20-25 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਮਾੜਾ ਬੰਦਾ’ ਕਹਾਣੀ ਦੇ ਲੇਖਕ ਪ੍ਰੇਮ ਪ੍ਰਕਾਸ਼ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਪ੍ਰੇਮ ਪ੍ਰਕਾਸ਼ ਪੰਜਾਬੀ ਦਾ ਇੱਕ ਚਰਚਿਤ ਕਹਾਣੀਕਾਰ ਹੈ। ਉਸ ਦਾ ਜਨਮ 1932 ਈ. ਵਿੱਚ ਖੰਨਾ ਵਿਖੇ ਹੋਇਆ। ਉਹ ਮੱਧ ਵਰਗ ਦੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਪ੍ਰਗਟਾਉਣ ਵਾਲਾ ਕਹਾਣੀਕਾਰ ਹੈ। ਕਚਕੜੇ, ਨਮਾਜ਼ੀ, ਸਵੇਤਾਂਬਰ ਨੇ ਕਿਹਾ ਸੀ ਅਤੇ ਕੁਝ ਅਣਕਿਹਾ ਵੀ (ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਸੰਗ੍ਰਹਿ) ਉਸ ਦੇ ਕਹਾਣੀ-ਸੰਗ੍ਰਹਿ ਹਨ।

ਪ੍ਰਸ਼ਨ 2. ‘ਮਾੜਾ ਬੰਦਾ’ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ?

ਉੱਤਰ : ‘ਮਾੜਾ ਬੰਦਾ’ ਕਹਾਣੀ ਵਿੱਚ ਰਿਕਸ਼ੇ ਵਾਲ਼ਾ ਹੀ ਮਾੜਾ ਬੰਦਾ ਹੈ। ਉਹ ਲੇਖਕ ਦੀ ਪਤਨੀ ਤੋਂ ਤੈ ਕੀਤੇ ਦੋ ਰੁਪਏ ਫੜ ਕੇ ਵਗਾਹ ਮਾਰਦਾ ਹੈ ਅਤੇ ਤਿੰਨ ਰੁਪਏ ਦੀ ਮੰਗ ਕਰਦਾ ਹੈ। ਜਦ ਗੁੱਸੇ ਵਿੱਚ ਆਇਆ ਲੇਖਕ ਉਸ ਨੂੰ ਮਾਰਨ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਸ ਨਾਲ ਅਜਿਹਾ ਵਰਤਾਅ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਗ਼ਰੀਬ ਤੇ ਮਾੜਾ ਬੰਦਾ ਹੈ।

ਪ੍ਰਸ਼ਨ 3. ਲੇਖਕ ਦੀ ਪਤਨੀ ਬੇਚੈਨ ਕਿਉਂ ਹੋ ਰਹੀ ਸੀ?

ਉੱਤਰ : ਲੇਖਕ ਦੀ ਪਤਨੀ ਨੇ ਇੱਕ ਰਿਕਸ਼ੇ ਵਾਲ਼ੇ ਨਾਲ ਸਬਜ਼ੀ ਮੰਡੀ ਤੋਂ ਘਰ ਤੱਕ ਦੋ ਰੁਪਏ ਦੇਣੇ ਕੀਤੇ ਸਨ। ਪਰ ਘਰ ਆ ਕੇ ਉਹ ਤਿੰਨ ਰੁਪਏ ਮੰਗਣ ਲੱਗਾ। ਉਸ ਨੇ ਲੇਖਕ ਦੇ ਸਾਮ੍ਹਣੇ ਉਸ ਦੀ ਪਤਨੀ ਦੇ ਦਿੱਤੇ ਦੋ ਰੁਪਏ ਵਗਾਹ ਮਾਰੇ। ਗੁੱਸੇ ਵਿੱਚ ਆਇਆ ਲੇਖਕ ਜਦ ਉਸ ਨੂੰ ਮਾਰਨ ਲੱਗਾ ਤਾਂ ਉਹ ਰਿਕਸ਼ੇ ਸਮੇਤ ਨਾਲ ਦੇ ਚੌਕ ਵਿੱਚ ਜਾ ਖੜ੍ਹਾ ਹੋਇਆ। ਇਸ ਕਾਰਨ ਲੇਖਕ ਦੀ ਪਤਨੀ ਬੇਚੈਨ ਹੋ ਰਹੀ ਸੀ।

ਪ੍ਰਸ਼ਨ 4. ਲੇਖਕ ਕਿਸ ਨੂੰ ਕਿਸ ਬਾਰੇ ਚਿੱਠੀ ਲਿਖਣ ਦੀ ਕੋਸ਼ਸ਼ ਕਰ ਰਿਹਾ ਸੀ?

ਉੱਤਰ : ਲੇਖਕ ਨੇ ਜੰਗਲਾਤ ਮਹਿਕਮੇ ਦੇ ਅਫ਼ਸਰ ਆਪਣੀ ਭੂਆ ਦੇ ਪੁੱਤਰ ਨੂੰ ਚਿੱਠੀ ਲਿਖਣੀ ਸੀ ਜੋ ਕਈ ਦਿਨਾਂ ਤੋਂ ਅਧੂਰੀ ਪਈ ਸੀ। ਇਸ ਚਿੱਠੀ ਵਿੱਚ ਲੇਖਕ ਨੇ ਉਸ ਨੂੰ ਫ਼ਰਨੀਚਰ ਬਣਵਾ ਕੇ ਭੇਜਣ ਲਈ ਲਿਖਣਾ ਸੀ।

ਪ੍ਰਸ਼ਨ 5. ਜਦ ਲੇਖਕ ਰਿਕਸ਼ੇ ਵਾਲੇ ਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਉਸ ਦਾ (ਰਿਕਸ਼ੇ ਵਾਲ਼ੇ ਦਾ) ਕੀ ਪ੍ਰਤਿਕਰਮ ਸੀ?

