CBSEEducationPunjab School Education Board(PSEB)ਲੇਖ ਰਚਨਾ (Lekh Rachna Punjabi)

ਲੇਖ : ਚੰਗੇ ਨਾਗਰਿਕ ਦੇ ਫ਼ਰਜ਼


ਚੰਗੇ ਨਾਗਰਿਕ ਦੇ ਫ਼ਰਜ਼


ਹਰੇਕ ਉਹ ਮਨੁੱਖ, ਜੋ ਕਿਸੇ ਦੇਸ਼ ਵਿਚ ਰਹਿੰਦਾ ਹੈ ਉਸ ਰਾਜ ਦਾ ਵਫ਼ਾਦਾਰ ਹੈ, ਅਤੇ ਜਿਸ ਨੂੰ ਉਸ ਦੇਸ਼ ਦੇ ਸਾਰੇ ਰਾਜਨੀਤਿਕ ਅਧਿਕਾਰ ਪ੍ਰਾਪਤ ਹਨ, ਉਸ ਦੇਸ਼ ਦਾ ਨਾਗਰਿਕ ਅਖਵਾਉਂਦਾ ਹੈ। ਇਸ ਹਿਸਾਬ ਨਾਲ ਅਸੀਂ ਸਾਰੇ ਭਾਰਤ ਦੇ ਨਾਗਰਿਕ ਹਾਂ।

ਇਕ ਚੰਗੇ ਨਾਗਰਿਕ ਨੇ ਆਪਣੇ ਸਮਾਜ, ਦੇਸ਼ ਤੇ ਮਨੁੱਖਤਾ ਲਈ ਫਰਜ਼ ਪੂਰੇ ਕਰਨੇ ਹੁੰਦੇ ਹਨ। ਇਹ ਫ਼ਰਜ਼ ਤਾਂ ਹੀ ਉਹ ਠੀਕ ਤਰ੍ਹਾਂ ਨਿਭਾਅ ਸਕਦਾ ਹੈ। ਜੇ ਉਹ ਪਹਿਲਾਂ ਸਰੀਰਕ, ਬੌਧਿਕ ਤੇ ਸਦਾਚਾਰਿਕ ਤੌਰ ਤੇ ਆਪਣੇ ਆਪ ਨੂੰ ਹਰ ਤਰ੍ਹਾਂ ਯੋਗ ਬਣਾਏ। ਰੋਗੀ ਮਨੁੱਖ ਨਾ ਕੇਵਲ ਆਪਣੇ ਪਰਿਵਾਰ ਜਾਂ ਸਮਾਜ ਦੀ ਕੋਈ ਵੀ ਸੇਵਾ ਹੀ ਨਹੀਂ ਕਰ ਸਕਦਾ, ਸਗੋਂ ਉਹ ਆਪਣੇ ਆਪ ਤੇ ਵੀ ਬੋਝ ਹੁੰਦਾ ਹੈ। ਵਿਦਿਆ-ਹੀਣ ਪੁਰਸ਼, ਭਲੇ-ਬੁਰੇ ਦੀ ਪਛਾਣ ਨਹੀਂ ਕਰ ਸਕਦਾ ਅਤੇ ਨੀਵੇਂ ਆਚਰਨ ਦੇ ਪੁਰਸ਼ਾਂ ਪਾਸੋਂ ਕਿਸੇ ਚੰਗਿਆਈ, ਕੁਰਬਾਨੀ ਜਾਂ ਸੇਵਾ-ਭਾਵ ਦੀ ਉਮੀਦ ਹੀ ਨਹੀਂ ਰੱਖੀ ਜਾ ਸਕਦੀ। ਇਸ ਲਈ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਅਰੋਗਤਾ ਦੇ ਨੇਮਾਂ ਦਾ ਪਾਲਣ ਕਰਦਾ ਹੋਇਆ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਤੇ ਸਵਸਥ ਰੱਖੇ, ਪੜ੍ਹ-ਲਿਖ ਕੇ ਬੁੱਧੀਵਾਨ ਬਣੇ ਅਤੇ ਮਿੱਠਤ, ਨਿੰਮਰਤਾ, ਬਰਦਾਸ਼ਤ, ਨਿਡਰਤਾ ਤੇ ਸੇਵਾ-ਭਾਵ ਆਦਿ ਸਦਾਚਾਰਕ ਗੁਣ ਗ੍ਰਹਿਣ ਕਰੇ।

