ਅਣਡਿੱਠਾ ਪੈਰ੍ਹਾ
ਪੈਰੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ –
ਖੇਡਾਂ ਸਰੀਰਕ ਕਸਰਤ ਦੇ ਨਾਲ-ਨਾਲ ਮਨ – ਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ। ਖੇਡਾਂ ਖੇਡਦੇ ਬੱਚੇ ਖੁੱਲ੍ਹ ਕੇ ਹੱਸਦੇ ਹਨ, ਜਿਸ ਨਾਲ ਉਨ੍ਹਾਂ ਦੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ। ਇਹ ਖੇਡਾਂ ਸਰੀਰ ਰੂਪ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ। ਖਿੜ੍ਹਿਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਤਰੋ ਤਾਜ਼ਾ ਕਰ ਦਿੰਦੇ ਹਨ। ਖੇਡਾਂ ਖੇਡਣ ਵਾਲੇ ਬੱਚਿਆਂ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਵੱਖਰਾ ਹੀ ਹੁੰਦਾ ਹੈ। ਚੰਗੇ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੀ ਪ੍ਰਸਿੱਧੀ ਮਿਲਦੀ ਹੈ। ਦੇਸ ਦਾ ਨਾਂ ਉੱਚਾ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰ ਮਾਲਾਮਾਲ ਕਰ ਦਿੰਦੀ ਹੈ ਤੇ ਉਨ੍ਹਾਂ ਦੀ ਜੈ-ਜੈਕਾਰ ਦੇ ਡੰਕੇ ਵੱਜਣ ਲੱਗ ਪੈਂਦੇ ਹਨ। ਬੱਚਿਆਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਸਰੀਰ ਨੂੰ ਅਰੋਗ ਤੇ ਤਾਕਤਵਰ ਬਣਾਉਣਾ ਚਾਹੀਦਾ ਹੈ। ਜਿਸ ਦੇਸ ਦੇ ਨਾਗਰਿਕ ਤੰਦਰੁਸਤ ਹੋਣਗੇ, ਉਹ ਵਿਸ਼ਵ ਪੱਧਰ ਤੇ ਮੱਲਾਂ ਮਾਰ ਲਵੇਗਾ।
(ੳ) ਖੇਡਾਂ ਸਰੀਰਕ ਕਸਰਤ ਦੇ ਨਾਲ-ਨਾਲ ਕੀ ਪੈਦਾ ਕਰਦੀਆਂ ਹਨ?
(ਅ) ਖੇਡਾਂ ਸਰੀਰ ਰੂਪੀ ਮਸ਼ੀਨ ਲਈ ਕੀ ਕੰਮ ਕਰਦੀਆਂ ਹਨ?
(ੲ) ਖਿੜ੍ਹੇ ਮਨ ਨਾਲ ਆਲਾ-ਦੁਆਲਾ ਕਿਹੋ ਜਿਹਾ ਭਾਸਦਾ ਹੈ?
(ਸ) ਕਿਹੜੇ ਖਿਡਾਰੀ ਵਿਸ਼ਵ ਪੱਧਰ ਦੀ ਪ੍ਰਸਿੱਧੀ ਹਾਸਲ ਕਰਦੇ ਹਨ?
(ਹ) ਕਿਸੇ ਦੇਸ ਦੇ ਨਾਗਰਿਕ ਕਿਹੋ ਜਿਹੇ ਹੋਣੇ ਚਾਹੀਦੇ ਹਨ?