ਲੇਖ ਰਚਨਾ : ਦੁਸਹਿਰਾ
ਦੁਸਹਿਰਾ
ਜਾਣ-ਪਛਾਣ : ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ ਹੈ। ਹਰ ਮੇਲੇ ਅਤੇ ਤਿਉਹਾਰ ਦਾ ਸੰਬੰਧ ਸਾਡੇ ਸੱਭਿਆਚਾਰਕ, ਧਾਰਮਕ ਤੇ ਇਤਿਹਾਸਕ ਵਿਰਸੇ ਨਾਲ ਵੀ ਹੈ। ਦੁਸਹਿਰਾ ਵੀ ਇਨ੍ਹਾਂ ਵਿੱਚੋਂ ਇੱਕ ਤਿਉਹਾਰ ਹੈ। ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ।
ਇਤਿਹਾਸਕ ਪਿਛੋਕੜ : ਦੁਸਹਿਰਾ ਸ਼ਬਦ ਦਾ ਅਰਥ ਹੈ ਦਸ ਸਿਰਾਂ ਵਾਲਾ। ਕਿਹਾ ਜਾਂਦਾ ਹੈ ਕਿ ਲੰਕਾ ਦੇ ਰਾਜੇ ਰਾਵਣ ਦੇ ਦਸ ਸਿਰ ਸਨ। ਉਹ ਵਿਦਵਾਨ ਹੋਣ ਦੇ ਨਾਲ-ਨਾਲ ਸ਼ਕਤੀਸ਼ਾਲੀ ਤੇ ਅਭਿਮਾਨੀ ਵੀ ਸੀ। ਜਦੋਂ ਸ੍ਰੀ ਰਾਮ ਚੰਦਰ ਜੀ ਜੰਗਲਾਂ ਵਿੱਚ ਬਨਵਾਸ ਕੱਟ ਰਹੇ ਸਨ ਤਾਂ ਰਾਵਣ ਧੋਖੇ ਨਾਲ ਸੀਤਾ ਨੂੰ ਚੁਰਾ ਕੇ ਲੈ ਗਿਆ ਸੀ। ਸ੍ਰੀ ਰਾਮ ਜੀ ਨੇ ਵਾਨਰ ਸੈਨਾ ਦੀ ਮਦਦ ਨਾਲ ਲੰਕਾ ‘ਤੇ ਚੜ੍ਹਾਈ ਕਰ ਦਿੱਤੀ, ਜਿਸ ਵਿੱਚ ਰਾਵਣ ਪੂਰੇ ਪਰਿਵਾਰ ਸਮੇਤ ਮਾਰਿਆ ਗਿਆ। ਉਸ ਦਿਨ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅੱਜ ਤੱਕ ਹਰ ਸਾਲ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਬਣਾ ਕੇ ਸਾੜੇ ਜਾਂਦੇ ਹਨ।
ਨੌ ਨਰਾਤੇ ਅਤੇ ਰਾਮ ਲੀਲ੍ਹਾ : ਸਾਡੇ ਸ਼ਹਿਰ ਵਿੱਚ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੁਸਹਿਰੇ ਤੋਂ ਪਹਿਲਾਂ ਨੌ ਨਰਾਤੇ ਹੁੰਦੇ ਹਨ, ਜਿਨ੍ਹਾਂ ਵਿੱਚ ਸ਼ਹਿਰ ਵਿੱਚ ਥਾਂ-ਥਾਂ ਨਾਟ ਮੰਡਲੀਆਂ ਰਾਮਲੀਲ੍ਹਾ ਕਰਦੀਆਂ ਹਨ, ਜਿਸ ਵਿੱਚ ਰਮਾਇਣ ਕਥਾ ਨੂੰ ਨਾਟਕੀ ਰੂਪ ਵਿੱਚ ਖੇਡਿਆ ਜਾਂਦਾ ਹੈ। ਲੋਕ ਅੱਧੀ-ਅੱਧੀ ਰਾਤ ਤੱਕ ਰਾਮ ਲੀਲ੍ਹਾ ਵੇਖਣ ਜਾਂਦੇ ਹਨ। ਲੋਕ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਨ, ਹਨੂੰਮਾਨ ਦੇ ਲੰਕਾ ਸਾੜਨ ਤੇ ਲਛਮਣ ਨੂੰ ਮੂਰਛਾ ਆਦਿ ਘਟਨਾਵਾਂ ਨੂੰ ਬੜੀ ਉਤਸੁਕਤਾ ਅਤੇ ਦਿਲਚਸਪੀ ਨਾਲ ਵੇਖਦੇ ਹਨ। ਇਨ੍ਹਾਂ ਦਿਨਾਂ ਵਿੱਚ ਬਜ਼ਾਰਾਂ ਵਿੱਚ ਰਾਮ ਲੀਲ੍ਹਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ।
