ਬਿਨੈ ਪੱਤਰ : ਤੁਹਾਡਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਇਸਦੀ ਰਿਪੋਰਟ ਨੇੜੇ ਦੇ ਥਾਣੇ ਵਿੱਚ ਦਰਜ ਕਰਵਾਓ।
ਤੁਹਾਡਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਇਸਦੀ ਰਿਪੋਰਟ ਨੇੜੇ ਦੇ ਥਾਣੇ ਵਿੱਚ ਦਰਜ ਕਰਵਾਓ।
ਸੇਵਾ ਵਿਖੇ
ਇੰਸਪੈਕਟਰ ਸਾਹਿਬ
ਪੁਲਿਸ ਚੌਕੀ ਨੰ. 4
________________ ਸ਼ਹਿਰ
ਮਿਤੀ : 4 ਅਗਸਤ, 20____
ਵਿਸ਼ਾ : ਮੋਟਰਸਾਈਕਲ ਚੋਰੀ ਹੋਣ ਦੀ ਰਿਪੋਰਟ ਬਾਰੇ ਅਰਜ਼ੀ
ਸ੍ਰੀ ਮਾਨ ਜੀ
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਅਧੀਨ ਆਉਂਦੀ ਪੁਲਿਸ ਚੌਕੀ ਨੰ. 4 ਵਿੱਚ ਆਪਣਾ ਮੋਟਰਸਾਈਕਲ ਚੋਰੀ ਹੋਣ ਦੀ ਰਿਪੋਰਟ ਲਿਖਵਾਉਣੀ ਚਾਹੁੰਦਾ ਹਾਂ। ਮੈਂ ਇਲਾਕਾ ਰਿਸ਼ੀ ਕਲੋਨੀ ਦਾ ਰਹਿਣ ਵਾਲਾ ਹਾਂ। ਕਲ੍ਹ ਮੈਂ ਪੁਸਤਕ ਬਜ਼ਾਰ ਵਿੱਚੋਂ ਕਿਤਾਬਾਂ ਖਰੀਦਣ ਲਈ ਆਪਣੇ ਮੋਟਰਸਾਈਕਲ ਤੇ ਗਿਆ ਸਾਂ। ਮੈਂ ਆਪਣਾ ਮੋਟਰਸਾਈਕਲ ਅਮਰਦੀਪ ਬੁੱਕ ਸ਼ਾਪ ਦੇ ਬਾਹਰ ਖੜ੍ਹੀ ਕਰਕੇ ਦੁਕਾਨ ਅੰਦਰੋਂ ਕਿਤਾਬਾਂ ਲੈਣ ਲਈ ਚਲਾ ਗਿਆ। ਦੁਕਾਨ ਅੰਦਰ ਭੀੜ ਸੀ ਅਤੇ ਮੈਨੂੰ ਕੋਈ ਵੀਹ ਕੁ ਮਿੰਟ ਲੱਗ ਗਏ। ਜਦੋਂ ਮੈਂ ਕਿਤਾਬਾਂ ਲੈ ਕੇ ਬਾਹਰ
ਆਇਆ ਤਾਂ ਉੱਥੇ ਆਪਣਾ ਮੋਟਰਸਾਈਕਲ ਖੜ੍ਹਾ ਨਾ ਵੇਖ ਕੇ ਦੰਗ ਰਹਿ ਗਿਆ। ਮੈਂ ਫਟਾਫਟ ਇੱਧਰ-ਉੱਧਰ ਵੇਖਣ ਲੱਗ ਪਿਆ। ਮੈਂ ਕਾਫ਼ੀ ਦੇਰ ਤੱਕ ਮੋਟਰਸਾਈਕਲ ਲੱਭਿਆ ਅਤੇ ਆਲੇ-ਦੁਆਲੇ ਦੇ ਲੋਕਾਂ ਪਾਸੋਂ ਪੁੱਛਿਆ ਵੀ, ਪਰ ਕਿਤੋਂ ਵੀ ਕੋਈ ਸੂਹ ਨਹੀਂ ਮਿਲੀ। ਮੈਂ ਇੱਕ ਘੰਟੇ ਦੀ ਖੱਜਲ ਖੁਆਰੀ ਤੋਂ ਬਾਅਦ ਵਾਪਸ ਘਰ ਆ ਗਿਆ। ਮੈਂ ਆਪਣੇ ਮੋਟਰਸਾਈਕਲ ਚੋਰੀ ਹੋਣ ਦੀ ਰਿਪੋਰਟ ਦਰਜ਼ ਕਰਵਾਉਣ ਲਈ ਆਪ ਜੀ ਪਾਸ ਆਇਆ ਹਾਂ। ਮੇਰਾ ਮੋਟਰਸਾਈਕਲ ਟੀ.ਵੀ.ਐਸ. ਕੰਪਨੀ ਦਾ ਹੈ ਤੇ ਉਸਦਾ ਨੰਬਰ ਪੀ. ਬੀ. 08 ਐਸ. ਐਸ. 0027 ਹੈ। ਇਸਦੇ ਅਗਲੇ ਪਾਸੇ ਮੇਰਾ ਨਾਂ ਵੀ ਲਿਖਿਆ ਹੋਇਆ ਹੈ। ਇਸਨੂੰ ਮੈਂ ਹਾਲੇ ਮਹੀਨਾ ਪਹਿਲਾਂ ਹੀ ਖਰੀਦਿਆ ਸੀ। ਇਸਦਾ ਬਿੱਲ ਵੀ ਮੇਰੇ ਕੋਲ ਹੈ। ਇਸਦੀ ਫੋਟੋ ਕਾਪੀ ਮੈਂ ਥਾਣੇ ਵਿੱਚ ਜਮ੍ਹਾ ਕਰਵਾ ਰਿਹਾ ਹਾਂ। ਇਸਦਾ ਨੰਬਰ N-296521 ਹੈ।
ਕਿਰਪਾ ਕਰਕੇ ਮੇਰਾ ਮੋਟਰਸਾਈਕਲ ਲਭਾਉਣ ਵਿੱਚ ਮੇਰੀ ਮਦਦ ਕੀਤੀ ਜਾਵੇ। ਮੈਂ ਇਸੇ ਮੋਟਰਸਾਈਕਲ ਰਾਹੀਂ ਤਾਂ ਆਪਣੇ ਸਕੂਲ ਜਾਂਦਾ ਹਾਂ ਜੋ ਮੇਰੇ ਘਰ ਤੋਂ ਅੱਠ ਕਿਲੋਮੀਟਰ ਦੀ ਵਿੱਥ ਤੇ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰਾ ਮੋਟਰਸਾਈਕਲ ਲਭਾਉਣ ਵਿੱਚ ਮੇਰੀ ਪੂਰੀ ਮਦਦ ਕਰੋਗੇ। ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਸ਼ੁਭਚਿੰਤਕ
ਹਰਮਨ, ਵਸਨੀਕ—ਰਿਸ਼ੀ ਨਗਰ