ਲੇਖ ਰਚਨਾ : ਮੌਲਾਨਾ ਅਜ਼ਾਦ


ਭਾਰਤ ਮਾਤਾ ਦੇ ਸੱਚੇ ਸਪੂਤ : ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਸਭ ਧਰਮਾਂ ਦੇ ਵਿਅਕਤੀਆਂ ਨੇ ਮਿਲ ਕੇ ਹਿੱਸਾ ਪਾਇਆ। ਮੋਲਾਨਾ ਅਜ਼ਾਦ ਅਜਿਹੇ ਹੀ ਸਿਰਲੱਥ ਯੋਧਿਆਂ ਵਿਚੋਂ ਸਨ। ਆਪ ਭਾਰਤ ਮਾਤਾ ਦੇ ਸੱਚੇ ਸਪੂਤ ਸਨ।

ਜਨਮ ਤੇ ਬਚਪਨ : ਮੌਲਾਨਾ ਅਜ਼ਾਦ ਦਾ ਜਨਮ 1888 ਈ: ਵਿਚ ਮੱਕੇ (ਸਾਊਦੀ ਅਰਬ) ਵਿਚ ਹੋਇਆ। ਆਪ ਦਾ ਪੂਰਾ ਨਾਂ ਅਬੁੱਲ ਮਹੀ-ਉਦ-ਦੀਨ ਅਹਿਮਦ ਸੀ। ਆਪ ਦੇ ਪਿਤਾ ਜੀ ਪਹਿਲਾਂ ਦਿੱਲੀ ਰਹਿੰਦੇ ਸਨ ਤੇ 1857 ਵਿਚ ਮੱਕੇ ਚਲੇ ਗਏ, ਪਰ ਕੁੱਝ ਦੇਰ ਮਗਰੋਂ ਮੁੜ ਭਾਰਤ ਆ ਗਏ। ਉਹ ਪੱਛਮੀ ਵਿੱਦਿਆ ਨੂੰ ਪਸੰਦ ਨਹੀਂ ਸਨ ਕਰਦੇ, ਜਿਸ ਕਰਕੇ ਉਨ੍ਹਾਂ ਮੌਲਾਨਾ ਅਜ਼ਾਦ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿਚ ਹੀ ਕੀਤਾ। ਆਪ ਆਪਣੀ ਤੇਜ਼ ਬੁੱਧੀ ਸਦਕਾ ਜਲਦੀ ਹੀ ਅਰਬੀ, ਫ਼ਾਰਸੀ ਤੇ ਉਰਦੂ ਭਾਸ਼ਾਵਾਂ ਦੇ ਮਾਹਰ ਬਣ ਗਏ। ਆਪ ਬਚਪਨ ਤੋਂ ਹੀ ਇਕ ਸੁਚੱਜੇ ਭਾਸ਼ਨਕਾਰ ਸਨ।

ਇਕ ਆਦਰਸ਼ ਮੁਸਲਮਾਨ : ਆਪ ਜਿੱਥੇ ਇਕ ਆਦਰਸ਼ ਮੁਸਲਮਾਨ, ਉੱਥੇ ਇਕ ਦੇਸ਼-ਭਗਤ ਵੀ ਸਨ। ਆਪ ਇਸਲਾਮ ਅਤੇ ਦੇਸ਼ ਪਿਆਰ ਦੋਹਾਂ ਨੂੰ ਅਪਣਾ ਕੇ ਦੇਸ਼-ਸੇਵਾ ਕਰਨੀ ਚਾਹੁੰਦੇ ਸਨ। ਆਪ ਦੇ ਮਨ ਵਿਚ ਇਹ ਗੱਲ ਸਪੱਸ਼ਟ ਹੋ ਚੁੱਕੀ ਸੀ ਕਿ ਦੇਸ਼-ਪਿਆਰ ਨਾਲ ਹੀ ਇਸਲਾਮ ਅਤੇ ਭਾਰਤੀ ਮੁਸਲਮਾਨਾਂ ਦੀ ਖ਼ਿਦਮਤ ਕੀਤੀ ਜਾ ਸਕਦੀ ਹੈ।

