ਲੇਖ ਰਚਨਾ : ਪੰਜਾਬ ਦੇ ਲੋਕ ਗੀਤ
ਪੰਜਾਬ ਦੇ ਲੋਕ ਗੀਤ
ਜਾਣ-ਪਛਾਣ : ਪੰਜਾਬ ਲੋਕ ਗੀਤਾਂ ਦੀ ਧਰਤੀ ਹੈ। ਇੱਥੋਂ ਦਾ ਹਰ ਇਕ ਵਾਸੀ ਗੀਤਾਂ ਵਿੱਚ ਜਨਮ ਲੈਂਦਾ, ਗੀਤਾਂ ਵਿੱਚ ਜੀਵਨ ਮਾਣਦਾ ਤੇ ਅੰਤ ਗੀਤਾਂ ਵਿੱਚ ਹੀ ਮਰ ਜਾਂਦਾ ਹੈ। ਇਸ ਪ੍ਰਕਾਰ ਲੋਕ ਗੀਤਾਂ ਦਾ ਸੰਬੰਧ ਪੰਜਾਬ ਦੇ ਪੂਰੇ ਸੱਭਿਆਚਾਰਕ ਜੀਵਨ ਨਾਲ ਹੈ।
ਲੋਕ ਗੀਤਾਂ ਦੀ ਰਚਨਾ : ਲੋਕ ਗੀਤਾਂ ਦੀ ਰਚਨਾ ਕੋਈ ਵਿਸ਼ੇਸ਼ ਕਵੀ ਨਹੀਂ ਕਰਦਾ ਸਗੋਂ ਸਧਾਰਨ ਲੋਕਾਂ ਦੇ ਦਿਲੀ ਭਾਵ ਗੀਤਾਂ ਦੇ ਰੂਪ ਧਾਰ ਕੇ ਫੁੱਟ ਨਿਕਲਦੇ ਹਨ। ਇਸ ਕਰਕੇ ਇਨ੍ਹਾਂ ਦਾ ਜਨਮ ਮਨੁੱਖੀ ਸਭਿਅਤਾ ਦੇ ਨਾਲ ਹੀ ਹੋਇਆ ਤੇ ਵਹਿਣ ਨਿਰੰਤਰ ਵਹਿ ਰਿਹਾ ਹੈ।
ਬੇਜੋੜ ਕਲਪਨਾ-ਉਡਾਰੀ : ਲੋਕ ਗੀਤਾਂ ਵਿੱਚ ਇਨ੍ਹਾਂ ਦੇ ਰਚਣਹਾਰਿਆਂ ਵਰਗੀ ਸਾਦਗੀ, ਸਰਲਤਾ ਤੇ ਅਲਬੇਲਾਪਨ ਹੁੰਦਾ ਹੈ। ਇਨ੍ਹਾਂ ਵਿਚਲੀ ਸਾਦਗੀ ਅੰਤ੍ਰੀਵ ਭਾਵ ਤੇ ਕਲਪਨਾ ਉਡਾਰੀ ਬੇਜੋੜ ਹੁੰਦੀ ਹੈ; ਜਿਵੇਂ-
ਘੁੰਢ ਕੱਢ ਲੈ ਪੱਤਣ ਤੇ ਖੜ੍ਹੀਏ,
ਪਾਣੀ ਨੂੰ ਅੱਗ ਲੱਗ ਜੂ।
ਬਚਪਨ ਦੇ ਲੋਕ ਗੀਤ : ਜਨਮ ਤੋਂ ਬਾਅਦ ਜਦੋਂ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਮਾਂ ਘਰ ਦੇ ਕੰਮ ਕਾਜ ਕਰਨਾ ਚਾਹੁੰਦੀ ਹੈ, ਪਰ ਬੱਚਾ ਉਸ ਨੂੰ ਤੰਗ ਕਰਦਾ ਹੈ। ਫਿਰ ਬੱਚੇ ਨੂੰ ਸੁਲਾਉਣ ਲਈ ਲੋਰੀਆਂ ਦਿਤੀਆਂ ਜਾਂਦੀਆਂ ਹਨ; ਜਿਵੇਂ –
ਅੱਲੜ੍ਹ ਬੱਲੜ੍ਹ ਬਾਵੇ ਦਾ,
ਬਾਵਾ ਕਣਕ ਲਿਆਵੇਗਾ।
ਬਾਵੀ ਬੈਠੀ ਛੱਟੇਗੀ,
ਮਾਂ ਪੂਣੀਆਂ ਵੱਟੇਗੀ।
ਬਾਵੀ ਮੰਨ ਪਕਾਏਗੀ,
ਬਾਵਾ ਬੈਠਾ ਖਾਵੇਗਾ।
ਤਿਓਹਾਰਾਂ ਬਾਰੇ ਲੋਕ ਗੀਤ : ਜਵਾਨੀ ਸ਼ੁਰੂ ਹੋਣ ਤੇ ਮੁੰਡਿਆਂ ਤੇ ਕੁੜੀਆਂ ਦੇ ਰੁੱਤਾਂ ਤੇ ਤਿਓਹਾਰਾਂ ਨਾਲ ਸੰਬੰਧਤ ਗੀਤ ਸ਼ੁਰੂ ਹੋ ਜਾਂਦੇ ਹਨ; ਜਿਵੇਂ – ਲੋਹੜੀ, ਵਿਸਾਖੀ, ਬਸੰਤ, ਤ੍ਰਿੰਝਣ ਨਾਲ ਸੰਬੰਧਤ ਅਨੇਕਾਂ ਗੀਤ ਪੰਜਾਬੀ ਲੋਕ ਗੀਤਾਂ ਵਿੱਚ ਮਿਲਦੇ ਹਨ।
