ਤਕਨੀਕੀ ਸ਼ਬਦਾਵਲੀ : ਤਕਨੀਕੀ ਸ਼ਬਦਾਵਲੀ ਦੋ ਤਰ੍ਹਾਂ ਦੀ ਹੁੰਦੀ ਹੈ —
1. ਦਫ਼ਤਰੀ ਸ਼ਬਦਾਵਲੀ
2. ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ ਜਿਵੇਂ ਬੈਂਕ, ਰੇਲਵੇ, ਡਾਕ ਤੇ ਬੀਮਾ – ਸੇਵਾਵਾਂ ਨਾਲ ਸੰਬੰਧਿਤ ਸ਼ਬਦਾਵਲੀ।
ਦਫ਼ਤਰੀ ਸ਼ਬਦਾਵਲੀ : ਦਫ਼ਤਰੀ ਸ਼ਬਦਾਵਲੀ ਵਿੱਚ ਉਹ ਚੋਣਵੇਂ ਅੰਗਰੇਜ਼ੀ ਸ਼ਬਦ ਅਤੇ ਉਹਨਾਂ ਦਾ ਪੰਜਾਬੀ ਰੂਪ ਦਿੱਤਾ ਗਿਆ ਹੈ ਜਿਨ੍ਹਾਂ ਦੀ ਦਫ਼ਤਰੀ ਰੋਜ਼ਾਨਾ ਕੰਮ-ਕਾਜ ਵਿੱਚ ਆਮ ਵਰਤੋਂ ਹੁੰਦੀ ਹੈ। ਬੱਚੇ ਆਪਣੇ ਆਉਣ ਵਾਲੀ ਜ਼ਿੰਦਗੀ ਵਿੱਚ ਭਾਵੇਂ ਕਿਸੇ ਦਫ਼ਤਰ ਵਿੱਚ ਅਧਿਕਾਰੀ ਜਾਂ ਕਰਮਚਾਰੀ ਦੇ ਰੂਪ ਵਿੱਚ ਕੰਮ ਕਰਨ ਜਾਂ ਇੱਕ ਨਾਗਰਿਕ ਦੇ ਤੌਰ ‘ਤੇ, ਦਫ਼ਤਰੀ ਸ਼ਬਦਾਵਲੀ ਦਾ ਇਹ ਗਿਆਨ ਉਨ੍ਹਾਂ ਲਈ ਉਪਯੋਗੀ ਸਾਬਤ ਹੋਵੇਗਾ। ਇਸ ਤੋਂ ਇਲਾਵਾ ਇਹ ਸ਼ਬਦਾਵਲੀ ਵਿਦਿਆਰਥੀ ਦੇ ਸ਼ਬਦ-ਭੰਡਾਰ ਵਿੱਚ ਵਾਧਾ ਕਰੇਗੀ। ਜਿਸ ਦੇ ਪਰਿਣਾਮ-ਸਰੂਪ ਉਸ ਦੀ ਭਾਸ਼ਾ ਸਮਰੱਥਾ ਵੀ ਵਧੇਗੀ।
ਤਕਨੀਕੀ ਸ਼ਬਦਾਵਲੀ ਵਾਂਗ ਵੱਖ-ਵੱਖ ਪ੍ਰਮੁੱਖ ਵਿਸ਼ਿਆਂ ਨਾਲ ਸੰਬੰਧਿਤ ਚੋਣਵੇਂ ਸ਼ਬਦਾਂ ਦੇ ਅੰਗਰੇਜ਼ੀ ਅਤੇ ਪੰਜਾਬੀ ਰੂਪ ਦਿੱਤੇ ਗਏ ਹਨ। ਇਹ ਸ਼ਬਦਾਵਲੀ ਅਰਥ-ਸ਼ਾਸਤਰ, ਸਮਾਜ-ਸ਼ਾਸਤਰ, ਮਨੋਵਿਗਿਆਨ, ਰਾਜਨੀਤਿਕ ਵਿਗਿਆਨ, ਭੂਗੋਲ, ਇਤਿਹਾਸ ਆਦਿ ਵਿਸ਼ਿਆਂ ਨਾਲ ਸਬੰਧਿਤ ਹੈ। ਇਸ ਪ੍ਰਕਾਰ ਦੀ ਸ਼ਬਦਾਵਲੀ ਦਾ ਗਿਆਨ ਵਿਦਿਆਰਥੀ ਨੂੰ ਪੰਜਾਬੀ ਵਿਸ਼ੇ ਵਿੱਚ ਸੁਖੈਲਤਾ ਨਾਲ ਪੜ੍ਹਨ ਵਿੱਚ ਸਹਾਈ ਹੋਵੇਗਾ। ਅਖ਼ਬਾਰ ਤੇ ਮੈਗਜ਼ੀਨ ਪੜ੍ਹਦਿਆਂ, ਟੀ.ਵੀ. ਵੇਖਦਿਆਂ, ਰੇਡਿਓ ਸੁਣਦਿਆਂ, ਕਿਸੇ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ, ਅਨੁਵਾਦ ਆਦਿ ਦੇ ਕਾਰਜ ਕਰਦਿਆਂ, ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਸ਼ਬਦਾਵਲੀ ਦਾ ਗਿਆਨ ਲਾਹੇਵੰਦ ਰਹਿੰਦਾ ਹੈ।
ਇਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਕਿਸੇ ਸ਼ਬਦ ਦੇ ਵੱਖ-ਵੱਖ ਵਿਸ਼ਿਆਂ ਅਤੇ ਵੱਖ-ਵੱਖ ਪ੍ਰਸੰਗਾਂ ਵਿੱਚ ਅਰਥ ਭਿੰਨ- ਭਿੰਨ ਹੋ ਸਕਦੇ ਹਨ। ਉਂਝ ਕਿਸੇ ਜਿਉਂਦੀ ਭਾਸ਼ਾ ਵਿੱਚ ਸ਼ਬਦਾਂ ਦੇ ਅਰਥ ਹੌਲੀ-ਹੌਲੀ ਤਬਦੀਲ ਵੀ ਹੁੰਦੇ ਰਹਿੰਦੇ ਹਨ। ਇਸ ਪਾਠ-ਪੁਸਤਕ ਵਿੱਚ ਅੰਗਰੇਜ਼ੀ ਦੇ ਕਿਸੇ ਸ਼ਬਦ ਦੇ ਇੱਕ ਜਾਂ ਵੱਧ ਤੋਂ ਵੱਧ ਦੋ ਅਰਥਾਂ ਨੂੰ ਦਿੱਤਾ ਗਿਆ ਹੈ। ਅਜਿਹਾ ਪਾਠ- ਸਮਗਰੀ ਨੂੰ ਸਰਲ ਅਤੇ ਸੀਮਿਤ ਰੱਖਣ ਦੀ ਨੀਅਤ ਨਾਲ ਕੀਤਾ ਗਿਆ ਹੈ।
ਅਧਿਆਪਕ, ਮਾਪੇ ਜਾਂ ਵਿਦਿਆਰਥੀ ਨੂੰ ਕਿਸੇ ਅੰਗਰੇਜ਼ੀ ਸ਼ਬਦ ਦਾ ਕੋਈ ਜ਼ਿਆਦਾ ਢੁੱਕਵਾਂ ਪੰਜਾਬੀ ਰੂਪ ਵੀ ਸੁੱਝ ਸਕਦਾ ਹੈ। ਅਜਿਹਾ ਫੁਰਨਾ ਸਲਾਹਿਆ ਹੀ ਬਣਦਾ ਹੈ।
ਦੂਜਾ ਹਿੱਸਾ : ਬੈਂਕ, ਰੇਲਵੇ, ਡਾਕ ਤੇ ਕੰਪਿਊਟਰ, ਬੀਮਾ-ਸੇਵਾ ਨਾਲ ਸੰਬੰਧਿਤ ਵਾਕਾਂ ਦਾ ਪੰਜਾਬੀ ਵਿੱਚ ਅਨੁਵਾਦ
ਇਸੇ ਤਰ੍ਹਾਂ ਬੈਂਕ, ਰੇਲਵੇ, ਬੀਮਾ ਤੇ, ਡਾਕ-ਸੇਵਾ ਤੇ ਕੰਪਿਊਟਰ ਸੰਬੰਧੀ ਚੋਣਵੇਂ ਪੰਜਾਬੀ ਵਾਕਾਂ ਦਾ ਅੰਗਰੇਜ਼ੀ ਅਨੁਵਾਦ ਕੀਤਾ ਗਿਆ ਹੈ। ਇਹ ਸੇਵਾ ਨਿੱਤ ਵਰਤੋਂ ਦੀਆਂ ਸੇਵਾਵਾਂ ਹਨ। ਇਸ ਲਈ ਇਹਨਾਂ ਬਾਰੇ ਆਮ ਵਰਤੇ ਜਾਂਦੇ ਵਾਕ ਚੁਣੇ ਗਏ ਹਨ।
ਆਸ਼ਾ ਇਹ ਹੈ ਕਿ ਵਿਦਿਆਰਥੀ ਨੂੰ ਇਹਨਾਂ ਦਾ ਅੰਗਰੇਜ਼ੀ ਰੂਪ ਪਤਾ ਹੋਣ ਦੇ ਨਾਲ-ਨਾਲ ਪੰਜਾਬੀ ਰੂਪ ਵੀ ਪਤਾ ਹੋਵੇ ਤਾਂ ਜੋ ਉਹ ਲੋੜ ਅਨੁਸਾਰ ਇਹਨਾਂ ਦੀ ਵਰਤੋਂ ਕਰ ਸਕੇ। ਉਂਝ ਵੀ ਵਿਦਿਆਰਥੀ ਦਾ ਸ਼ਬਦ-ਭੰਡਾਰ ਵਧੇਗਾ ਅਤੇ ਉਸ ਦੀ ਅਨੁਵਾਦ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਕੋਸ਼ਿਸ਼ ਕੀਤੀ ਗਈ ਹੈ ਕਿ ਅੰਗਰੇਜ਼ੀ ਵਿੱਚ ਦਿੱਤੇ ਵਾਕਾਂ ਦਾ ਢੁੱਕਵਾਂ ਪੰਜਾਬੀ ਰੂਪ ਦਿੱਤਾ ਜਾਵੇ। ਫਿਰ ਵੀ ਜੇ ਇਹਨਾਂ ਦਾ ਕੋਈ ਬਿਹਤਰ ਰੂਪ ਅਧਿਆਪਕ ਜਾਂ ਵਿਦਿਆਰਥੀ ਨੂੰ ਸੁੱਝੇ ਤਾਂ ਇਹ ਚੰਗੀ ਗੱਲ ਹੀ ਹੋਵੇਗੀ।