ਅਜ਼ਾਦੀ ਲਹਿਰ ਵਿਚ ਸ਼ਾਮਲ ਹੋਣਾ : ਮੌਲਾਨਾ ਅਜ਼ਾਦ ਅਜੇ ਕੇਵਲ ਸਤਾਰਾਂ ਵਰ੍ਹਿਆਂ ਦੇ ਹੀ ਸਨ ਕਿ ਉਨ੍ਹਾਂ ਦਾ ਮੇਲ ਬੰਗਾਲ ਦੇ ਪ੍ਰਸਿੱਧ ਕ੍ਰਾਂਤੀਕਾਰੀ ਅਰਬਿੰਦੋ ਘੋਸ਼ ਨਾਲ ਹੋਇਆ। ਉਸ ਤੋਂ ਆਪ ਨੂੰ ਕ੍ਰਾਂਤੀ ਦੀ ਜਾਗ ਲੱਗ ਗਈ। 1908 ਈ. ਵਿਚ ਆਪਣੇ ਪਿਤਾ ਦੀ ਮੌਤ ਤੋਂ ਮਗਰੋਂ ਆਪ ਈਰਾਨ ਤੇ ਮਿਸਰ ਆਦਿ ਦੇਸ਼ਾਂ ਵਿਚ ਗਏ। ਉੱਥੇ ਆਪ ਨੇ ਅਨੁਭਵ ਕੀਤਾ ਕਿ ਉੱਥੋਂ ਦੇ ਬਣਾ ਮੁਸਲਮਾਨ ਭਾਰਤ ਦੀ ਅਜ਼ਾਦੀ ਦੇ ਹੱਕ ਵਿਚ ਸਨ ਤੇ ਉਹ ਚਾਹੁੰਦੇ ਸਨ ਕਿ ਭਾਰਤੀ ਮੁਸਲਮਾਨ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਪਾਉਣ। ਅਰਬ ਦੇਸ਼ਾਂ ਤੋਂ ਪਰਤ ਕੇ ਆਪ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿਚ ਸਰਗਰਮ ਹਿੱਸਾ ਪਾਉਣ ਲੱਗੇ।

ਕੌਮੀ ਵਿਚਾਰਾਂ ਦਾ ਪ੍ਰਚਾਰ : 1912 ਵਿਚ ਆਪ ਨੇ ਕਲਕੱਤੇ (ਕੋਲਕਾਤਾ) ਤੋਂ ਇਕ ਸਪਤਾਹਿਕ ਰਸਾਲਾ ‘ਅਲ-ਹਿਲਾਲ’ ਪ੍ਰਕਾਸ਼ਿਤ ਕਰਨਾ ਆਰੰਭ ਕੀਤਾ। ਆਪ ਦੇ ਵਿਚਾਰ ਪੜ੍ਹ ਕੇ ਭਾਰਤ ਦੇ ਬੁੱਧੀਜੀਵੀ ਮੁਸਲਮਾਨ ਵੀ ਅਜ਼ਾਦੀ ਦੇ ਅੰਦੋਲਨ ਨਾਲ ਜੁੜ ਗਏ। ਆਪ ਨੇ ਲੋਕਾਂ ਨੂੰ ਹਿੰਦੂ-ਮੁਸਲਮਾਨ ਏਕਤਾ ਦਾ ਸੰਦੇਸ਼ ਦਿੰਦਿਆਂ ਨਾਅਰਾ ਲਾਇਆ ਕਿ ਅਸੀਂ ਸਾਰੇ ਭਾਰਤੀ ਹਾਂ।

ਪਾਬੰਦੀਆਂ ਤੇ ਨਜ਼ਰਬੰਦੀ : ਅੰਗਰੇਜ਼ ਸਰਕਾਰ ਨੂੰ ਆਪ ਦੇ ਵਿਚਾਰ ਬੜੇ ਚੁੱਭਦੇ ਸਨ। 1916 ਵਿਚ ਆਪ ਨੂੰ ਬੰਗਾਲ ਜਾਣ ਦਾ ਹੁਕਮ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ, ਉੱਤਰ ਪ੍ਰਦੇਸ਼ ਅਤੇ ਮਦਰਾਸ ਦੀਆਂ ਸਰਕਾਰਾਂ ਨੇ ਵੀ ਆਪਣੇ ਸਪੈਸ਼ਲ ਪ੍ਰਾਂਤਾਂ ਵਿਚ ਅਜ਼ਾਦ ਜੀ ਦੇ ਦਾਖ਼ਲੇ ਉੱਪਰ ਪਾਬੰਦੀ ਲਾ ਦਿੱਤੀ। ਆਪ ਰਾਂਚੀ (ਬਿਹਾਰ) ਪੁੱਜੇ, ਤਾਂ ਆਪ ਨੂੰ ਉੱਥੇ ਨਜ਼ਰਬੰਦ ਕ ਕਦ ਦਿੱਤਾ ਗਿਆ। 1920 ਵਿਚ ਜਦੋਂ ਆਪ ਨੂੰ ਨਜ਼ਰਬੰਦੀ ਤੋਂ ਰਿਹਾ ਕੀਤਾ ਗਿਆ, ਤਾਂ ਆਪ ਫਿਰ ਅੰਰਗੋਜ਼-ਵਿਰੋਧੀ ਘੋਲ ਵਿਚ ਸਰਗਰਮ ਹੋ ਗਏ।