ਮਨੁੱਖੀ ਸਮਾਜ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਪਰਿਵਾਰ ਹੈ। ਇਕ ਚੰਗਾ ਨਾਗਰਿਕ ਆਪਣੇ ਪਰਿਵਾਰ ਸੰਬੰਧੀ ਆਪਣੇ ਫਰਜ਼ਾਂ ਦੀ ਪੂਰਤੀ ਕਰਦਾ ਹੈ। ਉਹ ਪੂਰੀ ਲਗਨ ਤੇ ਮਿਹਨਤ ਨਾਲ ਹੱਕ-ਹਲਾਲ ਦੀ ਕਮਾਈ ਕਰਦਾ ਹੈ, ਜਿਸ ਨਾਲ ਉਸ ਦੇ ਪਰਿਵਾਰ ਦਾ ਚੰਗੀ ਤਰ੍ਹਾਂ ਗੁਜ਼ਾਰਾ ਹੋ ਸਕੇ ਅਤੇ ਬੱਚਿਆਂ ਨੂੰ ਚੰਗੀ ਖੁਰਾਕ, ਲੋੜੀਂਦੇ ਕਪੜੇ ਅਤੇ ਵਿਦਿਆ ਮਿਲ ਸਕੇ। ਉਹ ਲਗਦੀ ਵਾਹ ਆਪਣੇ ਬੱਚਿਆਂ ਨੂੰ ਉਚੀ ਤੋਂ ਉਚੀ ਵਿਦਿਆ ਦੁਆਉਣ ਦਾ ਜਤਨ ਕਰਦਾ ਹੈ। ਇਸ ਤੋਂ ਛੁਟ ਉਹ ਆਪਣੀ ਮਿਸਾਲ ਨਾਲ ਬੱਚਿਆਂ ਵਿਚ ਸ਼ੁੱਭ ਗੁਣ ਪੈਦਾ ਕਰਦਾ ਤੇ ਉਨ੍ਹਾਂ ਨੂੰ ਸੁਸ਼ੀਲ ਤੇ ਸੱਭਿਅ ਬਣਾਉਂਦਾ ਹੈ। ਜਿਹੜਾ ਨਾਗਰਿਕ ਆਪਣੇ ਪਰਿਵਾਰ ਦੀਆਂ ਲੋੜਾਂ ਲਈ ਧਨ ਨਹੀਂ ਕਮਾਉਂਦਾ, ਉਹ ਆਉਂਦੀ ਨਸਲ ਨੂੰ ਹੀਣੇ ਤੇ ਕਮਜ਼ੋਰ ਰੱਖਣ ਦਾ ਜ਼ਿੰਮੇਵਾਰ ਹੈ, ਅਤੇ ਬੱਚਿਆਂ ਨੂੰ ਝੂਠ, ਚੋਰੀ ਅਤੇ ਹੋਰ ਬੁਰੀਆਂ ਆਦਤਾਂ ਵੱਲ ਪ੍ਰੇਰਿਤ ਕਰਦਾ ਹੈ।

