ਲੇਖ ਰਚਨਾ : ਦੀਵਾਲੀ
ਦੀਵਾਲੀ
“ਰੌਸ਼ਨੀ ਦਾ ਤਿਉਹਾਰ ਦੀਵਾਲੀ, ਖ਼ੁਸ਼ੀਆਂ ਦੀ ਬਹਾਰ ਦੀਵਾਲੀ।
ਰਲ-ਮਿਲ ਕੇ ਤਿਉਹਾਰ ਮਨਾਈਏ, ਆਲੇ-ਦੁਆਲੇ ਨੂੰ ਰੁਸ਼ਨਾਈਏ।”
ਜਾਣ-ਪਛਾਣ : ਭਾਰਤ ਤਿਉਹਾਰਾਂ ਦਾ ਦੇਸ਼ ਹੈ। ਕੁਝ ਤਿਉਹਾਰ ਸਾਡੇ ਇਤਿਹਾਸਕ ਤੇ ਕੁਝ ਧਾਰਮਕ ਵਿਰਸੇ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚੋਂ ਦੀਵਾਲੀ ਹਰ ਸਾਲ ਧੂਮ-ਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਹ ਤਿਉਹਾਰ ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ। ਲੋਕ ਇਸ ਤਿਉਹਾਰ ਨੂੰ ਖ਼ੁਸ਼ੀਆਂ ਦਾ ਤਿਉਹਾਰ ਮੰਨ ਕੇ ਮਨਾਉਂਦੇ ਹਨ।
ਦੀਵਾਲੀ ਦੀਆਂ ਤਿਆਰੀਆਂ : ਦੀਵਾਲੀ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਲੋਕ ਘਰਾਂ, ਦੁਕਾਨਾਂ ਆਦਿ ਦੀਆਂ ਸਫ਼ਾਈਆਂ ਅਤੇ ਰੰਗ-ਰੋਗਨ ਕਰਵਾਉਂਦੇ ਹਨ। ਅਸੀਂ ਵੀ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਆਪਣੇ ਘਰ ਸਫ਼ੈਦੀ ਕਰਵਾ ਲਈ।
ਇਤਿਹਾਸਕ ਪਿਛੋਕੜ : ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਤੇ ਰਾਵਣ ਨੂੰ ਮਾਰ ਕੇ ਅਯੁੱਧਿਆ ਪਹੁੰਚੇ ਸਨ। ਉਸ ਦਿਨ ਉਨ੍ਹਾਂ ਦੀ ਆਉਣ ਦੀ ਖ਼ੁਸ਼ੀ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ ਸੀ। ਉਸ ਦਿਨ ਤੋਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾਣ ਲੱਗ ਪਿਆ। ਸਿੱਖਾਂ ਦੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸੇ ਦਿਨ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾਅ ਹੋ ਕੇ ਆਏ ਸਨ। ਸਿੱਖ ਉਨ੍ਹਾਂ ਦੀ ਯਾਦ ਵਿੱਚ ਇਹ ਤਿਉਹਾਰ ਮਨਾਉਂਦੇ ਹਨ।
ਬਜ਼ਾਰਾਂ ਦਾ ਨਜ਼ਾਰਾ : ਇਸ ਦਿਨ ਬਜ਼ਾਰ ਵਿੱਚ ਖੂਬ ਰੌਣਕ ਹੁੰਦੀ ਹੈ ਤੇ ਹਰ ਪਾਸੇ ਦੁਕਾਨਾਂ ਵੀ ਸਜੀਆਂ ਵਿਖਾਈ ਦਿੰਦੀਆਂ ਹਨ। ਪਟਾਕਿਆਂ, ਮਠਿਆਈਆਂ, ਬਿਜਲੀ ਦੇ ਸਮਾਨ ਵਾਲਿਆਂ ਦੀਆਂ ਦੁਕਾਨਾਂ ਵਿਸ਼ੇਸ਼ ਰੂਪ ਵਿੱਚ ਸਜੀਆਂ ਹੁੰਦੀਆਂ ਹਨ। ਬੱਚੇ, ਬੁੱਢੇ ਅਤੇ ਨੌਜਵਾਨ ਇੱਧਰ-ਉੱਧਰ ਘੁੰਮਦੇ-ਫਿਰਦੇ ਤੇ ਖ਼ਰੀਦਦਾਰੀ ਕਰਦੇ ਹਨ। ਅਸੀਂ ਵੀ ਇੱਕ ਦੁਕਾਨ ਤੋਂ ਪਟਾਕੇ, ਮੋਮਬੱਤੀਆਂ ਤੇ ਹੋਰ ਸਮਾਨ ਖ਼ਰੀਦਿਆ ਅਤੇ ਘਰ ਪਰਤ ਆਏ।