ਕੈਦ ਵਿੱਚ : 1921 ਵਿਚ ਆਪ ਨੂੰ ਗ੍ਰਿਫ਼ਤਾਰ ਕਰ ਕੇ ਆਪ ਦੇ ਵਿਰੁੱਧ ਬਗ਼ਾਵਤ ਦੇ ਦੋਸ਼ ਵਿਚ ਮੁਕੱਦਮਾ ਚਲਾਇਆ ਗਿਆ। ਆਪ ਨੇ ਅਦਾਲਤ ਵਿਚ ਬਿਆਨ ਦਿੰਦਿਆਂ ਕਿਹਾ ਕਿ ਅੰਗਰੇਜ਼ ਸਰਕਾਰ ਭਾਰਤੀਆਂ ਉੱਪਰ ਅਤਿਆਚਾਰ ਕਰ ਰਹੀ ਹੈ। ਕਿਸੇ ਕੌਮ ਨੂੰ ਇਹ ਅਧਿਕਾਰ ਨਹੀਂ ਕਿ ਉਹ ਮਨੁੱਖਾਂ ਨੂੰ ਗ਼ੁਲਾਮ ਬਣਾ ਕੇ ਰੱਖੇ। ਆਪ ਨੇ ਮੈਜਿਸਟਰੇਟ ਨੂੰ ਕਿਹਾ ਕਿ ਉਨ੍ਹਾਂ ਨੂੰ ਬਗ਼ਾਵਤ ਦੀ ਸਖ਼ਤ ਸਜ਼ਾ ਦਿੱਤੀ ਜਾਵੇ। 1921 ਵਿਚ ਉਨ੍ਹਾਂ ਨੂੰ ਇਕ ਸਾਲ ਕੈਦ ਦੀ ਸਜ਼ਾ ਦਿੱਤੀ ਗਈ।

ਕਾਂਗਰਸ ਦੇ ਪ੍ਰਧਾਨ ਬਣਨਾ : 1923 ਵਿਚ ਆਪ ਨੂੰ ਸਰਬ ਹਿੰਦ ਕਾਂਗਰਸ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਸਮੇਂ ਆਪ ਦੀ ਉਮਰ ਕੇਵਲ 36 ਵਰ੍ਹੇ ਸੀ। 1930 ਵਿਚ ਆਪ ਨੇ ਸਿਵਲ ਨਾ-ਫ਼ਰਮਾਨੀ ਲਹਿਰ ਵਿਚ ਵਧ-ਚੜ੍ਹ ਕੇ ਹਿੱਸਾ ਪਾਇਆ। 1940 ਤੋਂ 1946 ਤਕ ਆਪ ਕਾਂਗਰਸ ਦੇ ਮੁੜ ਪ੍ਰਧਾਨ ਰਹੇ। 1940-41 ਵਿਚ ਆਪ 18 ਮਹੀਨੇ ਜੇਲ੍ਹ ਵਿਚ ਰਹੇ। ਅੰਤ ਆਪ ਅਨੇਕਾਂ ਹੋਰਨਾਂ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਸਦਕਾ 15 ਅਗਸਤ, 1947 ਨੂੰ ਭਾਰਤ ਅਜ਼ਾਦ ਹੋ ਗਿਆ।

ਅਜ਼ਾਦ ਭਾਰਤ ਦੇ ਸਿੱਖਿਆ ਮੰਤਰੀ : ਅਜ਼ਾਦ ਭਾਰਤ ਦੀ ਸਰਕਾਰ ਵਿਚ ਮੌਲਾਨਾ ਅਜ਼ਾਦ ਨੂੰ ਸਿੱਖਿਆ ਮੰਤਰੀ ਦਾ ਅਹੁਦਾ ਦਿੱਤਾ ਗਿਆ। ਆਪ ਨੇ ਸਿੱਖਿਆ ਪ੍ਰਣਾਲੀ ਦੇ ਸੁਧਾਰ ਵਲ ਵਿਸ਼ੇਸ਼ ਧਿਆਨ ਦਿੱਤਾ। ਆਪ ਨੇ ਦੇਸ਼ ਦੀ ਉੱਨਤੀ ਲਈ ਕਈ ਪ੍ਰਕਾਰ ਦੀਆਂ ਵਿਗਿਆਨਿਕ ਸੰਸਥਾਵਾਂ ਕਾਇਮ ਕੀਤੀਆਂ।

ਦੇਹਾਂਤ : ਅੰਤ 22 ਫ਼ਰਵਰੀ, 1958 ਨੂੰ ਭਾਰਤ ਮਾਤਾ ਦਾ ਇਹ ਸੱਚਾ ਸਪੂਤ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ, ਜਿਸ ਕਾਰਨ ਕੌਮ ਇਕ ਧਰਮ-ਨਿਰਪੱਖ, ਵਿਦਵਾਨ, ਦੇਸ਼-ਭਗਤ ਤੇ ਨੀਤੀਵੇਤਾ ਤੋਂ ਵਾਂਝੀ ਹੋ ਗਈ।