ਅ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ

ਅੱਖਾਂ ਅੱਗੇ ਹਨੇਰਾ ਆਉਣਾ (ਘਬਰਾ ਜਾਣਾ)—ਆਪਣੇ ਘਰ ਦੁਆਲੇ ਪੁਲਿਸ ਦਾ ਘੇਰਾ ਦੇਖ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ।

ਅੱਖਾਂ ਫੇਰ ਲੈਣਾ (ਮਿੱਤਰਤਾ ਛੱਡ ਦੇਣੀ) — ਜਿਨ੍ਹਾਂ ਬੰਦਿਆਂ ਨੂੰ ਤੂੰ ਅੱਜ ਆਪਣੇ ਸਮਝੀ ਬੈਠਾ ਹੈ, ਇਹ ਤੈਨੂੰ ਮੁਸ਼ਕਿਲ ਵਿੱਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ ।

ਅੱਖਾਂ ਵਿੱਚ ਲਹੂ ਉੱਤਰਨਾ (ਬਹੁਤ ਗੁੱਸੇ ਵਿੱਚ ਆਉਣਾ) – ਜਦੋਂ ਉਸ ਨੇ ਮੈਨੂੰ ਗਾਲ ਕੱਢੀ, ਤਾਂ ਮੇਰੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ। ਮੇਰੇ ਹੱਥ ਵਿੱਚ ਇੱਟ ਸੀ, ਮੈਂ ਉਹ ਹੀ ਚੁੱਕ ਕੇ ਉਸ ਦੇ ਸਿਰ ਵਿੱਚ ਮਾਰੀ।

ਅੱਖੋਂ ਉਹਲੇ ਕਰਨਾ (ਭੁਲਾ ਦੇਣਾ) – ਮਾਂ ਆਪਣੇ ਪੁੱਤਰ ਨੂੰ ਜ਼ਰਾ ਵੀ ਅੱਖੋਂ ਉਹਲੇ ਕਰਨ ਲਈ ਤਿਆਰ ਨਹੀਂ ਸੀ।

ਅੱਗ ਨਾਲ ਖੇਡਣਾ (ਖ਼ਤਰਾ ਮੁੱਲ ਲੈਣਾ) – ਫ਼ਿਰਕੂਪੁਣੇ ਨੂੰ ਸ਼ਹਿ ਦੇ ਕੇ ਸਰਕਾਰ ਅੱਗ ਨਾਲ ਖੇਡ ਰਹੀ ਹੈ।

ਅੱਗ ਲਾਉਣਾ (ਅਮਨ ਭੰਗ ਕਰਨਾ) -1947 ਵਿੱਚ ਫ਼ਿਰਕੂ ਅਨਸਰਾਂ ਨੇ ਦੇਸ਼ ਵਿੱਚ ਥਾਂ-ਥਾਂ ਅੱਗ ਲਾ ਦਿੱਤੀ।

ਅੱਡੀਆਂ ਚੁੱਕ-ਚੁੱਕ ਵੇਖਣਾ (ਬੜੀ ਤਾਂਘ ਨਾਲ ਉਡੀਕ ਕਰਨੀ) – ਪੱਪੂ ਸਵੇਰ ਦਾ ਆਪਣੀ ਮਾਂ ਨੂੰ ਵੇਖ ਰਿਹਾ ਹੈ। ਉਹ ਵੀ ਸਵੇਰ ਦੀ ਗਈ, ਅਜੇ ਸ਼ਹਿਰੋਂ ਮੁੜੀ ਨਹੀਂ।

ਅੱਡੀ ਚੋਟੀ ਦਾ ਜ਼ੋਰ ਲਾਉਣਾ (ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ।

ਅੱਡੀ ਨਾ ਲੱਗਣਾ (ਇਕ ਥਾਂ ਟਿਕ ਕੇ ਨਾ ਬੈਠਣਾ) – ਪ੍ਰੀਤੋ ਦੀ ਤਾਂ ਅੱਡੀ ਨਹੀਂ ਲਗਦੀ, ਸਾਰਾ ਦਿਨ ਕਦੇ ਇਸ ਗਲੀ ਤੇ ਕਦੇ ਉਸ ਗਲੀ ਘੁੰਮਦੀ ਰਹਿੰਦੀ ਹੈ।

