ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਨਬਾਲਗ ਬੱਚਿਆਂ ਦੀ ਡਰਾਈਵਿੰਗ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਨਬਾਲਗ ਬੱਚਿਆਂ ਦੀ ਡਰਾਇਵਿੰਗ ਸਬੰਧੀ।
ਸ੍ਰੀਮਾਨ ਜੀ,
ਮੈਂ ਇਸ ਪੱਤਰ ਰਾਹੀਂ ਨਬਾਲਗ ਬੱਚਿਆਂ ਦੀ ਡਰਾਈਵਿੰਗ ਸਬੰਧੀ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਇਸ ਪੱਤਰ ਨੂੰ ਆਪਣੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਕਿਰਪਾਲਤਾ ਕਰਨੀ ਜੀ।
ਬੇਨਤੀ ਹੈ ਕਿ ਅਸੀਂ ਅਕਸਰ ਇਹ ਖ਼ਬਰਾਂ ਸੁਣਦੇ ਹੀ ਰਹਿੰਦੇ ਹਾਂ ਕਿ ਹਾਦਸਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਖ਼ਾਸ ਕਰਕੇ ਸਕੂਟਰ, ਮੋਟਰਸਾਈਕਲ, ਕਾਰ ਸਵਾਰਾਂ ਦੇ ਨਾਲ ਇਹ ਹਾਦਸੇ ਵਧੇਰੇ ਵਾਪਰਦੇ ਹਨ। ਇਸ ਦਾ ਮੁੱਖ ਕਾਰਨ ਨਬਾਲਗ ਤੇ ਅਣ-ਸਿੱਖਿਅਤ ਬੱਚਿਆਂ ਕੋਲ ਸਕੂਟਰ, ਮੋਟਰ ਸਾਈਕਲ ਜਾਂ ਕਾਰਾਂ ਦੀ ਗਿਣਤੀ ਦਾ ਵਧਣਾ ਹੈ। ਅੱਜ-ਕੱਲ੍ਹ ਦੇ ਬੱਚੇ ਰੀਸੋ-ਰੀਸੀ ਮੋਟਰ-ਸਾਈਕਲਾਂ/ਕਾਰਾਂ ਦੀ ਮੰਗ ਕਰਦੇ ਹਨ। ਮਾਪੇ ਕਈ ਵਾਰ ਮਜਬੂਰਨ ਹੀ ਉਨ੍ਹਾਂ ਦੀ ਮੰਗ ਵੀ ਪੂਰੀ ਕਰ ਦਿੰਦੇ ਹਨ ਤੇ ਕਈ ਅਮੀਰ ਘਰਾਂ ਦੇ ਕਾਕਿਆਂ ਨੂੰ ਸਹਿਜੇ ਹੀ ਇਹ ਸਹੂਲਤਾਂ ਨਸੀਬ ਹੋ ਜਾਂਦੀਆਂ ਹਨ।
ਪਰ ਉਨ੍ਹਾਂ ਕੋਲ ਕਿਸੇ ਕਿਸਮ ਦਾ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਹੁੰਦਾ ਜਿਸ ਕਾਰਨ ਉਹ ਟ੍ਰੈਫਿਕ ਨਿਯਮਾਂ ਤੋਂ ਕੋਰੇ ਅਣਜਾਣ ਹੁੰਦੇ ਹਨ। ਮਸਤੀ ਦੇ ਆਲਮ ਵਿੱਚ ਅੰਨ੍ਹੇਵਾਹ ਵਾਹਨ ਭਜਾਉਣੇ ਉਨ੍ਹਾਂ ਲਈ ਮਾਮੂਲੀ ਗੱਲ ਹੁੰਦੀ ਹੈ। ਅਜਿਹੇ ਬੱਚੇ ਹੀ ਬੇਧਿਆਨੀ, ਮਸਤੀ ਤੇ ਟੌਹਰ ਵਿਖਾਉਂਦੇ-ਵਿਖਾਉਂਦੇ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਕਈ ਵਾਰ ਪੁਲਿਸ ਅਧਿਕਾਰੀ ਵੀ ਇਨ੍ਹਾਂ ਦੀਆਂ ਗ਼ਲਤੀਆਂ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ, ਜਿਸ ਦਾ ਖ਼ਮਿਆਜ਼ਾ ਦੂਜਿਆਂ ਨੂੰ ਭੁਗਤਣਾ ਪੈਂਦਾ ਹੈ।
ਇਸ ਪੱਤਰ ਰਾਹੀਂ ਅਸੀਂ ਐੱਸ. ਪੀ. (ਕਪੂਰਥਲਾ) ਸਾਹਿਬ ਤੋਂ ਇਹ ਮੰਗ ਕਰਦੇ ਹਾਂ ਕਿ ਟ੍ਰੈਫਿਕ ਪੁਲਿਸ ਨੂੰ ਅਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਜਿਹੇ ਬੱਚਿਆਂ ‘ਤੇ ਨਕੇਲ ਕੱਸੀ ਜਾਵੇ। ਨਬਾਲਗ ਬੱਚਿਆਂ ਨੂੰ ਲਾਇਸੈਂਸ ਨਾ ਜਾਰੀ ਕੀਤਾ ਜਾਵੇ। ਵਾਹਨ ਚਲਾਉਣ ਦੀ ਸਿੱਖਿਆ ਦਾ ਅਸਲ ਸਰਟੀਫਿਕੇਟ ਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਤੋਂ ਬਿਨਾਂ ਕਿਸੇ ਦਾ ਵੀ ਵਾਹਨ ਜ਼ਬਤ ਕਰ ਲਿਆ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………