ਆਪਣੇ ਪਰਿਵਾਰ ਤੋਂ ਬਾਅਦ ਇਕ ਨਾਗਰਿਕ ਦਾ ਬਹੁਤਾ ਵਾਹ ਉਨ੍ਹਾਂ ਲੋਕਾਂ ਨਾਲ ਪੈਂਦਾ ਹੈ, ਜਿਨ੍ਹਾਂ ਵਿਚ ਰਹਿ ਕੇ ਉਹ ਆਪਣੇ ਜੀਵਨ ਦਾ ਬਹੁਤਾ ਸਮਾਂ ਗੁਜ਼ਾਰਦਾ ਹੈ। ਇਹ ਲੋਕ ਉਸ ਦੇ ਪਿੰਡ, ਕਸਬੇ ਜਾਂ ਸ਼ਹਿਰ ਦੇ ਵਸਨੀਕ ਹੁੰਦੇ ਹਨ। ਜਿਵੇਂ ਇਕ ਪਰਿਵਾਰ ਦੀ ਖੁਸ਼ੀ ਆਪਣੇ ਸਭ ਮੈਂਬਰਾਂ ਦੇ ਸਹੀ ਵਤੀਰੇ ਅਤੇ ਪਰਸਪਰ ਮਿਲਵਰਤਨ ਉੱਤੇ ਨਿਰਭਰ ਹੈ, ਤਿਵੇਂ ਹੀ ਇਕ ਪਿੰਡ ਜਾਂ ਸ਼ਹਿਰ ਦਾ ਸੁਖ ਇਸ ਗੱਲ ਉਪਰ ਨਿਰਭਰ ਹੈ ਕਿ ਇਸ ਦੇ ਸਾਰੇ ਵਸਨੀਕ ਇਕ ਦੂਜੇ ਪ੍ਰਤੀ ਆਪਣੇ ਫਰਜ਼ ਨਿਭਾਉਣ।

ਪਿੰਡ ਦੀ ਭਲਾਈ ਲਈ ਪੰਚਾਇਤਾਂ ਅਤੇ ਸ਼ਹਿਰ ਦੇ ਪ੍ਰਬੰਧ ਲਈ ਨਗਰ ਪਾਲਕਾਵਾਂ ਜਾਂ ਕਾਰਪੋਰੇਸ਼ਨਾਂ ਚੁਣੀਆਂ ਜਾਂਦੀਆਂ ਹਨ। ਇਕ ਚੰਗੇ ਨਾਗਰਿਕ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਪੰਚਾਂ, ਸਰਪੰਚਾਂ ਅਤੇ ਨਗਰ-ਪਾਲਕਾ ਤੇ ਨਗਰ-ਨਿਗਮ ਦੇ ਮੈਂਬਰਾਂ ਦੀ ਚੋਣ ਵਿਚ ਨਿਰਪੱਖ ਤੇ ਨਿਡਰ ਹੋ ਕੇ ਆਪਣਾ ਵੋਟ ਦੇਵੇ ਅਤੇ ਅਜਿਹੇ ਮੈਂਬਰ ਚੁਣਨ ਵਿਚ ਸਹਾਈ ਹੋਵੇ ਜੋ ਈਮਾਨਦਾਰੀ, ਯੋਗਤਾ, ਮਿਹਨਤ ਤੇ ਸਿਆਣਪ ਨਾਲ ਆਪਣੇ ਪਿੰਡ ਜਾਂ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨ।