ਅਣਿਆਈ ਮੌਤੇ ਮਰਨਾ (ਕਿਸੇ ਹਾਦਸੇ ਵਿੱਚ ਮਰਨਾ) – ਅੱਜ-ਕਲ੍ਹ ਸੜਕ ਦੁਰਘਟਨਾਵਾਂ ਵਿੱਚ ਬਹੁਤ ਸਾਰੇ ਲੋਕ ਅਣਿਆਈ ਮੌਤੇ ਮਰ ਜਾਂਦੇ ਹਨ।

ਅੱਤ ਚੁੱਕਣਾ (ਹੱਦ ਕਰ ਦੇਣੀ) – ਮੱਧ-ਪ੍ਰਦੇਸ਼ ਦੇ ਜੰਗਲਾਂ ਵਿੱਚ ਡਾਕੂਆਂ ਨੇ ਬੜੀ ਅੱਤ ਚੁੱਕੀ ਹੋਈ ਹੈ।

ਅਬਾ ਤਬਾ ਬੋਲਣਾ (ਮੰਦਾ ਬੋਲਣਾ) — ਤੇਜਿਆ, ਜ਼ਰਾ ਮੂੰਹ ਸੰਭਾਲ ਕੇ ਬੋਲ। ਜੇ ਅਬਾ ਤਬਾ ਬੋਲਿਆ, ਤਾਂ ਤੇਰਾ ਮੂੰਹ ਭੰਨ ਦਿਆਂਗਾ।

ਅਲਖ ਮੁਕਾਉਣਾ (ਜਾਨੋਂ ਮਾਰ ਦੇਣਾ)— ਫ਼ੌਜੀ ਡਿਕਟੇਟਰ ਆਪਣੇ ਵਿਰੋਧੀਆਂ ਦੀ ਅਲਖ ਮੁਕਾ ਦਿੰਦੇ ਹਨ।

ਅੰਨ੍ਹੇ ਅੱਗੇ ਦੀਦੇ ਗਾਲਣੇ (ਬੇਕਦਰੇ ਅੱਗੇ ਦੁੱਖ ਫੋਲਣੇ) – ਅੰਗਰੇਜ਼ੀ ਰਾਜ ਵਿੱਚ ਭਾਰਤੀ ਲੋਕਾਂ ਦਾ ਸਰਕਾਰ ਅੱਗੇ ਦਾਦ-ਫ਼ਰਿਆਦ ਕਰਨਾ ਅੰਨ੍ਹੇ ਅੱਗੇ ਦੀਦੇ ਗਾਲਣ ਵਾਲੀ ਗੱਲ ਸੀ।

ਅਲੂਣੀ ਸਿਲ ਚੱਟਣਾ (ਬੇਸੁਆਦਾ ਕੰਮ ਕਰਨਾ) —ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਤੁਹਾਨੂੰ ਇਮਤਿਹਾਨ ਦੀ ਅਲੂਣੀ ਸਿੱਲ ਚੱਟਣੀ ਹੀ ਪਵੇਗੀ।

