‘ਰਾਜਨੀਤੀ ਵਿੱਚ ਵਧ ਰਹੇ ਭ੍ਰਿਸ਼ਟਾਚਾਰ’ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………….ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਰਾਜਨੀਤੀ ਵਿੱਚ ਭ੍ਰਿਸ਼ਟਾਚਾਰ।
ਸ੍ਰੀਮਾਨ ਜੀ,
ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਏਨਾ ਵਧ ਗਿਆ ਹੈ ਕਿ ਇਸ ਦਾ ਖ਼ਾਤਮਾ ਅਸੰਭਵ ਜਾਪ ਰਿਹਾ ਹੈ। ਚੋਣਾਂ ਦੇ ਸਮੇਂ ਤੋਂ ਹੀ ਜਾਅਲੀ ਵੋਟਾਂ ਭੁਗਤਾਉਣੀਆਂ, ਵੋਟਾਂ ਖ਼ਰੀਦਣੀਆਂ (ਸ਼ਰਾਬ, ਧਨ ਅਤੇ ਧਮਕੀਆਂ ਨਾਲ), ਵੋਟਿੰਗ ਮਸ਼ੀਨਾਂ ਨਾਲ ਛੇੜ-ਛਾੜ ਕਰਨੀ, ਆਦਿ ਭ੍ਰਿਸ਼ਟ ਰਾਜਨੀਤੀ ਦੀ ਨਿਸ਼ਾਨੀ ਹੈ। ਦੇਸ ਦੇ ਨੇਤਾ ਕੁਰਸੀ ਅਤੇ ਆਪਣੀ ਸ਼ੁਹਰਤ ਕਾਇਮ ਰੱਖਣ ਲਈ ਖੂਨ-ਖਰਾਬੇ, ਮਾਰ-ਧਾੜ, ਘਪਲੇ ਤੇ ਹੋਰ ਅੰਨ੍ਹੀ ਕਮਾਈ ਲਈ ਹੇਰਾਫੇਰੀਆਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਾਰਲੀਮੈਂਟ ਦੇ ਮੈਂਬਰ ਵੀ ਪ੍ਰਸ਼ਨ ਪੁੱਛਣ ਦੇ ਬਦਲੇ ਪੈਸੇ ਲੈਂਦੇ ਹਨ ‘ਤੇ ਆਪਣੇ ਫੰਡਾਂ ਨੂੰ ਵਿਕਾਸ ਕੰਮਾਂ ‘ਤੇ ਖਰਚਣ ਸਮੇਂ ਕਮਿਸ਼ਨ ਤੈਅ ਕਰਦੇ ਹਨ।
ਆਮ ਜਨਤਾ ਨੂੰ ਲੁੱਟ ਕੇ ਆਪਣੇ ਖ਼ਜ਼ਾਨੇ ਭਰਨੇ, ਆਪਣੀਆਂ ਜਾਇਦਾਦਾਂ ਤੇ ਬੇਅੰਤ ਧਨ ਇਕੱਠਾ ਕਰਕੇ ਸਵਿਸ ਬੈਂਕਾਂ ‘ਚ ਜਮ੍ਹਾਂ ਕਰਾਉਣਾ ਹੀ ਰਾਜਨੀਤਕ ਆਗੂਆਂ ਦਾ ਮਕਸਦ ਹੈ। ਅੱਜ ਸਾਡੇ ਦੇਸ਼ ਦਾ ਬੇਸ਼ੁਮਾਰ ਧਨ ਸਵਿਸ ਬੈਂਕਾਂ ਵਿੱਚ ਜਮ੍ਹਾਂ ਹੈ ਜਿਸ ਨੂੰ ‘ਕਾਲਾ ਧਨ’ ਕਿਹਾ ਜਾਂਦਾ ਹੈ। ਇਸ ਨੂੰ ਵਾਪਸ ਲਿਆਉਣ ਲਈ ਸਰਕਾਰ ਸੁਹਿਰਦ ਨਹੀਂ ਹੈ, ਸਗੋਂ ਸਰਕਾਰ ਵਲੋਂ ਇਨ੍ਹਾਂ ਪ੍ਰਤੀ ਰਾਜਨੀਤਕ ਤੇ ਕੂਟਨੀਤਕ ਚਾਲਾਂ ਭਰਿਆ ਰਵੱਈਆ ਅਪਣਾਇਆ ਹੋਇਆ ਹੈ।
ਅੱਜ ਦੇਸ਼ ਵਿੱਚ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਰਾਜ ਸਰਕਾਰਾਂ ਦਾ ਕੋਈ ਮਹਿਕਮਾ ਸਹੀ ਅਰਥਾਂ ਵਿੱਚ ਲੋਕ-ਹਿਤੂ ਕੰਮ ਕਰ ਰਿਹਾ ਹੈ। ਸਾਰੇ ਮਹਿਕਮੇ, ਸਰਕਾਰੀ ਧਨ ਦਾ ਉਜਾੜਾ ਹੀ ਹਨ ਕਿਉਂਕਿ ਉਨ੍ਹਾਂ ਨੂੰ ਭ੍ਰਿਸ਼ਟ ਰਾਜਨੀਤਿਕਾਂ ਦੀ ਸਰਪ੍ਰਸਤੀ ਹਾਸਲ ਹੈ। ਇਹ ਆਗੂ ਤਾਂ ਹਰ ਮਹਿਕਮੇ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਕੋਸ਼ਿਸ਼ ਵਿੱਚ ਹਨ।
ਭਾਵੇਂ ਕਿ ਬਹੁਤ ਸਾਰੇ ਨਾਗਰਿਕ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਗਏ ਹਨ, ਉਹ ਵੋਟ ਦੀ ਵਰਤੋਂ ਵੀ ਹਰ ਪਹਿਲੂ ਤੋਂ ਸੋਚ-ਵਿਚਾਰ ਕੇ ਕਰਦੇ ਹਨ ਪਰ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਪਾਰਟੀਆਂ ਹੱਥੀਂ ਵਿਕ ਜਾਂਦੇ ਹਨ ਤੇ ਲੋਕਤੰਤਰ, ਨੋਟਤੰਤਰ ਵਿੱਚ ਬਦਲ ਜਾਂਦਾ ਹੈ। ਸੋ, ਲੋੜ ਹੈ ਰਾਜਨੀਤੀ ਦੇ ਇਸ ਵਰਤਾਰੇ ਪ੍ਰਤੀ ਸੁਚੇਤ ਹੋਣ ਦੀ ਨਹੀਂ ਤਾਂ ਇੱਥੇ ਤਾਨਾਸ਼ਾਹੀ ਤੇ ਗੁੰਡਾਰਾਜ ਪ੍ਰਧਾਨ ਹੋ ਜਾਵੇਗਾ। ਅੱਜ ਲੋਕਤੰਤਰ ਨਹੀਂ, ਨੋਟਤੰਤਰ ਤੇ ਭ੍ਰਿਸ਼ਟਤੰਤਰ ਸਰਕਾਰ ਹੈ। ਅੱਜ ਦੇ ਨੇਤਾਵਾਂ ਨੂੰ ਸਿਰਫ਼ ਕੁਰਸੀ, ਸ਼ੁਹਰਤ ਤੇ ਪੈਸਾ ਚਾਹੀਦਾ ਹੈ।“ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।” ਅਖਾਣ ਇਨ੍ਹਾਂ ਆਗੂਆਂ ‘ਤੇ ਢੁਕਦਾ ਹੈ।
ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਚਿੱਠੀ ਆਪਣੀ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ।
ਮਿਤੀ : 22 ਮਾਰਚ, 20………