂ ਕਿਸੇ ਮਜ਼ਬੀ ਭਿੰਨ-ਭੇਦ ਦੇ ਪੰਜਾਬੀਆਂ ਦਾ ਸਾਂਝਾ ਰਾਜ ਸੀ। ਜਿਥੇ ਉਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਕਰਾਈ, ਉਥੇ ਮੰਦਰਾਂ ਤੇ ਮਸੀਤਾਂ ਨਾਲ ਵੀ ਜਾਗੀਰਾਂ ਲੁਆਈਆਂ। ਨਿਹੰਗ ਸਿੰਘਾਂ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਮੁਸਲਮਾਨਾਂ ਦਾ ਬਾਂਗ ਦਾ ਹੱਕ ਬਹਾਲ ਰੱਖਿਆ। ਉਨ੍ਹਾਂ ਦੇ ਰਾਜ ਵਿਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਿੱਖਾਂ ਨਾਲੋਂ ਵੀ ਵਦੀਕ ਉਚੇ ਅਹੁਦੇ ਮਿਲੇ ਹੋਏ ਸਨ। ਉਨ੍ਹਾਂ ਦਾ ਵਿਦੇਸ਼ ਮੰਤਰੀ ਇਕ ਮੁਸਲਮਾਨ ਸ਼ੇਖ ਅਜ਼ੀਜ਼ -ਉਦ- ਦੀਨ ਸੀ। ਜਰਨੈਲ ਇਲਾਹੀਬਖਸ਼, ਦੀਵਾਨ ਮੁਹਕਮ ਚੰਦ, ਦੀਵਾਨ ਰਾਮਦਿਆਲ ਤੇ ਮੀਆਂ ਗੋਸ਼ ਖਾਂ ਉਨ੍ਹਾਂ ਦੇ ਉਘੇ ਜਰਨੈਲ ਸਨ। ਦੀਵਾਨ ਦੀਨਾ ਨਾਥ, ਭਵਾਨੀ ਦਾਸ, ਸਾਵਨ ਮੱਲ ਤੇ ਸ਼ੇਖ ਗੁਲਾਮ ਮੁਹੀਉਦ ਦੀਨ ਆਦਿ ਵਿੱਤ ਮੰਤਰੀ ਅਤੇ ਗਵਰਨਰੀ ਦੀਆਂ ਪਦਵੀਆਂ ਨੂੰ ਸੁਸ਼ੋਭਿਤ ਕਰਦੇ ਸਨ। ਉਨ੍ਹਾਂ ਦੀਆਂ ਜਿੱਤਾਂ ਦਾ ਵੱਡਾ ਕਾਰਨ ਹੀ ਇਹ ਸੀ ਕਿ ਉਨ੍ਹਾਂ ਨੂੰ ਰਾਜ ਪ੍ਰਬੰਧ ਅਤੇ ਫੌਜੀ ਖੇਤਰ ਵਿਚ ਸਾਰੇ ਪੰਜਾਬੀਆਂ ਦੀ ਦਿਲੀ ਮਿਲਵਰਤਨ ਪ੍ਰਾਪਤ ਸੀ। ਗੱਲ ਕੀ ਉਨ੍ਹਾਂ ਦਾ ਰਾਜ ਪੰਜਾਬੀਆਂ ਦਾ ਸਾਂਝਾ ਰਾਜ ਸੀ।