ਆਪਣੀ ਲੱਤ ਉੱਪਰ ਰੱਖਣੀ (ਅਹਿਸਾਨ ਜਤਾਉਣਾ) – ਮੇਰਾ ਚਾਚਾ ਮੇਰੀ ਔਕੜ ਵਿੱਚ ਕੋਈ ਸਹਾਇਤਾ ਨਹੀਂ ਸੀ ਕਰਦਾ। ਕੱਲ੍ਹ ਜਦੋਂ ਮੈਂ ਆਪਣੀ ਲੋੜ ਕਿਸੇ ਹੋਰ ਦੀ ਸਹਾਇਤਾ ਨਾਲ ਪੂਰੀ ਕਰ ਲਈ, ਤਾਂ ਮੇਰਾ ਚਾਚਾ ਮੈਨੂੰ ਕਹਿਣ ਲੱਗਾ ਕਿ ਤੂੰ ਮੈਨੂੰ ਕਿਉਂ ਨਾ ਦੱਸਿਆ, ਮੈਂ ਤਾਂ ਤੇਰੀ ਲੋੜ ਇਕ ਮਿੰਟ ਵਿੱਚ ਪੂਰੀ ਕਰ ਦੇਣੀ ਸੀ। ਮੈਂ ਸਮਝ ਗਿਆ ਕਿ ਇਹ ਹੁਣ ਆਪਣੀ ਲੱਤ ਉੱਪਰ ਰੱਖ ਰਿਹਾ ਹੈ। ਉਂਞ ਇਸ ਨੇ ਵੇਲੇ ਸਿਰ ਕੁੱਝ ਨਹੀਂ ਸੀ ਕਰਨਾ।

ਆਪਣੀ ਪੈਰੀਂ ਆਪ ਕੁਹਾੜਾ ਮਾਰਨਾ (ਆਪਣੀ ਕਰਤੂਤ ਨਾਲ ਆਪਣਾ ਨੁਕਸਾਨ ਕਰਾ ਲੈਣਾ) – ਪਾਕਿਸਤਾਨ ਜੇਕਰ ਭਾਰਤ ਨਾਲ ਜੰਗ ਛੇੜੇਗਾ, ਤਾਂ ਉਹ ਆਪਣੀ ਪੈਰੀਂ ਆਪ ਕੁਹਾੜਾ ਮਾਰੇਗਾ।

ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ (ਆਪਣੇ ਮੂੰਹੋਂ ਆਪਣੀ ਵਡਿਆਈ ਕਰਨੀ) — ਸੁਆਦ ਤਾਂ ਤਦ ਹੈ, ਜੇਕਰ ਤੁਹਾਡੇ ਕੰਮਾਂ ਦੂਸਰੇ ਤਾਰੀਫ਼ ਕਰਨ, ਆਪਣੇ ਮੂੰਹੋਂ ਮੀਆਂ ਮਿੱਠੂ ਤਾਂ ਹਰ ਕੋਈ ਬਣ ਜਾਂਦਾ ਹੈ।

ਆਲੇ ਕੋਡੀ ਛਿੱਕੇ ਕੌਡੀ ਕਰਨਾ (ਟਾਲ-ਮਟੋਲ ਕਰਨਾ) – ਬਲਜੀਤ ਮੇਰੇ ਕੋਲੋਂ ਕਿਤਾਬ ਮੰਗ ਕੇ ਲੈ ਗਿਆ ਸੀ, ਪਰ ਉਹ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ। ਜਦੋ ਵੀ ਮੈਂ ਪੁੱਛਦਾ ਹਾਂ, ਤਾਂ ਉਹ ਆਲੇ ਕੌਡੀ ਛਿੱਕੇ ਕੌਡੀ ਕਰ ਛੱਡਦਾ ਹੈ।

ਅਕਲ ਗਿੱਟਿਆਂ ਵਿੱਚ ਹੋਣੀ (ਮੂਰਖ ਹੋਣਾ) – ਤੇਰੀ ਅਕਲ ਗਿੱਟਿਆਂ ਵਿੱਚ ਹੈ। ਤੂੰ ਕੋਈ ਕੰਮ ਕਰਨ ਲੱਗਾ ਆਪਣਾ ਫ਼ਾਇਦਾ ਜਾਂ ਨੁਕਸਾਨ ਵੀ ਨਹੀਂ ਸੋਚਦਾ।

ਅਕਲ ‘ਤੇ ਪੱਥਰ ਪੈਣੇ (ਅਕਲ ਮਾਰੀ ਜਾਣੀ) – ਜਿਆਦਾ ਬੁੱਢਾ ਹੋ ਜਾਣ ਕਰਕੇ ਉਸ ਦੀ ਅਕਲ ‘ਤੇ ਪੱਥਰ ਪੈ ਗਏ ਜਾਪਦੇ ਹਨ, ਕੋਈ ਸਿਆਣੀ ਗੱਲ ਕਰਦਾ ਹੀ ਨਹੀਂ ।

