ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਲਾਟਰੀਆਂ ਦੀ ਲੁੱਟ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।

ਵਿਸ਼ਾ : ਲਾਟਰੀਆਂ ਦੀ ਲੁੱਟ ਬਾਰੇ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ‘ਲਾਟਰੀਆਂ ਦੀ ਲੁੱਟ’ ਬਾਰੇ ਆਪਣੇ ਵਿਚਾਰ ਇਸ ਪੱਤਰ ਵਿੱਚ ਭੇਜ ਰਿਹਾ ਹਾਂ। ਕਿਰਪਾ ਕਰਕੇ ਇਸ ਨੂੰ ਅਖ਼ਬਾਰ ‘ਚ ਜ਼ਰੂਰ ਛਾਪਣਾ।

ਲਾਟਰੀ ਇੱਕ ਜੂਆ ਹੈ। ਸਾਡੇ ਦੇਸ਼ ਵਿੱਚ ਜੂਆ ਖੇਡਣਾ ਕਾਨੂੰਨੀ ਤੌਰ ‘ਤੇ ਜੁਰਮ ਹੈ ਪਰ ਲਾਟਰੀਆਂ ਰਾਹੀਂ ਸਰਕਾਰ ਜੂਆ ਖਿਡਾਉਣ ਵਿੱਚ ਆਪ ਹੀ ਸ਼ਾਮਲ ਹੈ। ਅੱਜ-ਕੱਲ੍ਹ ਲਗਭਗ ਸਾਰੇ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੇ ਵੱਖ-ਵੱਖ ਨਾਵਾਂ ਹੇਠ ਕਈ-ਕਈ ਲਾਟਰੀਆਂ ਅਤੇ ਲਾਟਰੀ-ਲੜੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੀ ਕੀਮਤ ਭਾਵੇਂ ਮਾਮੂਲੀ ਜਿਹੀ ਭਾਵ ਦਸ ਕੁ ਰੁਪਏ ਤੋਂ ਸ਼ੁਰੂ ਹੁੰਦੀ ਹੈ ਪਰ ਇਸ ਮਾਮੂਲੀ ਜਿਹੀ ਰਕਮ ਨਾਲ ਦਸ ਰੁਪਏ ਲਾ ਕੇ ਵੱਡੀ ਰਕਮ ਪ੍ਰਾਪਤ ਕਰਨ ਦਾ ਝਾਂਸਾ ਦੇ ਕੇ ਆਮ ਲੋਕਾਂ ਦਾ ਵੱਡੇ ਪੱਧਰ ‘ਤੇ ਸ਼ੋਸ਼ਣ ਹੋ ਰਿਹਾ ਹੈ। ਸ਼ਹਿਰਾਂ ਅਤੇ ਕਸਬਿਆਂ ਵਿੱਚ ਥਾਂ-ਥਾਂ ‘ਤੇ ਇਨ੍ਹਾਂ ਦੇ ਵੱਡੇ-ਵੱਡੇ ਸਟਾਲ ਲੱਗੇ ਦਿਖਾਈ ਦਿੰਦੇ ਹਨ। ਬੱਸ ਅੱਡਿਆਂ ‘ਤੇ ਸਵੇਰ ਤੋਂ ਸ਼ਾਮ ਤੱਕ ਲਾਟਰੀ ਪਾਉਣ ਵਾਲਿਆਂ ਦੀਆਂ ਭੀੜਾਂ ਹੀ ਲੱਗੀਆਂ ਰਹਿੰਦੀਆਂ ਹਨ।

