ਲੇਖ ਰਚਨਾ : ਪੰਦਰਾਂ ਅਗਸਤ
ਪੰਦਰਾਂ ਅਗਸਤ ਜਾਂ ਸੁਤੰਤਰਤਾ ਦਿਵਸ
ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ।
ਰੰਬਿਆਂ ਨਾਲ ਖੋਪਰ ਲਹਿੰਦੇ ਤਾਂ ਤਦਬੀਰ ਬਦਲਦੀ ਕੌਮਾਂ ਦੀ।।
ਜਾਣ-ਪਛਾਣ : 15 ਅਗਸਤ ਦਾ ਦਿਨ ਸਾਰੇ ਭਾਰਤੀਆਂ ਲਈ ਵਿਸ਼ੇਸ਼ ਸਥਾਨ ਰੱਖਦਾ ਹੈ। ਇਸੇ ਦਿਨ ਸਮੇਂ ਦੀ ਕਦਰ ਕਰਨ ਭਾਰਤ ਦੇਸ਼ ਅਜ਼ਾਦ ਹੋਇਆ ਸੀ। ਇਹ ਅਜ਼ਾਦੀ ਸਾਨੂੰ ਲਹੂ ਦੀ ਹੋਲੀ ਖੇਡ ਕੇ ਮਿਲੀ ਹੈ। ਅਜ਼ਾਦੀ ਦਾ ਇਹ ਦਿਨ ਪੂਰੇ ਭਾਰਤ ਵਿੱਚ ਬੜੀ ਧੂਮ-ਧਾਮ ਤੇ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ।
ਗ਼ੁਲਾਮੀ ਵਿਰੁੱਧ ਭਾਰਤੀਆਂ ਦਾ ਘੋਲ : ਭਾਰਤ ਕਦੇ ਸੋਨੇ ਦੀ ਚਿੜੀ ਅਖਵਾਉਂਦਾ ਸੀ। ਅੰਗਰੇਜ਼ਾਂ ਨੇ ਇਸ ਨੂੰ ਖੂਬ ਲੁੱਟਿਆ ਤੇ ਸੌ ਸਾਲ ਤਕ ਗ਼ੁਲਾਮ ਰੱਖਿਆ। ਅਜ਼ਾਦੀ ਪ੍ਰਾਪਤ ਕਰਨ ਲਈ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਲਾਲਾ ਲਾਜਪਤ ਰਾਏ, ਹਰੀ ਕ੍ਰਿਸ਼ਨ, ਚੰਦਰ ਸ਼ੇਖਰ ਅਜ਼ਾਦ, ਸੁਖਦੇਵ, ਰਾਜਗੁਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ, ਪੰਡਤ ਜਵਾਹਰ ਲਾਲ ਨਹਿਰੂ ਨੇ ਅੰਗਰੇਜ਼ਾਂ ਵਿਰੁੱਧ ਘੋਲ ਕੀਤਾ। ਅਜ਼ਾਦੀ ਦੀ ਲੜਾਈ ਵਿੱਚ ਕਈ ਦੇਸ਼ ਭਗਤ ਸ਼ਹੀਦ ਹੋ ਗਏ। ਕਈਆਂ ਨੇ ਅਕਹਿ ਤੇ ਅਸਹਿ ਕਸ਼ਟ ਸਹਿਣ ਕੀਤੇ ਤਾਂ ਜਾ ਕੇ ਸਾਨੂੰ ਅਜ਼ਾਦੀ ਨਸੀਬ ਹੋਈ।
15 ਅਗਸਤ ਦਾ ਸਮਾਗਮ : 15 ਅਗਸਤ ਦਾ ਦਿਨ ਭਾਰਤੀ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਂਦੇ ਹਨ। ਇਸ ਤੋਂ ਪਹਿਲਾਂ ਰਾਜਘਾਟ, ਸ਼ਕਤੀ ਸਥਲ, ਵਿਜੈ ਘਾਟ ‘ਤੇ ਮਹਾਨ ਨੇਤਾਵਾਂ ਦੀਆਂ ਸਮਾਧੀਆਂ ਤੇ ਸ਼ਰਧਾਂਜਲੀਆਂ ਵਜੋਂ ਫੁੱਲ ਮਾਲਾਵਾਂ ਭੇਟ ਕੀਤੀਆਂ ਜਾਂਦੀਆਂ ਹਨ। ਫਿਰ ਕੌਮੀ ਗੀਤ ਗਾਏ ਜਾਂਦੇ ਹਨ। ਕਈ ਝਾਕੀਆਂ ਵਿਖਾਈਆਂ ਜਾਂਦੀਆਂ ਹਨ ਅਤੇ ਪਰੇਡ ਵੀ ਕੀਤੀ ਜਾਂਦੀ ਹੈ। ਇਸਦਾ ਸਿੱਧਾ ਪ੍ਰਸਾਰਨ ਟੀ.ਵੀ. ਅਤੇ ਰੇਡੀਓ ‘ਤੇ ਕੀਤਾ ਜਾਂਦਾ ਹੈ। ਇਸ ਪ੍ਰਕਾਰ ਸਮੁੱਚੇ ਦੇਸ਼-ਵਾਸੀ 15 ਅਗਸਤ ਨੂੰ ਇੱਕ ਮਹਾਨ ਤੇ ਪਵਿੱਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ।