ਜਿਵੇਂ ਪਿੰਡ ਦੀ ਭਲਾਈ ਸੁਚੱਜੀ ਪੰਚਾਇਤ ਨੇ ਕਰਨੀ ਹੁੰਦੀ ਹੈ ਤੇ ਸ਼ਹਿਰ ਦੀ ਭਲਾਈ ਨਗਰ-ਪਾਲਕਾ ਜਾਂ ਨਗਰ ਨਿਗਮ ਤੇ ਨਿਰਭਰ ਹੈ, ਇਸੇ ਤਰ੍ਹਾਂ ਕਿਸੇ ਪ੍ਰਾਂਤ ਦੇ ਵਿਕਾਸ ਦੀ ਜ਼ਿੰਮੇਵਾਰੀ ਰਾਜ ਵਿਧਾਨ-ਸਭਾਵਾਂ ਉਤੇ, ਸਮੁੱਚੇ ਦੇਸ਼ ਦੀ ਉਨੱਤੀ ਲੋਕ-ਸਭਾ ਉਤੇ ਹੈ। ਇਕ ਚੰਗਾ ਨਾਗਰਿਕ ਆਪਣੇ ਪ੍ਰਾਂਤ ਤੇ ਦੇਸ਼ ਦੇ ਹਿੱਤਾਂ ਨੂੰ ਮੁਖ ਰੱਖਦਾ ਹੋਇਆ ਸੰਸਦ ਤੇ ਵਿਧਾਨ ਸਭਾਵਾਂ ਲਈ ਸੁਯੋਗ ਤੇ ਈਮਾਨਦਾਰ ਪ੍ਰਤਿਨਿਧ ਚੁਣਦਾ ਹੈ, ਪਰ ਇਹ ਚੰਗੇ ਨਾਗਰਿਕ ਦੀ ਜ਼ਿੰਮੇਵਾਰੀ ਵੋਟ ਦੇਣ ਤੋਂ ਬਾਅਦ ਖਤਮ ਨਹੀਂ ਹੋ ਜਾਂਦੀ, ਸਗੋਂ ਉਹ ਬਾਅਦ ਵਿਚ ਹਮੇਸ਼ਾਂ ਸੁਚੇਤ ਤੇ ਸਵਧਾਨ ਰਹਿੰਦਾ ਹੈ ਤੇ ਦੇਸ਼ ਦੇ ਮਾਮਲਿਆਂ ਵਿਚ ਪੂਰੀ ਦਿਲਚਸਪੀ ਲੈਂਦਾ ਹੈ। ਇਕ ਚੰਗੇ ਨਾਗਰਿਕ ਦਾ ਫਰਜ਼ ਹੈ ਕਿ ਉਹ ਆਪਣੇ ਇਲਾਕੇ ਦੀਆਂ ਸੇਵਾ- ਸੰਮਿਤੀਆਂ, ਰੈੱਡ ਕਰਾਸ ਸੋਸਾਇਟੀਆਂ ਜਾਂ ਹੋਰ ਸਮਾਜਕ ਸੰਸਥਾਵਾਂ ਦਾ ਮੈਂਬਰ ਬਣ ਕੇ ਤਨ, ਮਨ ਤੇ ਧਨ ਨਾਲ ਲੋਕ-ਭਲਾਈ ਦੇ ਕੰਮ ਵਿਚ ਹਿੱਸਾ ਲਏ।

ਇਕ ਚੰਗੇ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਮਸ਼ੀਨਰੀ, ਪੁਲੀਸ ਤੇ ਅਦਾਲਤਾਂ ਆਦਿ ਨੂੰ ਉਨ੍ਹਾਂ ਦੇ ਫਰਜਾਂ ਦੀ ਪਾਲਣਾ ਵਿਚ ਮਦਦ ਦੇਵੇ ਤੇ ਉਨ੍ਹਾਂ ਨਾਲ ਮਿਲਵਰਤਨ ਕਰੇ। ਉਹ ਨਿਡਰ ਹੋ ਕੇ ਬੇਈਮਾਨ ਤੇ ਭ੍ਰਿਸ਼ਟ ਦੁਕਾਨਦਾਰਾਂ, ਵਪਾਰੀਆਂ ਤੇ ਸਰਕਾਰੀ ਕਰਮਚਾਰੀਆਂ ਦੇ ਵਿਰੁੱਧ ਰਿਪੋਰਟ ਕਰੇ ਤੇ ਠੱਗਾਂ ਆਦਿ ਨੂੰ ਫੜਾਉਣ ਵਿਚ ਮਦਦ ਦੇਵੇ। ਇਕ ਚੰਗਾ ਨਾਗਰਿਕ ਆਪਣੀ ਪੰਚਾਇਤ, ਨਗਰ ਪਾਲਕਾਂ ਜਾਂ ਨਗਰ-ਨਿਗਮ ਵੱਲੋਂ ਲਾਏ ਗਏ ਚੁਲ੍ਹਾ ਟੈਕਸ, ਹਾਊਸ ਟੈਕਸ ਜਾਂ ਚੁੰਗੀ ਵਸੂਲ ਆਦਿ ਖੁਸ਼ੀ ਤੇ ਈਮਾਨਦਾਰੀ ਨਾਲ ਅਦਾ ਕਰਦਾ ਹੈ, ਕਿਉਂਕਿ ਇਹ ਧਨ ਉਸ ਦੇ ਆਪਣੇ ਇਲਾਕੇ ਦੀ ਬਿਹਤਰੀ ਲਈ ਵਰਤਿਆ ਜਾਣਾ ਹੈ। ਇਸੇ ਤਰ੍ਹਾਂ ਉਹ ਪ੍ਰਾਂਤ ਤੇ ਕੇਂਦਰੀ ਸਰਕਾਰ ਦੁਆਰਾ ਲਾਏ ਹੋਏ ਵਿਕਰੀ ਟੈਕਸ, ਆਮਦਨ ਟੈਕਸ ਤੇ ਮਾਲੀਏ ਆਦਿ ਦੀ ਅਦਾਇਗੀ ਵੀ ਮਰਯਾਦਾ ਪੂਰਵਕ ਕਰਦਾ ਹੈ।