ਦੀਵਾਲੀ ਦਾ ਦਿਨ : ਦੀਵਾਲੀ ਵਾਲੇ ਦਿਨ ਸਾਡੇ ਘਰ ਵਿੱਚ ਸਵੇਰ ਤੋਂ ਚਹਿਲ-ਪਹਿਲ ਸ਼ੁਰੂ ਹੋ ਗਈ। ਜਾਣ-ਪਛਾਣ ਵਾਲੇ ਆ-ਜਾ ਰਹੇ ਸਨ। ਮੇਰੇ ਮਾਤਾ ਜੀ ਸਵੇਰ ਤੋਂ ਹੀ ਆਹਰੇ ਲੱਗੇ ਹੋਏ ਸਨ। ਉਨ੍ਹਾਂ ਨੇ ਦੀਵੇ ਧੋ ਕੇ ਸੁੱਕਣੇ ਰੱਖ ਦਿੱਤੇ ਤੇ ਕੁਝ ਪਕੌੜੇ ਤੇ ਮਿੱਠੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਰਾਤ ਦਾ ਨਜ਼ਾਰਾ : ਹਨੇਰਾ ਹੋਣ ‘ਤੇ ਲਾਈਟਾਂ, ਮੋਮਬੱਤੀਆਂ, ਦੀਵਿਆਂ ਦੀ ਰੋਸ਼ਨੀ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਹਰ ਪਾਸੇ ਪਟਾਕਿਆਂ ਅਤੇ ਆਤਸ਼ਬਾਜ਼ੀਆਂ ਦੀ ਗੂੰਜ ਸੁਣਾਈ ਦੇ ਰਹੀ ਸੀ। ਛੋਟੇ ਬੱਚੇ ਫੁਲਝੜੀਆਂ ਤੇ ਪਟਾਕੇ ਵਜਾ ਰਹੇ ਸਨ। ਥੋੜ੍ਹੀ ਹੀ ਦੇਰ ਵਿੱਚ ਪਟਾਕਿਆਂ ਦੇ ਧੂੰਏ ਨੇ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਸੀ। ਪਟਾਕੇ ਚਲਾਉਣ ਪਿੱਛੋਂ ਅਸੀਂ ਮਾਂ ਲੱਛਮੀ ਦੀ ਪੂਜਾ ਕੀਤੀ ਤੇ ਖੂਬ ਮਠਿਆਈਆਂ ਖਾਧੀਆਂ।
ਖ਼ੁਸ਼ੀਆਂ ਭਰਿਆ ਤਿਉਹਾਰ : ਸਾਨੂੰ ਸਾਰਿਆਂ ਨੂੰ ਦੀਵਾਲੀ ਖ਼ੁਸ਼ੀ-ਖ਼ੁਸ਼ੀ ਮਨਾਉਣੀ ਚਾਹੀਦੀ ਹੈ। ਇਹ ਤਿਉਹਾਰ ਸਾਡੇ ਸੱਭਿਆਚਾਰ, ਸ਼ਾਂਤੀ, ਸੰਸਕ੍ਰਿਤੀ ਦੀ ਪਛਾਣ ਹੈ। ਸਾਨੂੰ ਇਹ ਤਿਉਹਾਰ ਪਵਿੱਤਰ ਰਹਿ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਸਾਡਾ ਸੱਭਿਆਚਾਰ, ਸਾਡਾ ਵਿਰਸਾ, ਸਾਡੀ ਸੰਸਕ੍ਰਿਤੀ ਜਿਉਂਦੀ ਰਹਿ ਸਕੇ।
ਸਾਰ-ਅੰਸ਼ : ਦੀਵਾਲੀ ਖ਼ੁਸ਼ੀਆਂ ਦਾ ਤਿਉਹਾਰ ਹੈ। ਅੱਜ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੇਖਦੇ ਹੋਏ ਸਾਨੂੰ ਪਟਾਕੇ ਘੱਟ ਤੋਂ ਘੱਟ ਚਲਾਉਣੇ ਚਾਹੀਦੇ ਹਨ। ਬੁਰੇ ਕੰਮਾਂ ਤੋਂ ਵੀ ਤੌਬਾ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਪਰਿਵਾਰ ਇਸ ਸ਼ੁੱਭ ਦਿਹਾੜੇ ਉੱਜੜ ਨਾ ਜਾਵੇ। ਸਾਨੂੰ ਸਾਰੇ ਤਿਉਹਾਰਾਂ ਦੀ ਪਵਿੱਤਰਤਾ ਬਰਕਰਾਰ ਰੱਖਣੀ ਚਾਹੀਦੀ ਹੈ।