ਕਈ ਵੱਡੇ ਸ਼ਹਿਰਾਂ ਵਿੱਚ ਘੰਟੇ-ਘੰਟੇ ਦੇ ਵਕਫ਼ੇ ਪਿੱਛੋਂ ਲਾਟਰੀ ਦੇ ਡਰਾਅ ਨਿਕਲਣ ਦੀਆਂ ਖ਼ਬਰਾਂ ਵੀ ਪ੍ਰਾਪਤ ਹੁੰਦੀਆਂ ਹਨ। ਇਹ ਡਰਾਅ ਵਧੇਰੇ ਕਰਕੇ ਲਾਟਰੀ-ਲੜੀਆਂ ਦੇ ਹੁੰਦੇ ਹਨ। ਜੇਕਰ ਨਿਕਲੇ ਹੋਏ ਲਾਟਰੀ ਨੰਬਰ ਦਾ ਅਖ਼ੀਰਲਾ ਨੰਬਰ ਖ਼ਰੀਦੀ ਹੋਈ ਟਿਕਟ ਨਾਲ ਮਿਲ ਜਾਵੇ ਤਾਂ ਉਹ ਜੇਤੂ ਸਮਝਿਆ ਜਾਂਦਾ ਹੈ। ਇਸ ਲਈ ਉਸ ਨੂੰ ਦਸ ਰੁਪਏ ਦੀ ਟਿਕਟ ‘ਤੇ ਹੀ ਘੱਟੋ-ਘੱਟ ਸੌ ਰੁਪਏ ਪ੍ਰਾਪਤ ਹੋ ਸਕਦੇ ਹਨ। ਜੇ ਕਿਸੇ ਦੀ ਇੱਕ ਵਾਰ ਲਾਟਰੀ ਨਿਕਲ ਆਵੇ ਉਹ ਆਪਣੀ ਕਿਸਮਤ ਨੂੰ ਚੰਗਾ ਸਮਝਣ ਲੱਗ ਪੈਂਦਾ ਹੈ ਤੇ ਸੋਚਦਾ ਹੈ ਕਿ ਉਸ ਦੀ ਕਿਸਮਤ ਉਸ ਉੱਤੇ ਮਿਹਰਬਾਨ ਹੈ। ਇਸ ਲਈ ਉਹ ਹੋਰ ਲਾਟਰੀਆਂ ਖ਼ਰੀਦਣ ਤੋਂ ਸੰਕੋਚ ਨਹੀਂ ਕਰਦਾ। ਇਸ ਤਰ੍ਹਾਂ ਉਹ ਵਧੇਰੇ ਪੈਸਿਆਂ ਦੇ ਲਾਲਚ ਵਿੱਚ ਵੱਧ ਪੈਸੇ ਲਾਉਂਦਾ ਹੈ। ਅਸਲ ਵਿੱਚ ਦਸਾਂ ਵਿਅਕਤੀਆਂ ਵਿੱਚੋਂ ਕਿਸੇ ਇੱਕ ਦੀ ਲਾਟਰੀ ਨਿਕਲਦੀ ਹੈ ਤੇ ਬਾਕੀ ਨੌਂ ਵਿਅਕਤੀਆਂ ਦੇ ਪੈਸੇ ਅਜਾਈਂ ਹੀ ਜਾਂਦੇ ਹਨ। ਪਰ ਉਹ ਨੌਂ ਵਿਅਕਤੀ ਵਾਰ-ਵਾਰ ਆਪਣੀ ਕਿਸਮਤ ਅਜ਼ਮਾਉਂਦੇ ਹਨ ਤੇ ਅਖ਼ੀਰ ਕੰਗਾਲ ਵੀ ਹੋ ਜਾਂਦੇ ਹਨ। ਗ਼ਰੀਬ ਵਿਅਕਤੀਆਂ ਵਿੱਚ ਲਾਟਰੀਆਂ ਰਾਹੀਂ ਜਲਦੀ ਤੋਂ ਜਲਦੀ ਅਮੀਰ ਬਣਨ ਦੀ ਲਾਲਸਾ ਵਧੇਰੇ ਹੁੰਦੀ ਹੈ। ਪਰ ਉਹ ਲਾਟਰੀਆਂ ਦੇ ਨਸ਼ੇ ਵਿੱਚ ਉੱਜੜ ਹੀ ਜਾਂਦੇ ਹਨ।

ਅੱਜ-ਕੱਲ੍ਹ ਹਰ ਅਖ਼ਬਾਰ ਵਿੱਚ ਇੱਥੋਂ ਤੱਕ ਕਿ ਟੀ. ਵੀ. ‘ਤੇ ਵੀ ਲਾਟਰੀਆਂ ਦਾ ਝਾਂਸਾ ਦਿੱਤਾ ਜਾ ਰਿਹਾ ਹੈ। ਇਹ ਲਾਲਚ ਲੱਖਪਤੀ ਤੇ ਕਰੋੜਪਤੀ ਬਣਨ ਦਾ ਵੀ ਹੁੰਦਾ ਹੈ। ਹਰ ਵਿਸ਼ੇਸ਼ ਦਿਨ, ਤਿਉਹਾਰ ਜਿਵੇਂ ਦੀਵਾਲੀ, ਦੁਸਹਿਰਾ, ਨਵਾਂ ਸਾਲ, ਲੋਹੜੀ, ਵਿਸਾਖੀ ਤੇ ਰੱਖੜੀ ਜਿਹੇ ਵਿਸ਼ੇਸ਼ ਮੌਕਿਆਂ ‘ਤੇ ਵਿਸ਼ੇਸ਼ ਤੇ ਕਰੋੜਪਤੀ ਬਣਨ ਦੇ ਬੰਪਰਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਹਰ ਕੋਈ ਕਰੋੜਪਤੀ ਬਣਨ ਦੀ ਆਸ ਨਾਲ ਸਿਰਫ਼ ਸੌ ਰੁਪਏ ਦੀ ਟਿਕਟ ਜਾਂ ਟਿਕਟਾਂ ਖ਼ਰੀਦ ਲੈਂਦਾ ਹੈ। ਇਸ ਤਰ੍ਹਾਂ ਸਰਕਾਰ ਸਿਰਫ਼ ਇੱਕ ਕਰੋੜ ਤਾਂ ਕਿਸੇ ਇੱਕ ਨੂੰ ਦੇ ਦਿੰਦੀ ਹੈ ਪਰ ਕਈ ਕਰੋੜ ਇਕੱਠੇ ਕਰ ਲੈਂਦੀ ਹੈ। ਉਸ ਵਿੱਚੋਂ ਏਜੰਟਾਂ ਦੀ ਕਮਿਸ਼ਨ, ਛਪਾਈ ਤੇ ਇਨਾਮ ਦੇ ਪੈਸੇ ਤੇ ਹੋਰ ਛੋਟੇ-ਮੋਟੇ ਖ਼ਰਚੇ ਕੱਢ ਕੇ ਬਾਕੀ ਰਕਮ ਆਪਣੀ ਝੋਲੀ ਵਿੱਚ ਪਾ ਲੈਂਦੀ ਹੈ।