ਅੱਜ ਦੇ ਯੁੱਧ, ਰੱਖਿਆ ਫੌਜਾਂ ਤਕ ਸੀਮਿਤ ਨਹੀਂ ਰਹੇ, ਸਗੋਂ ਇਹ ਦੇਸ਼ ਦੇ ਸਭ ਵਸਨੀਕਾਂ ਨੂੰ ਪ੍ਰਭਾਵਿਤ ਕਰਦੇ ਹਨ। ਸੋ, ਬਾਹਰੀ ਹਮਲੇ ਦੀ ਸੂਰਤ ਵਿਚ ਇਕ ਚੰਗਾ ਨਾਗਰਿਕ ਆਪਣੇ ਦੇਸ਼ ਦੀ ਰੱਖਿਆ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਜੇ ਉਹ ਫੌਜੀ ਸੇਵਾ ਦੇ ਯੋਗ ਹੈ, ਤਾਂ ਲੋੜ ਪੈਣ ਉਤੇ ਖੁਸ਼ੀ ਨਾਲ ਆਪਣੇ ਆਪ ਨੂੰ ਪੇਸ਼ ਕਰ ਦੇਂਦਾ ਹੈ, ਜਾਂ ਅੰਦਰੂਨੀ ਸੁਰੱਖਿਆ ਵਿਚ ਸਰਕਾਰ ਦੀ ਮਦਦ ਕਰਦਾ ਹੈ। ਦੇਸ਼ ਉਤੇ ਸੰਕਟ ਦੇ ਸਮੇਂ ਉਹ ਤਨ, ਮਨ, ਧਨ ਵਾਰਨ ਲਈ ਤਿਆਰ ਰਹਿੰਦਾ ਹੈ।