ਵਿਆਹ ਬਾਰੇ ਲੋਕ ਗੀਤ : ਜਦੋਂ ਜਵਾਨ ਮੁੰਡੇ ਜਾਂ ਕੁੜੀ ਦਾ ਵਿਆਹ ਰੱਖਿਆ ਜਾਂਦਾ ਹੈ ਤਾਂ ਗੀਤਾਂ ਦੀ ਛਹਿਬਰ ਲੱਗ ਜਾਂਦੀ ਹੈ। ਕੁੜੀ ਦੇ ਘਰ ਸੁਹਾਗ ਤੇ ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ। ਜੰਞ ਆਉਣ ਤੇ ਔਰਤਾਂ ਇਕੱਠੇ ਹੋ ਕੇ ਸਿੱਠਣੀਆਂ ਦੇਣ ਲੱਗ ਪੈਂਦੀਆਂ ਹਨ—
ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ
ਦਾਣੇ ਤਾਂ ਮੰਗਦਾ ਉੱਧਲ ਗਈਦਾ
ਭੱਠੀ ਤਪਾਉਣੀ ਪਈ,
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਸਹੁਰੇ ਘਰ ਬਾਰੇ ਲੋਕ ਗੀਤ : ਸਹੁਰੇ ਘਰ ਜਾ ਕੇ ਜਦੋਂ ਕੁੜੀ ਨੂੰ ਸੱਸ ਦੀਆਂ ਤੱਤੀਆਂ ਖਰੀਆਂ ਸੁਣਨੀਆਂ ਪੈਂਦੀਆਂ ਹਨ ਤਾਂ ਉਹ ਕਹਿੰਦੀ ਹੈ –
ਅੱਗੋਂ ਸੱਸ ਬਘਿਆੜੀ ਟੱਕਰੀ, ਮਾਪਿਆਂ ਨੇ ਰੱਖੀ ਲਾਡਲੀ।
ਲੋਕ ਗੀਤਾਂ ਤੇ ਇਤਿਹਾਸ : ਇਤਿਹਾਸ ਦੀਆਂ ਕਈ ਘਟਨਾਵਾਂ ਦਾ ਜਿਕਰ ਵੀ ਲੋਕ ਗੀਤਾਂ ਵਿੱਚੋਂ ਮਿਲਦਾ
ਹੈ; ਜਿਵੇਂ—
1. ਦੇਹ ਚਰਖੇ ਨੂੰ ਗੇੜਾ, ਲੋੜ ਨਹੀਂ ਤੋਪਾਂ ਦੀ।
2. ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।
ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਲੋਕ ਗੀਤ ਪੰਜਾਬੀ ਜੀਵਨ ਦਾ ਅਟੁੱਟ ਹਿੱਸਾ ਹਨ। ਇਨ੍ਹਾਂ ਦੀ ਸਾਹਿਤਕ ਪੱਖੋਂ ਵੀ ਬਹੁਤ ਮਹਾਨਤਾ ਹੈ। ਇਹ ਜ਼ਿੰਦਗੀ ਦੇ ਹਰ ਪਹਿਲੂ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕਰਦੇ ਹਨ।
ਸਾਰ-ਅੰਸ਼ : ਪੰਜਾਬੀ ਲੋਕ ਗੀਤਾਂ ਦਾ ਸਾਡੇ ਲਈ ਬਹੁਤ ਮਹੱਤਵ ਹੈ। ਇਹ ਲੋਕ ਗੀਤ ਸਾਡਾ ਮਨ ਪ੍ਰਚਾਵਾ ਤਾਂ ਕਰਦੇ ਹੀ ਹਨ ਨਾਲੇ ਸਾਨੂੰ ਖ਼ੁਸ਼ੀਆਂ ਅਤੇ ਖੇੜੇ ਵੀ ਬਖ਼ਸ਼ਦੇ ਹਨ।