ਦੇਸ਼ ਦੇ ਪ੍ਰਤੀ ਸਾਡੇ ਕਰਤੱਵ : ਅਸੀਂ ਹਰ ਸਾਲ 15 ਅਗਸਤ ਨੂੰ ਆਪਣੀ ਅਜ਼ਾਦੀ ਤੇ ਮਹਾਨ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ, ਪਰ ਅਜ਼ਾਦੀ ਦੇ ਕਈ ਦਹਾਕੇ ਬੀਤ ਜਾਣ ਮਗਰੋਂ ਵੀ ਸਾਨੂੰ ਆਪਣੇ ਦੇਸ਼ ਨੂੰ ਅਜੇ ਤੱਕ ਭੁੱਖ-ਨੰਗ, ਕੰਗਾਲੀ, ਭ੍ਰਿਸ਼ਟਾਚਾਰ, ਚੋਰ-ਬਜ਼ਾਰੀ, ਬੇਰੁਜ਼ਗਾਰੀ, ਰਾਜਸੀ ਕੁਟਲ-ਨੀਤੀ, ਫ਼ਿਰਕਾਪ੍ਰਸਤੀ, ਨੈਤਿਕ ਗਿਰਾਵਟ ਤੇ ਪਛੜੇਵੇਂ ਵਿੱਚ ਫਸਿਆ ਵੇਖ ਕੇ ਬੜਾ ਦੁੱਖ ਹੁੰਦਾ ਹੈ। ਸਾਨੂੰ ਇਨ੍ਹਾਂ ਬੁਰਾਈਆਂ ਵਿਰੁੱਧ ਡਟ ਜਾਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਦੂਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਸਿਰਲੱਥ ਸੂਰਮਿਆਂ ਦੇ ਸੁਫਨਿਆਂ ਦਾ ਭਾਰਤ ਉਸਾਰਨ ਲਈ ਰਾਤ ਦਿਨ ਇੱਕ ਕਰੀਏ ਜਿਨ੍ਹਾਂ ਨੇ ਅਜ਼ਾਦੀ ਕਾਰਨ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
15 ਅਗਸਤ ਦਾ ਸੰਦੇਸ਼ : ਸੁਤੰਤਰਤਾ ਇੱਕ ਵੱਡਮੁੱਲੀ ਵਸਤੂ ਹੈ। 15 ਅਗਸਤ ਦਾ ਦਿਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਿਸ ਤਰ੍ਹਾਂ ਦੇਸ਼ ਭਗਤਾਂ ਨੇ ਦੇਸ਼ ਅਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ, ਇਸੇ ਤਰ੍ਹਾਂ ਸਾਨੂੰ ਵੀ ਦੇਸ਼ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਸਾਰ-ਅੰਸ਼ : ਅਜ਼ਾਦੀ ਬਹੁਮੁੱਲੀ ਹੈ। ਇਸਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ। ਦੇਸ-ਭਗਤਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਸਾਨੂੰ ਆਪਣੇ ਦੇਸ ਦੇ ਕਲਿਆਣ ਅਤੇ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਆਪਣਾ ਤਨ-ਮਨ-ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।