ਇਸ ਤਰ੍ਹਾਂ ਸਰਕਾਰਾਂ ਇੱਕ ਤਾਂ ਗ਼ਲਤ ਢੰਗ ਨਾਲ ਪੈਸਾ ਇਕੱਠਾ ਕਰ ਰਹੀਆਂ ਹਨ। ਲੋਕ ਲਾਲਚ ਵਿੱਚ ਆ ਕੇ ਅਮੀਰ ਬਣਦੇ-ਬਣਦੇ ਗ਼ਰੀਬ ਹੋਈ ਜਾ ਰਹੇ ਹਨ। ਸਰਕਾਰ ਨੂੰ ਲਾਟਰੀਆਂ ਦੁਆਰਾ ਲੋਕਾਂ ਦੀ ਇਹ ਲੁੱਟ ਤੁਰੰਤ ਹੀ ਬੰਦ ਕਰ ਦੇਣੀ ਚਾਹੀਦੀ ਹੈ। ਇਹ ਇੱਕ ਬੁਰਾਈ ਹੈ। ਇਸ ਤਰ੍ਹਾਂ ਲੋਕਾਂ ਵਿੱਚ ਸਿਰਫ਼ ਥੋੜ੍ਹੇ ਪੈਸਿਆਂ ਰਾਹੀਂ ਅਮੀਰ ਬਣਨ ਦੀ ਲਾਲਸਾ ਉਨ੍ਹਾਂ ਨੂੰ ਬੇਕਾਰ ਵੀ ਕਰ ਦਿੰਦੀ ਹੈ। ਕਿਉਂਕਿ ਉਨ੍ਹਾਂ ਦੇ ਦਿਮਾਗ਼ ਵਿੱਚ ਇਹ ਹੁੰਦਾ ਹੈ ਕਿ ਮਿਹਨਤ ਕਰਨ ਤੋਂ ਬਿਨਾਂ ਹੀ ਉਹ ਲੱਖਪਤੀ ਜਾਂ ਕਰੋੜਪਤੀ ਬਣ ਜਾਣਗੇ। ਫਿਰ ਹੱਥੀਂ ਕਿਰਤ ਕਰਨ ਦੀ ਕੀ ਲੋੜ ਹੈ ?

ਸੰਪਾਦਕ ਜੀ, ਆਸ ਹੈ ਕਿ ਆਪ ਮੇਰੇ ਇਸ ਉਪਰੋਕਤ ਵਿਚਾਰ ਨੂੰ ਆਪਣੀ ਅਖ਼ਬਾਰ ਵਿੱਚ ਛਾਪ ਕੇ ਪਾਠਕਾਂ ਦਾ ਧਿਆਨ ਇਸ ਬੁਰਾਈ ਵੱਲ ਦਿਵਾਓਗੇ, ਜਿਸ ਨਾਲ ਹੋ ਸਕਦਾ ਹੈ ਕਿ ਉਹ ਆਉਣ ਵਾਲੇ ਭਵਿੱਖ ਵਿੱਚ ਲਾਟਰੀਆਂ ਦੇ ਲਾਲਚ ਤੋਂ ਬਚ ਸਕਣਗੇ ਤੇ ਇਸ ਬੁਰਾਈ ਪ੍ਰਤੀ ਚੇਤੰਨ ਹੋ ਕੇ ਇਸ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਗੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………