ਲੇਖ ਰਚਨਾ : ਗੁਆਚ ਰਹੇ ਪਿੰਡ
ਗੁਆਚ ਰਹੇ ਪਿੰਡ
ਜਾਣ-ਪਛਾਣ : ਚਿੜੀ ਚੂਕਣ ਦੀ ਅਵਾਜ਼ ਨਾਲ ਸੁਆਣੀਆਂ ਦਾ ਰੱਬ ਦਾ ਨਾਮ ਲੈਂਦੇ ਹੋਏ ਉੱਠਣਾ, ਚਾਟੀਆਂ ‘ਚ ਮਧਾਣੀਆਂ ਦਾ ਪਾਉਣਾ, ਪੂਰੇ ਘਰ ਨੂੰ ਘਰ ਦੇ ਜੀਆਂ ਦੇ ਉੱਠਣ ਤੋਂ ਪਹਿਲਾਂ ਲਿੱਪ-ਪੋਚ ਦੇਣਾ, ਸਵੇਰੇ-ਸਵੇਰੇ ਘਰਾਂ ‘ਚੋਂ ਉੱਠਦੀ ਸੰਦਲੀ ਮਿੱਟੀ ਦੀ ਮਹਿਕ, ਬਲਦਾਂ ਦੇ ਗਲਾਂ ਵਿੱਚ ਬੰਨ੍ਹੀਆਂ ਟੱਲੀਆਂ ਦੀ ਮਿੱਠੀ ਅਵਾਜ਼ ਦੱਸ ਦਿੰਦੀ ਕਿ ਕਿਸਾਨ ਆਪਣੇ ਖੇਤਾਂ ਵੱਲ ਨੂੰ ਤੁਰ ਪਏ ਨੇ। ਖੂਹਾਂ ‘ਤੇ ਖੜਕਦੇ ਡੋਲ ਕਿਸੇ ਗਹਿਰੇ ਸੰਗੀਤ ਦਾ ਅਹਿਸਾਸ ਕਰਾਉਂਦੇ। ਸੂਰਜ ਦੀ ਟਿੱਕੀ ਜਦੋਂ ਪੂਰਬ ‘ਚੋਂ ਨਜ਼ਰ ਆਉਣ ਲਗਦੀ ਤਾਂ ਉਦੋਂ ਤੱਕ ਪੰਜਾਬ ਦੇ ਪਿੰਡਾਂ ਦੇ ਲੋਕ ਅੱਧੇ ਦਿਨ ਦਾ ਕੰਮ ਸਮੇਟ ਬਹਿੰਦੇ। ਇਹੋ ਜਿਹੀ ਸੀ ਕਦੇ ਪੰਜਾਬ ਦੇ ਪਿੰਡਾਂ ਦੀ ਤਸਵੀਰ।
ਪਿੰਡ ਵਿੱਚ ਕਿਸੇ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਹੋਣਾ ਜਾਂ ਕੁੜੀ-ਮੁੰਡੇ ਦਾ ਵਿਆਹ ਹੋਣਾ ਤੇ ਪਿੰਡ ਦੇ ਲੋਕਾਂ ਨੇ ਦੁੱਧ ਤੇ ਅਨਾਜ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲੈਣੀ। ਸੁਆਣੀਆਂ ਆਪਣੇ ਘਰਾਂ ਦਾ ਕੰਮ ਛੇਤੀ ਤੋਂ ਛੇਤੀ ਮੁਕਾ ਕੇ ਉਸ ਘਰ ਪਹੁੰਚ ਜਾਂਦੀਆਂ ਜਿੱਥੇ ਪਾਠ ਹੋ ਰਿਹਾ ਹੁੰਦਾ। ਆਏ ਗਏ ਨੂੰ ਲੰਗਰ ਪਾਣੀ ਛਕਾਉਣਾ, ਜੂਠੇ ਭਾਂਡੇ ਮਾਂਜਣੇ ਤੇ ਲੰਗਰ ਤਿਆਰ ਕਰਨ ਦਾ ਕੰਮ ਉਹ ਇਉਂ ਕਰਦੀਆਂ ਜਿਵੇਂ ਉਹ ਗੁਰਦੁਆਰੇ ਵਿੱਚ ਸੇਵਾ ਕਰ ਰਹੀਆਂ ਹੋਣ। ਪਿੰਡਾਂ ਦਾ ਹਰ ਦੁੱਖ-ਸੁੱਖ ਸਾਂਝਾ ਹੋਇਆ ਕਰਦਾ ਸੀ। ਸੁੱਖ ਵੇਲੇ ਜੇ ਢੋਲ-ਢਮੱਕੇ ਦੀ ਤਾਲ ‘ਤੇ ਧਮਾਲ ਇਕੱਠੇ ਪਾਉਂਦੇ ਤਾਂ ਦੁੱਖ ਵੇਲੇ ਇਕ-ਦੂਜੇ ਦਾ ਸਹਾਰਾ ਵੀ ਬਣਦੇ। ਪਿੰਡਾਂ ਦੇ ਲੋਕਾਂ ਨੂੰ ਭੋਲੇ ਭਾਲੇ ਅਤੇ ਸਧਾਰਨ ਜ਼ਿੰਦਗੀ ਜੀਣ ਵਾਲੇ ਖੁੱਲ੍ਹੇ ਸੁਭਾਅ ਦੇ ਲੋਕ ਮੰਨਿਆ ਜਾਂਦਾ ਰਿਹਾ ਹੈ। ਇਨ੍ਹਾਂ ਦੇ ਘਰਾਂ ਵਿੱਚ ਅੰਨ, ਦੁੱਧ ਦੇ ਭੰਡਾਰ ਭਰੇ ਰਹਿੰਦੇ ਸਨ। ਹਰ ਘਰ ਦੀ ਕਾੜ੍ਹਨੀ ਵਿੱਚ ਹਮੇਸ਼ਾਂ ਦੁੱਧ ਕੜ੍ਹਦੇ ਰਹਿਣਾ ਤੇ ਚਾਟੀ ਲੱਸੀ ਦੀ ਭਰੀ ਰਹਿਣੀ। ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਉੱਤੇ ਮੱਖਣ ਦਾ ਪੇੜਾ ਤੇ ਨਾਲ ਲੱਸੀ ਦਾ ਭਰਿਆ ਹੋਇਆ ਕੜੇ ਵਾਲਾ ਗਿਲਾਸ ਇਹ ਪੰਜਾਬੀਆਂ ਦਾ ਮਨਪਸੰਦ ਭੋਜਨ ਹੋਇਆ ਕਰਦਾ ਸੀ। ਮੂੰਹ ਹਨੇਰੇ ਘਰਾਂ ‘ਚੋਂ ਖੇਤਾਂ ਨੂੰ ਪਾਣੀ ਲਾਉਣ ਗਏ ਕਿਸਾਨਾਂ ਲਈ ਸੁਆਣੀਆਂ ਭੱਤਾ ਲੈ ਕੇ ਖੇਤ ਨੂੰ ਜਾਂਦੀਆਂ ਤੇ ਬੜੇ ਹੀ ਪ੍ਰੇਮ ਨਾਲ ਕਿਸੇ ਰੁੱਖ ਦੀ ਛਾਂ ਹੇਠਾਂ ਮੰਜਾ ਡਾਹ ਕੇ ਆਪਣੇ ਢੋਲ ਨੂੰ ਰੋਟੀ ਪਰੋਸਦੀਆਂ। ਰੋਟੀ ਖਾ ਕੇ ਅਤੇ ਲੱਸੀ ਪੀ ਕੇ ਕਿਸਾਨ ਉਥੇ ਹੀ ਕੁਝ ਪਲ ਅਰਾਮ ਕਰ ਲੈਂਦਾ ਤੇ ਫਿਰ ‘ਕਰ ਮਜੂਰੀ ਖਾਹ ਚੂਰੀ’ ਕਹਿ ਕੇ ਉੱਠ ਪੈਂਦਾ ਤੇ ਆਪਣੇ ਕੰਮ ਨੂੰ ਲਗਨ ਤੇ ਮਿਹਨਤ ਨਾਲ ਕਰਦਾ। ਫ਼ਸਲਾਂ ਦੇ ਪੱਕ ਜਾਣ ‘ਤੇ ਉਹ ਉਹਦੀ ਰਾਖੀ ਆਪ ਹੀ ਕਰਦਾ ਤੇ ਡੰਡਿਆਂ ਦੇ ਡਰਨੇ ਬਣਾ ਕੇ ਵੀ ਖੇਤਾਂ ਵਿੱਚ ਲਾ ਦਿੰਦਾ ਤਾਂ ਜੋ ਪੰਛੀ ਆਦਿ ਉਸ ਦੀ ਫ਼ਸਲ ਨੂੰ ਨੁਕਸਾਨ ਨਾ ਪਹੁੰਚਾ ਦੇਣ।