ਅੱਕੀਂ ਪਲਾਹੀ ਹੱਥ ਮਾਰਨੇ (ਆਸਰੇ ਭਾਲਦੇ ਫਿਰਨਾ) – ਜਦੋਂ ਦਾ ਉਸ ਵਿਧਵਾ ਦਾ ਇਕਲੌਤਾ ਪੁੱਤਰ ਮਰ ਗਿਆ ਹੈ, ਉਹ ਰੁਜ਼ਗਾਰ ਲਈ ਅੱਕੀਂ ਪਲਾਹੀ ਹੱਥ ਮਾਰਦੀ ਫਿਰਦੀ ਹੈ।

ਅੱਖਾਂ ਮੀਟ ਛੱਡਣੀਆਂ (ਦੇਖ ਕੇ ਅਣਡਿੱਠਾ ਕਰਨਾ) —ਜੇਕਰ ਤੁਸੀਂ ਆਪਣੇ ਬੱਚਿਆਂ ਦੀਆਂ ਗ਼ਲਤੀਆਂ ਵਲੋਂ ਇਸ ਤਰ੍ਹਾਂ ਅੱਖਾਂ ਮੀਟ ਛੱਡੋਗੇ, ਤਾਂ ਉਹ ਵਿਗੜ ਜਾਣਗੇ।

ਆਹੂ ਲਾਹੁਣੇ (ਬਹੁਤ ਕੱਟ-ਵੱਢ ਕਰਨੀ) – ਸਿੱਖ ਫ਼ੌਜਾਂ ਨੇ ਤਲਵਾਰਾਂ ਧੂਹ ਕੇ ਮੁਗ਼ਲਾਂ ਦੀਆਂ ਫ਼ੌਜਾਂ ਦੇ ਆਹੂ ਲਾਹ ਦਿੱਤੇ।

ਆਵਾ ਊਤ ਜਾਣਾ (ਸਾਰਾ ਟੱਬਰ ਹੀ ਭੈੜਾ ਨਿਕਲਣਾ)—ਉਸ ਦਾ ਵੱਡਾ ਪੁੱਤਰ ਚੋਰ ਹੈ, ਉਸ ਤੋਂ ਛੋਟਾ ਜੂਆ ਖੇਡਦਾ ਹੈ ਤੇ ਸਭ ਤੋਂ ਛੋਟਾ ਡਾਕੇ ਮਾਰਦਾ ਹੈ। ਉਸ ਦਾ ਤਾਂ ਆਵਾ ਹੀ ਊਤ ਗਿਆ ਹੈ।

ਅੱਖ ਲੱਗਣੀ (ਨੀਂਦ ਆ ਜਾਣੀ) – ਠੰਢੀ-ਠੰਢੀ ਹਵਾ ਚਲ ਰਹੀ ਸੀ ਤੇ ਮੰਜੇ ‘ਤੇ ਪੈਂਦਿਆਂ ਹੀ ਮੇਰੀ ਅੱਖ ਲੱਗ ਗਈ।

ਅੱਖ ਖੁੱਲ੍ਹਣੀ (ਜਾਗ ਆ ਜਾਣੀ) – ਮੈਨੂੰ ਨੀਂਦਰ ਆਈ ਹੀ ਸੀ ਕਿ ਕਣੀਆਂ ਪੈਣ ਨਾਲ ਮੇਰੀ ਅੱਖ ਖੁੱਲ੍ਹ ਗਈ।

ਅੱਖਾਂ ਖੁੱਲ੍ਹਣੀਆਂ (ਸਮਝ ਆ ਜਾਣੀ) – ਵਾਰ-ਵਾਰ ਫੇਲ੍ਹ ਹੋ ਕੇ ਹੁਣ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਸ਼ਾਇਦ ਐਤਕੀਂ ਮਿਹਨਤ ਕਰੇ।

