ਪ੍ਰਸ਼ਨ. ਭਾਸ਼ਾ ਦੇ ਕਿੰਨੇ ਰੂਪ ਹੁੰਦੇ ਹਨ?
ਉੱਤਰ : ਆਮਤੌਰ ਤੇ ਹਰ ਦੇਸ਼ ਅਤੇ ਪ੍ਰਾਂਤ ਦੇ ਲੋਕਾਂ ਦੀ ਭਾਸ਼ਾ ਵੱਖ-ਵੱਖ ਹੁੰਦੀ ਹੈ। ਉਸ ਦੇਸ ਜਾਂ ਪ੍ਰਾਂਤ ਦਾ ਨਾਂ ਉੱਥੇ ਵਧੇਰੇ ਵਰਤੀ ਜਾਣ ਵਾਲੀ ਭਾਸ਼ਾ ਦੇ ਨਾਂ ਤੇ ਰੱਖ ਦਿੱਤਾ ਜਾਂਦਾ ਹੈ; ਜਿਵੇਂ – ਫਰਾਂਸ ਵਿੱਚ ਫਰੈਂਚ ਅਤੇ ਜਰਮਨੀ ਵਿੱਚ ਜਰਮਨ ਭਾਸ਼ਾ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਗੁਜਰਾਤ ਵਿੱਚ ਵਧੇਰੇ ਵਰਤੀ ਜਾਂਦੀ ਭਾਸ਼ਾ ਦਾ ਨਾਂ ਗੁਜਰਾਤੀ ਅਤੇ ਪੰਜਾਬ ਵਿੱਚ ਵਧੇਰੇ ਵਰਤੀ ਜਾਂਦੀ ਭਾਸ਼ਾ ਦਾ ਨਾਂ ਪੰਜਾਬੀ ਹੈ।
ਭਾਸ਼ਾ ਦੇ ਰੂਪ
ਵਰਤੋਂ ਦੇ ਪੱਖ ਤੋਂ ਭਾਸ਼ਾ ਦੇ ਹੇਠਲੇ ਰੂਪ ਹਨ –
1. ਮਾਤ ਭਾਸ਼ਾ ਜਾਂ ਮਾਂ ਬੋਲੀ
2. ਰਾਜ ਭਾਸ਼ਾ
3 . ਰਾਸ਼ਟਰੀ ਜਾਂ ਕੌਮੀ ਭਾਸ਼ਾ
4. ਅੰਤਰ – ਰਾਸ਼ਟਰੀ ਭਾਸ਼ਾ
5. ਟਕਸਾਲੀ ਭਾਸ਼ਾ
6. ਸਾਹਿਤਕ ਭਾਸ਼ਾ
1. ਮਾਤ-ਭਾਸ਼ਾ ਜਾਂ ਮਾਂ ਬੋਲੀ – ਉਹ ਬੋਲੀ ਜਿਹੜਾ ਬੱਚਾ ਬਚਪਨ ਵਿੱਚ ਆਪਣੀ ਮਾਂ ਦੇ ਦੁੱਧ ਨਾਲ ਸਿੱਖਦਾ ਹੈ, ਉਸਨੂੰ ਮਾਤ-ਭਾਸ਼ਾ ਜਾਂ ਮਾਂ ਬੋਲੀ ਆਖਦੇ ਹਨ।
2. ਰਾਜ-ਭਾਸ਼ਾ – ਹਰ ਪ੍ਰਾਂਤ ਦੀ ਆਪਣੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇਸੇ ਵਿਸ਼ੇਸ਼ ਭਾਸ਼ਾ ਨੂੰ ਉਸ ਪ੍ਰਾਂਤ ਦੀ ਰਾਜ-ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ। ਪੰਜਾਬ ਦੀ ਰਾਜ-ਭਾਸ਼ਾ ਪੰਜਾਬੀ ਹੈ।
3. ਰਾਸ਼ਟਰੀ ਜਾਂ ਕੌਮੀ ਭਾਸ਼ਾ – ਰਾਸ਼ਟਰੀ ਭਾਸ਼ਾ ਕਿਸੇ ਦੇਸ ਦੀ ਕੌਮੀ ਭਾਸ਼ਾ ਹੁੰਦੀ ਹੈ। ਇਸਨੂੰ ਦੇਸ ਦੀ ਕੇਂਦਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੁੰਦਾ ਹੈ | ਭਾਰਤ ਦੀ ਰਾਸ਼ਟਰੀ ਜਾਂ ਕੌਮੀ ਭਾਸ਼ਾ ਹਿੰਦੀ ਹੈ।
4. ਅੰਤਰ-ਰਾਸ਼ਟਰੀ ਭਾਸ਼ਾ – ਅੰਤਰਾਸ਼ਟਰੀ ਭਾਸ਼ਾ ਜਾਂ ਬੋਲੀ ਉਹ ਹੁੰਦੀ ਹੈ ਜੋ ਸੰਸਾਰ ਦੇ ਸਾਰੇ ਲੋਕਾਂ ਦੁਆਰਾ ਵਰਤੀ ਜਾਂਦੀ ਹੈ। ਅੰਗਰੇਜ਼ੀ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਗਿਆ ਹੈ।
5. ਟਕਸਾਲੀ ਭਾਸ਼ਾ – ਇਹ ਭਾਸ਼ਾ ਆਮਤੌਰ ਤੇ ਸਰਕਾਰੀ ਦਫ਼ਤਰਾਂ, ਅਖ਼ਬਾਰਾਂ, ਰੇਡੀਓ, ਸਿੱਖਿਆ ਆਦਿ ਦੇ ਖੇਤਰਾਂ ਵਿੱਚ ਵਰਤੀ ਜਾਂਦੀ ਹੈ। ਮਾਝੀ ਨੂੰ ਪੰਜਾਬੀ ਦੀ ਟਕਸਾਲੀ ਭਾਸ਼ਾ ਮੰਨਿਆ ਗਿਆ ਹੈ।
6. ਸਾਹਿਤਕ ਭਾਸ਼ਾ – ਇਸ ਭਾਸ਼ਾ ਵਿੱਚ ਆਮ ਬੋਲਚਾਲ ਦੀ ਅਤੇ ਲਿਖਤੀ ਭਾਸ਼ਾ ਦੀ ਸ਼ਬਦਾਵਲੀ ਦੇ ਦੋਵਾਂ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਭਾਸ਼ਾ ਦੀ ਵਰਤੋਂ ਜ਼ਿਆਦਾਤਰ ਸਾਹਿਤਕਾਰ ਕਰਦੇ ਹਨ।