ਪੈਰਾ ਰਚਨਾ : ਮੰਗਣਾ ਇੱਕ ਲਾਹਨਤ
ਮੰਗਣਾ ਇੱਕ ਲਾਹਨਤ
ਮੰਗਣਾ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਇੱਕ ਲਾਹਨਤ ਹੈ, ਸਮਾਜ ਦੇ ਮੱਥੇ ‘ਤੇ ਬਦਨੁਮਾ ਦਾਗ਼ ਹੈ। ਕਿਉਂਕਿ ਕਿਸੇ ਦੇ ਰਹਿਮ ‘ਤੇ ਪਲਣਾ, ਕਿਸੇ ਦੂਜੇ ਦੀ ਕਮਾਈ ਖਾਣੀ ਤੇ ਆਪ ਮੁਫ਼ਤਖੋਰਾ ਬਣ ਕੇ ਸਮਾਜ ਵਿੱਚ ਵਿਚਰਨਾ ਲਾਹਨਤੀਆਂ ਦਾ ਕੰਮ ਹੁੰਦਾ ਹੈ। ਮੰਗਤੇ ਗਲੀਆਂ, ਬਜ਼ਾਰਾਂ, ਬੱਸ ਅੱਡੇ, ਰੇਲਵੇ ਸਟੇਸ਼ਨਾਂ, ਮੰਦਰ-ਗੁਰਦੁਆਰਿਆਂ, ਮੇਲਿਆਂ ਤੇ ਮੈਰਿਜ ਪੈਲਸਾਂ ਆਦਿ ਦੇ ਬਾਹਰ ਅਕਸਰ ਹੱਥ ਅੱਡ ਕੇ ਲਿਲ੍ਹਕੜੀਆਂ ਲੈਂਦੇ, ਕਰੁਣਾਮਈ ਸੁਰ ਤੇ ਸ਼ਬਦਾਵਲੀ ਵਿੱਚ ਮੰਗਦੇ ਵੇਖੇ ਜਾਂਦੇ ਹਨ। ਇਹਨਾਂ ਨੂੰ ਮੰਗਣ ਦੇ ਕਈ ਢੰਗ-ਤਰੀਕੇ ਆਉਂਦੇ ਹਨ। ਕਈ ਮੰਗਤਿਆਂ ਨੇ ਆਪਣੇ ਇਲਾਕੇ ਤੇ ਅੱਡੇ ਨਿਸ਼ਚਿਤ ਕੀਤੇ ਹੁੰਦੇ ਹਨ। ਇਹ ਆਮ ਦਿਨਾਂ ਤੋਂ ਇਲਾਵਾ ਖ਼ਾਸ ਤਿਉਹਾਰ, ਹਰ ਖ਼ੁਸ਼ੀ ਦੇ ਮੌਕੇ ਜਾਂ ਕਿਸੇ ਨੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੋਵੇ, ਬਸ ਇਹਨਾਂ ਨੂੰ
ਮੰਗਣ ਦਾ ਕੋਈ ਵੀ ਬਹਾਨਾ ਚਾਹੀਦਾ ਹੈ। ਕਈਆਂ ਨੇ ਤਾਂ ਮੰਗਣ ਨੂੰ ਇੱਕ ਕਿੱਤਾ ਤੇ ਕਈਆਂ ਨੇ ਇਸ ਕਿੱਤੇ ਨੂੰ ਵਪਾਰ ਬਣਾ ਲਿਆ ਹੈ। ਉਹ ਲਾਵਾਰਸ, ਅਪਾਹਜ, ਬੇਸਹਾਰਾ, ਅਵਾਰਾ ਫਿਰਦੇ ਗ਼ਰੀਬ ਬੱਚਿਆਂ ਨੂੰ ਲਾਲਚ ਦੇ ਕੇ ਮੰਗਣ ਵਿੱਚ ਨਿਪੁੰਨ ਕਰਦੇ ਹਨ। ਬਾਬਾ ਫ਼ਰੀਦ ਜੀ ਮੰਗਣ ਨਾਲੋਂ ਮਰਨਾ ਬਿਹਤਰ ਸਮਝਦੇ ਹਨ :
ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥੪੨॥
ਇਹਨਾਂ ਮੰਗਤਿਆਂ ਕਾਰਨ ਕਈ ਸਮਾਜਕ ਬੁਰਾਈਆਂ ਜਨਮ ਲੈਂਦੀਆਂ ਹਨ; ਜਿਵੇਂ : ਜੇਬਕਤਰੇ, ਚੋਰੀ, ਡਾਕੇ, ਕਤਲ, ਲੁੱਟਾਂ-ਖੋਹਾਂ ਆਦਿ। ਧਾਰਮਕ ਤੇ ਸਮਾਜਕ ਭਲਾਈ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਹੱਟੇ-ਕੱਟੇ ਪਖੰਡੀਆਂ ਨੂੰ ਕਿਸੇ ਕਿਸਮ ਦੀ ਉਗਰਾਹੀ ਨਾ ਦੇਣ। ਮਜਬੂਰ ਵਿਅਕਤੀਆਂ ਲਈ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿ ਉਹ ਵੀ ਸਤਿਕਾਰ – ਯੋਗ ਬਣ ਸਕਣ।