ਮੁਹਾਵਰੇ


ਮੁਹਾਵਰੇ (Idioms)


ਉਨ੍ਹਾਂ ਦੋ-ਚਾਰ ਸ਼ਬਦਾਂ ਦੇ ਸਮੂਹ ਨੂੰ ‘ਮੁਹਾਵਰਾ’ ਕਿਹਾ ਜਾਂਦਾ ਹੈ, ਜਿਸ ਦੇ ਸ਼ਬਦੀ ਅਰਥ ਹੋਰ ਹੋਣ ਤੇ ਭਾਵ ਅਰਥ (ਵਿਚਲੇ ਅਰਥ) ਹੋਰ ਅਤੇ ਜਿਸ ਦੀ ਵਰਤੋਂ ਸਦਾ ਭਾਵ ਅਰਥਾਂ (ਨਾ ਕਿ ਸ਼ਬਦੀ ਅਰਥਾਂ) ਵਿੱਚ ਕੀਤੀ ਜਾਏ। ਇਸ ਸ਼ਬਦ-ਸਮੂਹ (ਮੁਹਾਵਰੇ) ਦਾ ਅੰਤਲਾ ਸ਼ਬਦ ਭਾਵਾਰਥ ਕਾਰਦੰਤਕ (Infinitive Participle) ਹੁੰਦਾ ਹੈ। ਅਥਵਾ ਇਹ (ਸ਼ਬਦ) ਧਾਤੂ ਦੇ ਅੰਤ ਵਿੱਚ ‘ਣਾ’, ‘ਨਾ’ ਤੇ ‘ਨੀ’ ਆਦਿ ਵਧਾ ਕੇ ਬਣਦਾ ਹੈ; ਜਿਵੇਂ : ਆਕੀ ਹੋਣਾ (ਭਾਵ ਬਾਗ਼ੀ ਹੋਣਾ), ਗਿੱਟੇ ਝਾੜਨੇ (ਭਾਵ ਕੁੱਟਣਾ) ਤੇ ਗੁੱਡੀ ਚੜ੍ਹਨੀ (ਭਾਵ ਉੱਨਤੀ ਵੱਲ ਜਾਣਾ) ਆਦਿ।

ਮੁਹਾਵਰੇ ਨੂੰ ਵਾਕਾਂ ਵਿੱਚ ਵਰਤਣ ਸਮੇਂ ਇਸ ਦੀ ਠੁੱਕ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ। ਠੁੱਕ ਅਨੁਸਾਰ ਇਸ ਦੀ ਕਿਰਿਆ ਦੇ ਵਚਨ, ਲਿੰਗ, ਪੁਰਖ ਤੇ ਕਾਲ ਆਦਿ ਵਿੱਚ ਪਰਿਵਰਤਨ ਹੋ ਸਕਦਾ ਹੈ; ਜਿਵੇਂ : ਧੁੰਮ ਪੈਣੀ ਤੋਂ ਧੁੰਮ ਪੈ ਗਈ, ਧੁੰਮ ਪੈ ਜਾਏਗੀ ਤੇ ਧੁੰਮਾਂ ਪੈ ਜਾਣਗੀਆਂ ਆਦਿ। ਪਰ ਕਿਰਿਆ ਦਾ ਧਾਤੂ ਉਂਜ ਦਾ ਉਂਜ ਹੀ ਰਹਿੰਦਾ ਹੈ, ਕਿਉਂਕਿ ਇਸ (ਧਾਤੂ) ਨੂੰ ਬਦਲਣ ਨਾਲ ਮੁਹਾਵਰੇ ਦੇ ਅਰਥ ਹੋਰ ਦੇ ਹੋਰ ਹੋ ਜਾਂਦੇ ਹਨ, ਜਿਵੇਂ ‘ਅੱਖ ਪੁੱਟਣੀ’ ਤੋਂ ਭਾਵ ਹੋਸ਼ ਵਿੱਚ ਆਉਣਾ ਤੇ ਅੱਖ ਲੱਗਣੀ ਤੋਂ ਭਾਵ ‘ਨੀਂਦ ਆਉਣੀ’ ਹੈ। ਇੱਥੇ ‘ਪੁੱਟਣੀ’ ਤੋਂ ਭਾਵ ਹੋਸ਼ ਵਿੱਚ ਆਉਣਾ ਤੇ ‘ਅੱਖ ਲੱਗਣੀ’ ਤੋਂ ਭਾਵ ‘ਨੀਂਦ ਆਉਣੀ’ ਹੈ। ਇੱਥੇ ‘ਪੁੱਟਣੀ’ ਨੂੰ ਲੱਗਣੀ ਨਾਲ ਬਦਲਣ ਵਿੱਚ ਭਾਵ ਹੋਰ ਹੋ ਗਏ ਹਨ। ਇਸ ਦੀ ਵਰਤੋਂ ਸਬੰਧੀ ਇੱਕ ਹੋਰ ਗੱਲ ਚੇਤੇ ਰੱਖਣ ਵਾਲੀ ਹੈ ਕਿ ਇੱਕ ਮੁਹਾਵਰੇ ਨੂੰ ਇੱਕ ਵਾਕ ਵਿੱਚ ਵਰਤਣਾ ਚਾਹੀਦਾ ਹੈ। ਵਾਕ (ਸਧਾਰਨ, ਸੰਯੁਕਤ ਜਾਂ ਮਿਸ਼ਰਤ ਅਥਵਾ ਕੋਈ ਹੋਵੇ) ਅਜਿਹਾ ਹੋਣਾ ਚਾਹੀਦਾ ਹੈ ਕਿ ਉਸ ਤੋਂ ਮੁਹਾਵਰੇ ਦਾ ਭਾਵ ਤੁਰੰਤ ਹੀ ਸਮਝ ਆ ਜਾਏ।

ਉਪਰੋਕਤ ਚਰਚਾ ਤੋਂ ਮੁਹਾਵਰਿਆਂ ਸਬੰਧੀ ਹੇਠ ਲਿਖੀਆਂ ਗੱਲਾਂ ਸਪੱਸ਼ਟ ਹੁੰਦੀਆਂ ਹਨ :

(ੳ) ਮੁਹਾਵਰੇ ਦਾ ਅੰਤਲਾ ਸ਼ਬਦ ਭਾਵਾਰਥ ਕਾਰਦੰਤਕ ਹੁੰਦਾ ਹੈ। ਕਾਲ ਅਤੇ ਪੁਰਖ ਅਨੁਸਾਰ ਤਬਦੀਲੀ ਆਉਂਦੀ ਹੈ।

(ਅ) ਕਿਰਿਆ ਦੀ ਤਬਦੀਲੀ ਸਮੇਂ ਧਾਤੂ ਨਹੀਂ ਬਦਲਦਾ।

(ੲ) ਮੁਹਾਵਰੇ ਨੂੰ ਇੱਕ ਵਾਕ ਵਿੱਚ ਹੀ ਵਰਤਣਾ ਚਾਹੀਦਾ ਹੈ।