ਰਾਵਣ ਨੂੰ ਸਾੜਨਾ : ਦੁਸਹਿਰੇ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲ੍ਹੇ ਮੈਦਾਨ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਗੱਡ ਦਿੱਤੇ ਜਾਂਦੇ ਹਨ। ਆਲੇ-ਦੁਆਲੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ। ਲੋਕ ਰਾਵਣ-ਦਹਿਨ ਦਾ ਦ੍ਰਿਸ਼ ਵੇਖਣ ਲਈ ਟੁੱਟ ਪੈਂਦੇ ਹਨ। ਭੀੜ ਇੰਨੀ ਹੁੰਦੀ ਹੈ ਕਿ ਪੁਲਿਸ ਲਈ ਸੰਭਾਲਣੀ ਔਖੀ ਹੋ ਜਾਂਦੀ ਹੈ। ਲੋਕਾਂ ਨੂੰ ਪੁਤਲਿਆਂ ਦੇ ਆਲੇ-ਦੁਆਲੇ ਗੋਲ ਦਾਇਰੇ ਵਿੱਚ ਖੜ੍ਹੇ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਦਾਇਰੇ ਅੰਦਰ ਆਤਸ਼ਬਾਜ਼ੀ ਹੁੰਦੀ ਹੈ ਤੇ ਗ਼ੁਬਾਰੇ ਉਡਾਏ ਜਾਂਦੇ ਹਨ। ਇਸ ਸਮੇਂ ਸ੍ਰੀ ਰਾਮ ਚੰਦਰ ਅਤੇ ਰਾਵਣ ਵਿਚਕਾਰ ਨੱਕਲੀ ਯੁੱਧ ਹੁੰਦਾ ਹੈ ਤੇ ਜਿਸ ਵਿੱਚ ਰਾਵਣ ਮਾਰਿਆ ਜਾਂਦਾ ਹੈ। ਜਿਸ ਸਮੇਂ ਸੂਰਜ ਛਿਪਣ ਵਾਲਾ ਹੁੰਦਾ ਹੈ ਤਾਂ ਪੁਤਲਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਆਤਸ਼ਬਾਜ਼ੀ ਦਾ ਨਜ਼ਾਰਾ ਵੇਖਦੇ ਹੋਏ ਲੋਕ ਘਰਾਂ ਨੂੰ ਵਾਪਸ ਚੱਲ ਪੈਂਦੇ ਹਨ।
ਸਾਰ-ਅੰਸ਼ : ਦੁਸਹਿਰਾ ਭਾਰਤ ਦਾ ਇੱਕ ਹਰਮਨ ਪਿਆਰਾ ਤਿਉਹਾਰ ਹੈ। ਇਸਨੂੰ ਸਾਰੇ ਭਾਰਤਵਾਸੀ ਮਿਲ – ਜੁਲ ਕੇ ਮਨਾਉਂਦੇ ਹਨ। ਸਾਨੂੰ ਇਸ ਦਿਨ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਬੁਰੇ ਕੰਮਾਂ ਦਾ ਤਿਆਗ ਕਰਾਂਗੇ ਅਤੇ ਚੰਗਿਆਈ ਦੀ ਰਾਹ ਤੇ ਤੁਰਾਂਗੇ। ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਮਿਲ-ਜੁਲ ਕੇ ਬੜੇ ਹੀ ਪਿਆਰ ਨਾਲ ਮਨਾਉਣਾ ਚਾਹੀਦਾ ਹੈ।