ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਸ਼ੋਰ ਪ੍ਰਦੂਸ਼ਣ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਆਪਣੇ ਵਿਚਾਰ ਲਿਖੋ।


ਪ੍ਰੀਖਿਆ ਭਵਨ,

…………………… ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਪੰਜਾਬੀ ਟ੍ਰਿਬਿਊਨ,

ਚੰਡੀਗੜ।

ਵਿਸ਼ਾ : ਸ਼ੋਰ ਪ੍ਰਦੂਸ਼ਣ ਬਾਰੇ।

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ‘ਸ਼ੋਰ ਪ੍ਰਦੂਸ਼ਣ’ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਹੀ ਹਾਂ। ਆਸ ਹੈ ਕਿ ਆਪ ਇਨ੍ਹਾਂ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿੱਚ ਛਾਪ ਕੇ ਧੰਨਵਾਦੀ ਬਣਾਓਗੇ।

ਸਾਡਾ ਦੇਸ਼ ਕਈ ਤਰ੍ਹਾਂ ਦੇ ਪ੍ਰਦੂਸ਼ਣਾਂ (ਪਾਣੀ ਪ੍ਰਦੂਸ਼ਣ, ਵਾਤਾਵਰਨ ਪ੍ਰਦੂਸ਼ਣ) ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਵਿੱਚ ਸ਼ੋਰ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਦੌੜ-ਭੱਜ ਤੇ ਮਾਨਸਕ ਚਿੰਤਾਵਾਂ ਭਰੀ ਜ਼ਿੰਦਗੀ ਨੇ ਮਨੁੱਖ ਦਾ ਜਿਊਣਾ ਉਂਝ ਵੀ ਔਖਾ ਕਰ ਦਿੱਤਾ ਹੈ, ਉੱਪਰੋਂ ਸ਼ੋਰ ਪ੍ਰਦੂਸ਼ਣ ਨੇ ਕਸਰ ਪੂਰੀ ਕਰ ਦਿੱਤੀ ਹੈ। ਉਂਝ ਤਾਂ ਇਹ ਪ੍ਰਦੂਸ਼ਣ ਹਰ ਜਗ੍ਹਾ ਹੀ ਹੈ ਪਰ ਸ਼ਹਿਰਾਂ ਵਿੱਚ ਕੁਝ ਵਧੇਰੇ ਹੀ ਹੈ।

ਧਾਰਮਕ ਸਥਾਨਾਂ ਤੋਂ ਉੱਚੀ ਉੱਚੀ ਵੱਜਦੇ ਲਾਊਡ ਸਪੀਕਰ, ਦੁਕਾਨਾਂ ‘ਤੇ ਵੱਜਦੇ ਡੈੱਕ, ਬੱਸਾਂ ਵਿੱਚ ਵੱਜਦੀਆਂ ਟੇਪਾਂ, ਵਪਾਰ ਦੀ ਮਸ਼ਹੂਰੀ ਲਈ ਰਿਕਸ਼ਿਆਂ-ਟੈਂਪੂਆਂ ‘ਤੇ ਹੁੰਦੀ ਮੁਨਿਆਦੀ ਤੇ ਮੈਰਿਜ ਪੈਲੇਸਾਂ ਵਿੱਚ ਡੀ.ਜੇ. ਦਾ ਕੰਨ- ਪਾੜਵਾਂ ਸ਼ੋਰ ਖ਼ੁਸ਼ੀ ਘੱਟ ਅਤੇ ਮਾਨਸਕ ਬੇਚੈਨੀ ਬਹੁਤੀ ਦੇ ਜਾਂਦਾ ਹੈ। ਇਸ ਤੋਂ ਇਲਾਵਾ ਤੇਜ਼ ਰਫ਼ਤਾਰ ਵਾਹਨਾਂ ‘ਤੇ ਲੱਗੇ ਭਿਆਨਕ ਕਿਸਮ ਦੀਆਂ ਅਵਾਜ਼ਾਂ ਵਾਲੇ ਪ੍ਰੇਸ਼ਰ ਹਾਰਨ ਅਤੇ ਹੂਟਰ ਇੱਕ ਵਾਰ ਤਾਂ ਆਮ ਵਿਅਕਤੀ ਦਾ ਦਿਲ ਕੰਬਾ ਜਾਂਦੇ ਹਨ।

