ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਆਪਣੇ ਘਰ ਰੋਜ਼ਾਨਾ ਅਖ਼ਬਾਰ ਲਵਾਉਣ ਲਈ ਅਖ਼ਬਾਰ ਦੇ ਏਜੰਸੀ ਮੈਨੇਜਰ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਨਹਿਰੂ ਗਾਰਡਨ ਰੋਡ,
ਜਲੰਧਰ।
ਵਿਸ਼ਾ : ਨੌਜਵਾਨਾਂ ਵਿੱਚ ਆਤਮ-ਹੱਤਿਆ ਦੇ ਰੁਝਾਨ ਬਾਰੇ।
ਸ੍ਰੀਮਾਨ ਜੀ,
ਮੈਂ ਇਸ ਰਾਹੀਂ ਆਪ ਜੀ ਨੂੰ ਨੌਜਵਾਨਾਂ ਵਲੋਂ ਆਤਮ-ਹੱਤਿਆ ਵਰਗੇ ਕੋਝੇ ਕਾਰਨਾਮਿਆਂ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਜ਼ਰੂਰ ਪ੍ਰਕਾਸ਼ਿਤ ਕਰੋਗੇ।
ਅੱਜ, ਕਿਸੇ ਵੀ ਅਖ਼ਬਾਰ ਦਾ ਕੋਈ ਵੀ ਪੰਨਾ ਪਲਟ ਲਓ, ਨੌਜਵਾਨਾਂ ਵਲੋਂ ਕੀਤੀਆਂ ਜਾ ਰਹੀਆਂ ਆਤਮ- ਹੱਤਿਆਵਾਂ ਦੀਆਂ ਖ਼ਬਰਾਂ ਪੜ੍ਹ ਕੇ ਮਨ ਵਲੂੰਧਰਿਆ ਜਾਂਦਾ ਹੈ। ਸਾਡੇ ਆਲੇ-ਦੁਆਲੇ ਨਿੱਤ-ਦਿਹਾੜੇ ਅਜਿਹੀਆਂ ਕੋਝੀਆਂ ਪਰ ਦਿਲ-ਕੰਬਾਊ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ।
ਆਤਮ-ਹੱਤਿਆਵਾਂ ਦੀਆਂ ਘਟਨਾਵਾਂ ਲਈ ਬਹੁਤ ਸਾਰੇ ਸਮਾਜਕ, ਮਾਨਸਕ ਤੇ ਆਰਥਕ ਕਾਰਨ ਜ਼ਿੰਮੇਵਾਰ ਹਨ। ਕੋਈ ਕਰਜ਼ਾਈ, ਕੋਈ ਰੋਗੀ, ਕੋਈ ਬੇਰੁਜ਼ਗਾਰ, ਕੋਈ ਸਮਾਜ ਹੱਥੋਂ ਸਤਾਇਆ ਆਪਣੀ ਜੀਵਨ-ਲੀਲ੍ਹਾ ਖ਼ਤਮ ਕਰਨ ਤੇ ਮਜਬੂਰ ਹੋ ਜਾਂਦਾ ਹੈ। ਅੱਜ ਮਨੁੱਖ ਦੀ ਪਦਾਰਥਕ ਰੁਚੀ ਤੇ ਪੈਸਾ ਕਮਾਉਣ ਦੀ ਤੇਜ਼ੀ ਆਦਿ ਨਾਲ ਮਨੁੱਖੀ ਜੀਵਨ ਤਣਾਓ ਭਰਪੂਰ ਹੋ ਗਿਆ ਹੈ। ਲੋਕਾਂ ਦੇ ਮਾਨਸਕ ਕਲੇਸ਼ ਵਧ ਗਏ ਹਨ। ਟੀ.ਵੀ. ਮਾਧਿਅਮ ਰਾਹੀਂ ਪਰੋਸੇ ਜਾਂਦੇ ਹਿੰਸਾ, ਮਾਰ-ਧਾੜ, ਕਤਲ, ਬਲਾਤਕਾਰ, ਆਤਮ-ਹੱਤਿਆਵਾਂ ਤੇ ਵੱਡਿਆਂ ਤੋਂ ਬਗ਼ਾਵਤ ਦੀਆਂ ਘਟਨਾਵਾਂ ਵਾਲੇ ਪ੍ਰੋਗਰਾਮਾਂ ਨੇ ਮਨੁੱਖ ਦੀ ਸੋਚਣੀ ਹੀ ਕਾਤਲਾਨਾ ਕਰ ਦਿੱਤੀ ਹੈ। ਉਹ ਆਪਣਾ ਨਫ਼ਾ-ਨੁਕਸਾਨ ਸੋਚਣ ਤੋਂ ਬਿਨਾਂ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦੀ ਥਾਂ ਕਿਸੇ ਫ਼ਿਲਮੀ ਪਾਤਰ ਵਾਂਗ ਆਤਮ-ਹੱਤਿਆ ਦੇ ਰਸਤੇ ਤੁਰ ਪੈਂਦਾ ਹੈ।