ਅੱਖ ਬਚਾਉਣੀ (ਅਡੋਲ ਜਿਹੇ ਖਿਸਕ ਜਾਣਾ) – ਜਦੋਂ ਚੋਰ ਨੇ ਪੁਲਿਸ ਨੂੰ ਆਪਣੇ ਘਰ ਆਉਂਦਿਆਂ ਵੇਖਿਆ, ਤਾਂ ਉਹ ਅੱਖ ਬਚਾ ਕੇ ਕਿਸੇ ਪਾਸੇ ਖਿਸਕ ਗਿਆ। 

ਅੰਗ ਪਾਲਣਾ (ਸਾਥ ਦੇਣਾ) – ਇਸ ਬਿਪਤਾ ਦੇ ਸਮੇਂ ਸਾਨੂੰ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ।

ਅੱਖਾਂ ਚੁਰਾਣੀਆਂ (ਅੱਖ ਬਚਾ ਕੇ ਦੇਖਣਾ) – ਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸਾਂ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾਂ ਚੁਰਾ ਕੇ ਜ਼ਰੂਰ ਵੇਖ ਲੈਂਦਾ ਸੀ।

ਅੱਖਾਂ ਅੱਗੇ ਸਰ੍ਹੋਂ ਫੁੱਲਣੀ (ਘਬਰਾ ਜਾਣਾ)— ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੀਆਂ ਅੱਖਾਂ ਅੱਗੇ ਸਰ੍ਹੋਂ ਫੁੱਲਣ ਲੱਗੀ।

ਅੱਖਾਂ ਵਿੱਚ ਘੱਟਾ (ਧੂੜ) ਪਾਉਣਾ (ਧੋਖਾ ਦੇਣਾ) — ਠੱਗਾਂ ਨੇ ਉਸ ਦੀਆਂ ਅੱਖਾਂ ਵਿੱਚ ਘੱਟਾ (ਧੂੜ) ਪਾ ਕੇ ਉਸ ਤੋਂ 500 ਰੁਪਏ ਠੱਗ ਲਏ।

ਆਈ ਚਲਾਈ ਕਰਨੀ (ਜੋ ਕਮਾਉਣਾ, ਸੋ ਖ਼ਰਚ ਹੋ ਜਾਣਾ) – ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿੱਚ ਮਜ਼ਦੂਰ ਲੋਕ ਆਈ ਚਲਾਈ ਹੀ ਕਰਦੇ ਹਨ।

ਅੱਖਾਂ ‘ਤੇ ਬਿਠਾਉਣਾ (ਬਹੁਤ ਆਦਰ ਕਰਨਾ) —ਜਦੋਂ ਉਨ੍ਹਾਂ ਦਾ ਨਵਾਂ ਜਵਾਈ ਘਰ ਆਇਆ, ਤਾਂ ਉਨ੍ਹਾਂ ਨੇ ਉਸ ਨੂੰ ਅੱਖਾਂ ‘ਤੇ ਬਿਠਾ ਲਿਆ।

ਅੱਗ ਵਰ੍ਹਨੀ (ਬਹੁਤ ਗਰਮੀ ਪੈਣੀ) – ਜੂਨ ਦੇ ਮਹੀਨੇ ਜਦੋਂ ਸੂਰਜ ਸਿਖਰ ‘ਤੇ ਹੁੰਦਾ ਹੈ, ਤਾਂ ਤਿੱਖੀ ਧੁੱਪ ਕਾਰਨ ਅੱਗ ਵਰ੍ਹਨੀ ਸ਼ੁਰੂ ਹੋ ਜਾਂਦੀ ਹੈ ।