ਇਹਨਾਂ ਦੀਆਂ ਕੰਨ-ਪਾੜਵੀਆਂ ਅਵਾਜ਼ਾਂ ਮਨੁੱਖ ਦੀ ਮਾਨਸਕ ਸ਼ਾਂਤੀ ਭੰਗ ਕਰਨ ਵਿੱਚ ਮੁੱਖ ਭੂਮਿਕਾ ਅਦਾ ਕਰਦੀਆਂ ਹਨ। ਦਿਲ ਦੇ ਰੋਗ, ਕੰਨਾਂ ਦਾ ਬੋਲਾਪਨ, ਬਲੱਡ ਪ੍ਰੈਸ਼ਰ ਆਦਿ ਰੋਗਾਂ ਵਿੱਚ ਵਾਧਾ ਹੋਣ ਨਾਲ ਮਾਨਸਕ ਤਵਾਜ਼ਨ ਵਿਗੜ ਜਾਣ ਕਾਰਨ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਲੋਕਾਂ ਦੇ ਸੁਭਾਅ ਵਿੱਚੋਂ ਸ਼ਾਂਤੀ, ਨਿਮਰਤਾ ਤੇ ਹਲੀਮੀ ਖੰਭ ਲਾ ਕੇ ਉੱਡ ਗਈ ਹੈ ਤੇ ਚਿੜਚਿੜਾਪਣ ਤੇ ਸੜੀਅਲ-ਪੁਣਾ ਪੈਦਾ ਹੋ ਗਿਆ ਹੈ।

ਭਾਵੇਂ ਸਰਕਾਰ ਨੇ ਧਾਰਮਕ ਅਦਾਰਿਆਂ, ਮੈਰਿਜ ਪੈਲੇਸਾਂ ਆਦਿ ਵਾਲਿਆਂ ਨੂੰ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ ਹੋਈਆਂ ਹਨ ਕਿ ਅਵਾਜ਼ ਸੀਮਤ ਹੋਣੀ ਚਾਹੀਦੀ ਹੈ ਜੋ ਕਿ ਅਦਾਰਿਆਂ ਦੇ ਅੰਦਰ ਹੀ ਰਹੇ ਪਰ ਫਿਰ ਵੀ ਉਨ੍ਹਾਂ ਦੇ ਹੁਕਮਾਂ ਦੀ ਕੌਣ ਵਾਹ ਕਰਦਾ ਹੈ। ਸੰਵਿਧਾਨ ਵਿੱਚ ਵੀ ਸ਼ੋਰ ਪ੍ਰਦੂਸ਼ਣ ਫੈਲਾਉਣ ‘ਤੇ ਮੁਕੰਮਲ ਪਾਬੰਦੀ ਹੈ ਪਰ ਰਾਜਨੀਤਿਕ, ਸਮਾਜਕ ਤੇ ਧਾਰਮਕ ਰੁਕਾਵਟਾਂ ਨੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਵਾਲੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਵੀ ਕਰੇ। ਲੋਕ ਵੀ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਦੂਜਿਆਂ ਦੀ ਸਿਹਤ ਦਾ ਧਿਆਨ ਰੱਖਣ ਤਾਂ ਇਸ ‘ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ। ਇਹ ਆਪ ਸਹੇੜਿਆ ਹੋਇਆ ਪ੍ਰਦੂਸ਼ਣ ਹੈ ਤੇ ਆਪ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਆਪਣੇ ਅਖ਼ਬਾਰ ‘ਚ ਛੇਤੀ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦੀ ਵਿਸ਼ਵਾਸਪਾਤਰ,

ੳ. ਅ. ੲ।

ਮਿਤੀ : 15 ਜਨਵਰੀ, 20………