ਕੋਈ ਮੁਟਿਆਰ ਆਪਣੇ-ਆਪ ਨੂੰ ਤੇਲ ਪਾ ਕੇ ਇਸ ਕਰਕੇ ਅੱਗ ਲਾ ਲੈਂਦੀ ਹੈ ਕਿਉਂਕਿ ਉਹ ਸਹੁਰਿਆਂ ਹੱਥੋਂ ਦਾਜ ਦੀ ਮੰਗ ਕਾਰਨ ਸਤਾਈ ਹੈ, ਕੋਈ ਆਪਣੇ ਸ਼ਰਾਬੀ ਪਤੀ ਹੱਥੋਂ ਸਤਾਈ ਹੈ। ਪ੍ਰੇਮੀ ਜੋੜੇ ਇਸ ਲਈ ਆਪਣੀ ਜੀਵਨ- ਲੀਲ੍ਹਾ ਖ਼ਤਮ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਵਿਆਹ ਕਰਨ ਲਈ ਰਾਜ਼ੀ ਨਹੀਂ ਹੁੰਦੇ। ਜਿਸਮਾਨੀ ਸ਼ੋਸ਼ਣ ਵੀ ਇਸਤਰੀਆਂ ਨੂੰ ਆਤਮ-ਹੱਤਿਆਵਾਂ ਲਈ ਮਜਬੂਰ ਕਰ ਦਿੰਦਾ ਹੈ। ਕੋਈ ਨੌਜਵਾਨ ਆਪਣੇ ਮਾਪਿਆਂ ਦੀ ਟੋਕ-ਟਕਾਈ ਪਸੰਦ ਨਾ ਕਰ ਸਕਿਆ, ਉਸ ਨੇ ਜ਼ਹਿਰ ਖਾ ਲਿਆ। ਕੋਈ ਇਮਤਿਹਾਨ ਵਿੱਚੋਂ ਫੇਲ੍ਹ ਹੋ ਗਿਆ ਤੇ ਸਦਮਾ ਬਰਦਾਸ਼ਤ ਨਾ ਕਰ ਸਕਿਆ, ਗੱਡੀ ਥੱਲੇ ਆ ਗਿਆ ਜਾਂ ਪੱਖੇ ਨਾਲ ਲਟਕ ਗਿਆ।ਆਤਮ-ਹੱਤਿਆਵਾਂ ਲਈ ਕੀੜੇਮਾਰ ਜ਼ਹਿਰੀਲੀਆਂ ਦਵਾਈਆਂ, ਗੱਡੀ ਹੇਠ ਆ ਜਾਣਾ, ਨਹਿਰ ‘ਚ ਛਾਲ ਮਾਰਨੀ, ਫਾਹਾ ਲੈਣਾ ਆਦਿ ਤਰੀਕੇ ਅਪਣਾਏ ਜਾਂਦੇ ਹਨ।
ਆਤਮ-ਹੱਤਿਆ ਕਰਨ ਵਾਲੇ ਨੂੰ ਆਮ ਤੌਰ ‘ਤੇ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਕਿਉਂਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਅੱਗੇ ਹਾਰ ਮੰਨਣਾ ਕਾਇਰਾਨਾ ਤਰੀਕਾ ਹੁੰਦਾ ਹੈ। ਕਿਉਂਕਿ ਮਰਨ ਨਾਲ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ।
ਨੌਜਵਾਨਾਂ ਵਲੋਂ ਚੁੱਕੇ ਜਾਂਦੇ ਇਹ ਕਦਮ ਗ਼ਲਤ ਤੇ ਨਿੰਦਣਯੋਗ ਹਨ। ਸਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਜੂਝਣਾ ਚਾਹੀਦਾ ਹੈ ਨਾ ਕਿ ਦੁੱਖਾਂ, ਮੁਸੀਬਤਾਂ ਤੋਂ ਘਬਰਾ ਕੇ ਮੌਤ ਦੇ ਗਲੇ ਜਾ ਲੱਗੀਏ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਮੁਸ਼ਕਲਾਂ ਸੁਣਨ, ਉਨ੍ਹਾਂ ਨੂੰ ਦਲੀਲ ਤੇ ਪਿਆਰ ਨਾਲ ਸਮਝਾਉਣ, ਕੁਝ ਉਨ੍ਹਾਂ ਦੀਆਂ ਮੰਨਣ ਤੇ ਕੁਝ ਉਨ੍ਹਾਂ ਨੂੰ ਸਮਝਾਉਣ। ਉਨ੍ਹਾਂ ਵਿੱਚ ਸਬਰ, ਸਹਿਣਸ਼ੀਲਤਾ, ਸੋਝੀ ਤੇ ਸਿਆਣਪ ਵਰਗੇ ਗੁਣਾਂ ਦਾ ਵਿਕਾਸ ਕਰਨ। ਇਸ ਤੋਂ ਇਲਾਵਾ ਹਿੰਸਾਤਮਕ ਪ੍ਰੋਗਰਾਮਾਂ ‘ਤੇ ਵੀ ਪਾਬੰਦੀ ਲਾਉਣੀ ਚਾਹੀਦੀ ਹੈ। ਨੌਜਵਾਨਾਂ ਨੂੰ ਅਜਿਹੀ ਮਾੜੀ ਸੋਚ ਆਪਣੇ ਦਿਲ ਵਿੱਚੋਂ ਹਮੇਸ਼ਾ ਲਈ ਕੱਢ ਕੇ ਹੁਸੀਨ ਜ਼ਿੰਦਗੀ ਗੁਜ਼ਾਰਨ ਦੇ ਸੁਪਨੇ ਲੈਣੇ ਚਾਹੀਦੇ ਹਨ।
ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………