ਹਰੇਕ ਨਾਗਰਿਕ ਆਪਣੇ ਪਰਿਵਾਰ, ਪਿੰਡ, ਪ੍ਰਾਂਤ ਤੇ ਦੇਸ਼ ਦਾ ਅਨਿਖੜਵਾਂ ਅੰਗ ਹੁੰਦਾ ਹੋਇਆ ਵੀ ਵਿਸ਼ਾਲ ਮਨੁੱਖ ਜਾਤੀ ਦਾ ਇਕ ਅਟੁੱਟ ਹਿੱਸਾ ਹੈ। ਇਕ ਚੰਗਾ ਨਾਗਰਿਕ ਆਪਣੇ ਪਿੰਡ ਤੋਂ ਆਪਣੇ ਪ੍ਰਾਂਤ ਨੂੰ ਕੁਰਬਾਨ ਨਹੀਂ ਕਰਦਾ ਤੇ ਨਾ ਹੀ ਪ੍ਰਾਂਤ ਤੋਂ ਦੇਸ਼ ਨੂੰ ਕੁਰਬਾਨ ਕਰਦਾ ਹੈ। ਇਸੇ ਤਰ੍ਹਾਂ ਹੀ ਉਹ ਮਨੁੱਖੀ ਕਦਰਾਂ-ਕੀਮਤਾਂ ਨੂੰ ਰਾਸ਼ਟਰਵਾਦ ਤੋਂ ਤਰਜੀਹ ਦੇਂਦਾ ਹੈ। ਉਹ ਆਪਣੇ ਪਰਿਵਾਰ ਪਿਛੇ, ਪ੍ਰਾਂਤ, ਦੇਸ਼ ਤੇ ਮਨੁਖਤਾ ਵਲ ਆਪਣੇ ਫਰਜ਼ਾਂ ਨੂੰ ਪਛਾਣਦਾ ਹੈ। ਪਰ ਹਮੇਸ਼ਾ ਛੁਟੇਰੇ ਹਿਤਾਂ ਨੂੰ ਵਡੇਰੇ ਹਿੱਤਾਂ ਤੋਂ ਕੁਰਬਾਨ ਕਰ ਦੇਂਦਾ ਹੈ। ਆਪਣੇ ਦੇਸ਼ ਦੀ ਅਖੰਡਤਾ ਤੇ ਸੁਤੰਤਰਤਾ ਦੀ ਖਾਤਰ ਉਹ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਸਕਦਾ ਹੈ, ਪਰ ਉਸ ਨੂੰ ਦੂਜੇ ਦੇਸ਼ਾਂ ਉਤੇ ਕਬਜ਼ਾ ਕਰਨ ਤੋਂ ਨਫ਼ਰਤ ਹੁੰਦੀ ਹੈ। ਗੱਲ ਕੀ ਉਹ ਮਹਾਨ ਚਿੰਤਕ ਐਲਬਰਟ ਦੇ ਇਸ ਕਥਨ ਵਿਚ ਵਿਸ਼ਵਾਸ ਰੱਖਦਾ ਹੈ, ”ਮੈਂ ਸਦਾ ਆਪਣੇ ਨਾਲੋਂ ਆਪਣੇ ਪਰਿਵਾਰ ਨੂੰ, ਆਪਣੇ ਪਰਿਵਾਰ ਨਾਲੋਂ ਆਪਣੇ ਦੇਸ਼ ਨੂੰ ਆਪਣੇ ਦੇਸ਼ ਨਾਲੋਂ ਮਨੁੱਖਤਾ ਨੂੰ ਤਰਜੀਹ ਦਿਆਂਗਾ।”

ਹਰੇਕ ਨਾਗਰਿਕ ਨੂੰ ਵਿਧਾਨ ਰਾਹੀਂ ਕੁਝ ਅਧਿਕਾਰ ਮਿਲੇ ਹੋਏ ਹਨ, ਜਿਹਾ ਕਿ ਲਿਖਣ-ਬੋਲਣ ਦੀ ਸੁਤੰਤਰਤਾ, ਕੰਮ ਕਰਨ, ਜਾਇਦਾਦ ਰੱਖਣ ਤੇ ਕੋਈ ਵੀ ਧਰਮ ਜਾਂ ਮੱਤ ਧਾਰਨ ਕਰਨ ਦੀ ਸੁਤੰਤਰਤਾ। ਪਰ ਇਕ ਚੰਗਾ ਨਾਗਰਿਕ ਇਸ ਆਜ਼ਾਦੀ ਦੀ ਅਯੋਗ ਵਰਤੋਂ ਨਹੀਂ ਕਰਦਾ ਤੇ ਨਾ ਦੂਜਿਆਂ ਦੀ ਆਜ਼ਾਦੀ ਵਿਚ ਦਖਲ ਦੇਂਦਾ ਹੈ। ਉਹ ਖੁਲ੍ਹਦਿਲਾ ਹੁੰਦਾ ਹੈ ਤੇ ਆਪਣੇ ਧਰਮ ਤੇ ਵਿਚਾਰਾਂ ਨਾਲ ਪਿਆਰ ਕਰਦਾ ਹੋਇਆ ਹੋਰਨਾਂ ਦੇ ਧਰਮ ਤੇ ਵਿਚਾਰਾਂ ਦਾ ਵੀ ਯੋਗ ਆਦਰ ਕਰਦਾ ਹੈ।