ਪਿੰਡ ਦੀ ਖ਼ੂਬਸੂਰਤੀ ਦਾ ਬਿਆਨ ਸ਼ਬਦਾਂ ਵਿੱਚ ਕਰਨਾ ਸੰਭਵ ਨਹੀਂ। ਕੁੜੀਆਂ ਆਪਣਾ ਦਾਜ ਹੱਥੀਂ ਤਿਆਰ ਕਰਦੀਆਂ। ਤ੍ਰਿੰਝਣਾਂ ‘ਚ ਬਹਿ ਚਰਖੇ ਕੱਤਦੀਆਂ, ਫੁਲਕਾਰੀ ਕੱਢਦੀਆਂ, ਦਰੀਆਂ, ਖੇਸ ਬੁਣਦੀਆਂ। ਇਨ੍ਹਾਂ ਨੂੰ ਯਾਦ ਕਰਦਿਆਂ ਪੰਜਾਬਣਾਂ ਦਾ ਇਕ ਦ੍ਰਿਸ਼ ਅੱਖਾਂ ਸਾਹਵੇਂ ਚਿਤਰਿਆ ਜਾਂਦਾ ਹੈ। ਮੁਟਿਆਰਾਂ ਗਿੱਧੇ ‘ਚ ਭੜਥੂ ਪਾਉਂਦੀਆਂ ਤੇ ਗੱਭਰੂ ਭੰਗੜੇ ‘ਚ ਧਮਾਲਾਂ ਪਾਉਂਦੇ ਨਜ਼ਰ ਆਉਂਦੇ ਹਨ। ਪ੍ਰਸਿੱਧ ਕਵੀ ਪ੍ਰੋ: ਪੂਰਨ ਸਿੰਘ ਨੇ ਪੰਜਾਬ ਦੇ ਜਵਾਨਾਂ ਦੀ ਵੱਖਰੀ ਤਸਵੀਰ ਬਣਾਈ ਹੈ ਉਹ ਆਖਦੇ ਹਨ :
“ਮਰਜ਼ੀ ਦੇ ਮਾਲਕ ਇਹ
ਦਿਲ ਦੇ ਚਾਅ ਉੱਤੇ ਉਲਰਦੇ
ਨਿੱਕੇ-ਨਿੱਕੇ ਪਿਆਰ ਦੇ ਕਿਣਕਿਆਂ ਤੇ ਰੀਝਣ ਪਸੀਜਣ ਸਾਰੇ,
ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ।”
ਸੋਹਣੇ ਪੰਜਾਬ ਦੇ ਅਣਖੀਲੇ ਗੱਭਰੂ ਕਿਤੇ ਇਤਿਹਾਸ ਦੇ ਪੰਨਿਆਂ ਹੇਠਾਂ ਹੀ ਦੱਬ ਕੇ ਰਹਿ ਗਏ ਹਨ। ਅੱਜ ਵਿਗਿਆਨ ਦੀਆਂ ਕਾਢਾਂ ਨੇ ਸ਼ਹਿਰਾਂ ਨੂੰ ਨਹੀ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਿੰਡ ਦੇ ਨਿਰਛਲ ਸੁਭਾਅ ਵਾਲੇ ਕਿਸਾਨ ਉੱਤੇ ਵੀ ਵਪਾਰੀਕਰਨ ਦੀ ਪਰਤ ਚੜ੍ਹੀ ਸਾਫ਼ ਵਿਖਾਈ ਦੇ ਰਹੀ ਹੈ। ਕੱਚੇ ਘਰਾਂ ਦਾ ਪੱਕੇ ਹੋ ਜਾਣਾ, ਚੁੱਲ੍ਹਿਆਂ ਦੀ ਥਾਂ ਰਸੋਈਆਂ ਦਾ ਬਣ ਜਾਣਾ ਭਾਵੇਂ ਚੰਗੀ ਗੱਲ ਹੈ। ਪਰ ਚਾਟੀਆਂ ‘ਚ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ ਅਤੇ ਬਲਦਾਂ ਦੀਆਂ ਟੋਲੀਆਂ ਦੀ ਥਾਂ ਤੇ ਧੂੰਆਂ ਛੱਡਦੇ ਟਰੈਕਟਰਾਂ ਦੀ ਅਵਾਜ਼ ਨੇ ਮਨੁੱਖ ਨੂੰ ਅਵੇਸਲਾ ਤੇ ਨਿਕੰਮਾ ਬਣਾ ਕੇ ਰੱਖ ਦਿੱਤਾ ਹੈ। ਹੁਣ ਤਾਰਿਆਂ ਦੀ ਛਾਵੇਂ ਪਿੰਡਾਂ ਵਿੱਚ ਸੰਗੀਤ ਨਹੀਂ ਸੰਨਾਟਾ ਨਜ਼ਰ ਆਉਂਦਾ ਹੈ। ਇਸੇ ਲਈ ਦਿਲਾਂ ‘ਚੋਂ ਜ਼ਿੰਦਾਦਿਲੀ ਵੀ ਖ਼ਤਮ ਹੋ ਰਹੀ ਹੈ। ‘ਰੱਜ ਕੇ ਖਾਹ ਤੇ ਦੱਬ ਕੇ ਵਾਹ’ ਵਾਲੀ ਗੱਲ ਅਲੋਪ ਹੋ ਰਹੀ ਹੈ, ਹੁਣ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਨਾਲ ਮੱਖਣ ਦਾ ਪੇੜਾ ਪਿੰਡਾਂ ਵਾਲਿਆਂ ਨੂੰ ਵੀ ਹਜ਼ਮ ਨਹੀਂ ਹੁੰਦਾ। ਕਿਸਾਨ ਜੇ ਸਭ ਦਾ ਅੰਨ ਦਾਤਾ ਹੈ ਅੱਜ ਅੰਨ ਦੇ ਨਾਲ-ਨਾਲ ਰਸਾਇਣਕ ਖਾਦਾਂ ਨਾਲ ਤਿਆਰ ਕੀਤੀਆਂ ਫ਼ਸਲਾਂ, ਅਨਾਜ ਦਾਲਾਂ, ਸਬਜ਼ੀਆਂ ਰਾਹੀਂ ਜ਼ਹਿਰ ਵੀ ਛੱਡ ਰਿਹਾ ਹੈ। ਪੈਸੇ ਦੇ ਲਾਲਚ ਦੀ ਪੱਟੀ ਉਸ ਨੇ ਵੀ ਅੱਖਾਂ ਉਤੇ ਬੰਨ੍ਹ ਲਈ ਹੈ। ਲੱਸੀ ਦੀਆਂ ਭਰੀਆਂ ਚਾਟੀਆਂ ਮੂਧੀਆਂ ਹੋ ਗਈਆਂ ਹਨ ਕਿਉਂਕਿ ਹੁਣ ਲੱਸੀ ਵੀ ਵੇਚੀ ਜਾਣ ਲੱਗ ਪਈ ਹੈ। ਕਾੜ੍ਹਨੀ ਦੇ ਦੁੱਧ ਦੀ ਥਾਂ ਹੁਣ ਪਿੰਡ ਵਾਲੇ ਵੀ ਮਸਾਂ ਚਾਹ ਹੀ ਪਰੋਸਣ ਲੱਗ ਪਏ ਹਨ।
ਪਿੰਡਾ ਦੀ ਰਹਿੰਦੀ ਖੂੰਹਦੀ ਮਾੜੀ ਹਾਲਤ ਨਸ਼ਿਆਂ ਦੀ ਲੱਤ ਅਤੇ ਵਿਦੇਸ਼ ਜਾਣ ਦੇ ਰੁਝਾਨ ਨੇ ਬਣਾ ਦਿੱਤੀ ਹੈ। ਪਿੰਡਾਂ ਦੀ ਨੌਜਵਾਨ ਪੀੜ੍ਹੀ ਖੇਤਾਂ ਵਿਚ ਕੰਮ ਕਰਨ ਦੀ ਬਜਾਏ ਖੇਤ ਵੇਚ ਕੇ ਬਾਹਰਲੇ ਦੇਸ਼ਾਂ ਵੱਲ ਨੂੰ ਭੱਜ ਰਹੀ ਹੈ। ਜੇ ਹਾਲਾਤ ਇਹੀ ਰਹੇ ਤੇ ਪਿੰਡਾਂ ਦੇ ਹਲਾਤਾਂ ਨੂੰ ਸੁਧਾਰਿਆ ਨਾ ਗਿਆ ਤਾਂ ਪਿੰਡ ਸਚਮੁੱਚ ਗੁਆਚ ਜਾਣਗੇ ਤੇ ਪਿੰਡਾਂ ਦੇ ਅਮੀਰ ਵਿਰਸੇ ਦਾ ਜ਼ਿਕਰ ਸਿਰਫ਼ ਕਿਤਾਬਾਂ ਵਿੱਚ ਹੀ ਮਿਲਿਆ ਕਰੇਗਾ ਜਾਂ ਅਜਾਇਬ ਘਰਾਂ ਵਿੱਚ ਲੱਗੀਆਂ ਤਸਵੀਰਾਂ ਰਾਹੀਂ ਲੋਕ ਪਿੰਡਾਂ ਦਾ ਦੀਦਾਰ ਕਰ ਸਕਿਆ ਕਰਨਗੇ।