ਅੱਗ ਬਗੋਲਾ (ਭਬੂਕਾ ਹੋਣਾ) (ਬਹੁਤ ਗੁੱਸੇ ਵਿੱਚ ਆਉਣਾ) – ਜਦੋਂ ਸੁਰਜੀਤ ਨੇ ਅਜੀਤ ਨੂੰ ਗਾਲਾਂ ਕੱਢੀਆਂ, ਤਾਂ ਉਹ ਅੱਗ ਬਗੋਲਾ (ਭਬੂਕਾ) ਹੋਇਆ ਡਾਂਗ ਕੱਢ ਕੇ ਉਸ ਦਾ ਸਿਰ ਪਾੜਨ ਲਈ ਤਿਆਰ ਹੋ ਗਿਆ।

ਅੱਗਾ ਮਾਰਿਆ ਜਾਣਾ (ਬੇਔਲਾਦ ਹੋ ਜਾਣਾ) — ਉਸ ਬੁੱਢੀ ਦਾ ਇਕਲੌਤਾ ਪੁੱਤਰ ਮਰ ਜਾਣ ਨਾਲ ਉਸ ਦਾ ਅੱਗਾ ਮਾਰਿਆ ਗਿਆ ਹੈ।

ਅੱਖਾਂ ਦਿਖਾਉਣਾ (ਡਰਾਉਣਾ) – ਪਾਕਿਸਤਾਨ ਤੇ ਚੀਨ ਭਾਰਤ ਨੂੰ ਹਰ ਸਮੇਂ ਅੱਖਾਂ ਦਿਖਾਉਂਦੇ ਰਹਿੰਦੇ ਹਨ।

ਅੱਖ ਵਿੱਚ ਪਾਇਆ ਨਾ ਰੜਕਣਾ (ਬਹੁਤ ਸ਼ਾਂਤ ਸੁਭਾ ਦਾ ਹੋਣਾ) — ਜਦੋਂ ਦੀ ਮੈਂ ਉਸ ਆਕੜ ਖਾਂ ਦੀ ਖੁੰਬ ਠੱਪੀ ਹੈ,
ਉਦੋਂ ਦਾ ਉਹ ਅੱਖ ਵਿੱਚ ਪਾਇਆ ਨਹੀਂ ਰੜਕਦਾ।

ਅੰਨ੍ਹੀ ਪੈ ਜਾਣਾ (ਅਨਰਥ ਹੋਣਾ) — ਅੱਜ-ਕਲ੍ਹ ਦੇਸ਼ ਵਿੱਚ ਅੰਨ੍ਹੀ ਪਈ ਹੋਈ ਹੈ। ਹਰ ਪਾਸੇ ਭ੍ਰਿਸ਼ਟਾਚਾਰ ਤੇ ਲੁੱਟ-ਖੋਹ ਪ੍ਰਧਾਨ ਹੈ।

ਆਟੇ ਵਿੱਚ ਲੂਣ ਹੋਣਾ (ਬਹੁਤ ਘੱਟ ਗਿਣਤੀ ਹੋਣਾ) – ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ।

ਅੰਤ ਪਾਉਣਾ (ਭੇਤ ਪਾ ਲੈਣਾ) – ਰੱਬ ਦੀ ਲੀਲ੍ਹਾ ਦਾ ਕੋਈ ਅੰਤ ਨਹੀਂ ਪਾ ਸਕਦਾ।

ਅੱਜ-ਕਲ੍ਹ ਕਰਨਾ (ਟਾਲ ਮਟੋਲ ਕਰਨਾ) — ਉਹ ਮੈਥੋਂ ਉਧਾਰ ਲਏ ਪੈਸੇ ਵਾਪਸ ਨਹੀਂ ਕਰ ਰਿਹਾ, ਜਦੋਂ ਮੈਂ ਮੰਗਦਾ ਹਾਂ, ਅੱਜ-ਕਲ੍ਹ ਕਰ ਛੱਡਦਾ ਹੈ।

ਅੱਖਾਂ ਫਿਰਨੀਆਂ (ਹੰਕਾਰੇ ਜਾਣਾ) – ਜਦ ਦਾ ਉਹ ਅਮੀਰ ਹੋਇਆ ਹੈ, ਉਸ ਦੀਆਂ ਅੱਖਾਂ ਹੀ ਫਿਰ ਗਈਆਂ ਹਨ।

ਅਲਫ਼ੋਂ ਬੇ ਨਾ ਕਹਿਣੀ (ਕੁੱਝ ਵੀ ਨਾ ਕਹਿਣਾ) – ਮੈਂ ਭਾਵੇਂ ਜੋ ਕੁੱਝ ਮਰਜ਼ੀ ਕਰਾਂ, ਮੇਰੇ ਪਿਤਾ ਜੀ ਨੇ ਮੈਨੂੰ ਕਦੇ ਅਲਫੋਂ ਬੇ ਨਹੀਂ ਕਹੀ।

ਅਸਮਾਨ ਦੇ ਤਾਰੇ ਤੋੜਨਾ (ਫੜ੍ਹਾਂ ਮਾਰਨੀਆਂ) — ਉਹ ਕਰਨ ਜੋਗਾ ਕੁੱਝ ਨਹੀਂ, ਪਰ ਗੱਲਾਂ ਨਾਲ ਅਸਮਾਨ ਦੇ ਤਾਰੇ ਤੋੜਦਾ ਹੈ।

ਆਸਾਂ ਉੱਤੇ ਪਾਣੀ ਫਿਰ ਜਾਣਾ (ਨਿਰਾਸ਼ ਹੋ ਜਾਣਾ) – ਬੁੱਢੀ ਨੂੰ ਆਪਣੇ ਇਕਲੋਤੇ ਪੁੱਤਰ ਉੱਤੇ ਬਹੁਤ ਉਮੀਦਾਂ ਸਨ, ਪਰ ਉਸ ਦੇ ਭੈੜੀ ਸੰਗਤ ਵਿੱਚ ਪੈਣ ਨਾਲ ਉਸ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ।

ਆਂਦਰਾਂ ਠਾਰਨਾ (ਖ਼ੁਸ਼ੀ ਤੇ ਸ਼ਾਂਤੀ ਮਿਲਣੀ) – ਮਿਹਨਤੀ ਬੱਚੇ ਜ਼ਿੰਦਗੀ ਵਿੱਚ ਤਰੱਕੀ ਕਰ ਕੇ ਆਪਣੇ ਮਾਪਿਆਂ ਦੀਆਂ ਆਂਦਰਾਂ ਠਾਰਦੇ ਹਨ।

ਆਪਣਾ ਉੱਲੂ ਸਿੱਧਾ ਕਰਨਾ (ਆਪਣਾ ਮਤਲਬ ਪੂਰਾ ਕਰਨਾ) – ਕਈ ਰਾਜਸੀ ਲੀਡਰ ਕੇਵਲ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਨੂੰ ਲੋਕ-ਭਲਾਈ ਵਿੱਚ ਬਿਲਕੁਲ ਦਿਲਚਸਪੀ ਨਹੀਂ ਹੁੰਦੀ।

ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨਾ (ਆਪਣੇ ਨੁਕਸ ਦੇਖਣੇ) — ਤੁਹਾਨੂੰ ਕਿਸੇ ਦੇ ਨੁਕਸ ਛਾਂਟਣ ਤੋਂ ਪਹਿਲਾਂ ਆਪਣੀ ਪੀੜ੍ਹੀਹੇਠਾਂ ਸੋਟਾ ਫੇਰਨਾ ਚਾਹੀਦਾ ਹੈ।

ਆਪਣੀ ਢਾਈ ਪਾ ਖਿੱਚੜੀ ਵੱਖਰੀ ਪਕਾਉਣੀ (ਨਾਲ ਦਿਆਂ ਤੋਂ ਵੱਖਰੇ ਹੋ ਕੇ ਆਪਣੀ ਮਰਜ਼ੀ ਦਾ ਕੰਮ ਕਰਨਾ)—ਤੈਨੂੰ ਸਾਰੇ ਭਰਾਵਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਆਪਣੀ ਢਾਈ ਪਾ ਖਿੱਚੜੀ ਵੱਖਰੀ ਨਹੀਂ ਪਕਾਉਣੀ ਚਾਹੀਦੀ।