ਉੱਤਰ : ਜਦ ਰਿਕਸ਼ੇ ਵਾਲ਼ੇ ਨੇ ਲੇਖਕ ਦੀ ਪਤਨੀ ਦੇ ਦਿੱਤੇ ਦੋ ਰੁਪਏ ਵਗਾਹ ਮਾਰੇ ਤਾਂ ਲੇਖਕ ਉਸ ਨੂੰ ਕਮੀਨਾ ਕਹਿ ਕੇ ਮਾਰਨ ਲੱਗਾ। ਰਿਕਸ਼ੇ ਵਾਲਾ ਕਹਿਣ ਲੱਗਾ ਕਿ ਉਸ ਨਾਲ ਇਹ ਵਰਤਾਅ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਗ਼ਰੀਬ ਤੇ ਮਾੜਾ ਬੰਦਾ ਹੈ। ਇਹ ਕਹਿੰਦਾ ਉਹ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਦੇਖਦਾ ਰਿਕਸ਼ੇ ਸਮੇਤ ਤੁਰ ਪਿਆ ਅਤੇ ਨਾਲ ਦੇ ਚੌਕ ਵਿੱਚ ਜਾ ਖੜ੍ਹਾ ਹੋਇਆ।

ਪ੍ਰਸ਼ਨ 6. ਲੇਖਕ ਦੀ ਪਤਨੀ ਰਿਕਸ਼ੇ ਵਾਲੇ ਦੀ ਵਕਾਲਤ ਕਿਵੇਂ ਕਰਦੀ ਹੈ?

ਉੱਤਰ : ਲੇਖਕ ਦੀ ਪਤਨੀ ਲੇਖਕ ਨੂੰ ਰਿਕਸ਼ੇ ਵਾਲੇ ਨੂੰ ਤਿੰਨ ਰੁਪਏ ਦੇਣ ਲਈ ਮਨਾਉਣ ਦਾ ਯਤਨ ਕਰਦੀ ਸੀ। ਉਹ ਰਿਕਸ਼ੇ ਵਾਲ਼ੇ ਨੂੰ ਗ਼ਰੀਬ ਦੱਸਦੀ ਹੈ ਤੇ ਕਹਿੰਦੀ ਹੈ ਕਿ ਪੈਸੇ ਡਿਗ ਵੀ ਤਾਂ ਪੈਂਦੇ ਹਨ। ਫਿਰ ਬੱਚੇ ਵੀ ਤਾਂ ਰੋਜ਼ ਰੁਪਈਆ ਦੋ ਰੁਪਏ ਖ਼ਰਚ ਦਿੰਦੇ ਹਨ। ਉਂਞ ਵੀ ਤਾਂ ਉਹ ਕਿੰਨੇ ਪੈਸੇ ਰੋੜ੍ਹ ਛੱਡਦੇ ਹਨ। ਇਸ ਤਰ੍ਹਾਂ ਉਹ ਰਿਕਸ਼ੇ ਵਾਲ਼ੇ ਦੀ ਵਕਾਲਤ ਕਰ ਰਹੀ ਸੀ।

ਪ੍ਰਸ਼ਨ 7. ਲੇਖਕ ਨੂੰ ਰਿਕਸ਼ੇ ਵਾਲੇ ਦੀ ਵਕਾਲਤ ਕਰਦੀ ਆਪਣੀ ਪਤਨੀ ਦੀ ਗੱਲ ਕਿਵੇਂ ਠੀਕ ਲੱਗਦੀ ਹੈ?

ਉੱਤਰ : ਲੇਖਕ ਦੀ ਪਤਨੀ ਰਿਕਸ਼ੇ ਵਾਲ਼ੇ ਨੂੰ ਤਿੰਨ ਰੁਪਏ ਦੇ ਦੇਣ ਦੀ ਵਕਾਲਤ ਕਰਦੀ ਕਹਿੰਦੀ ਹੈ ਕਿ ਉਹ ਉਂਞ ਵੀ ਤਾਂ ਕਿੰਨੇ ਹੀ ਪੈਸੇ ਰੋੜ੍ਹ ਛੱਡਦੇ ਹਨ। ਲੇਖਕ ਨੂੰ ਆਪਣੀ ਪਤਨੀ ਦੀ ਇਹ ਗੱਲ ਠੀਕ ਲੱਗਦੀ ਹੈ ਕਿਉਂਕਿ ਉਹ ਵੀ ਤਾਂ ਰੋਜ਼ ਢਾਈ-ਤਿੰਨ ਰੁਪਏ ਦੀਆਂ ਸਿਗਰਟਾਂ ਪੀ ਜਾਂਦਾ ਸੀ ਤੇ ਫਿਰ ਮਹੀਨੇ ਵਿੱਚ ਦੋ-ਤਿੰਨ ਵਾਰ ਸਿਨਮਾ ਵੀ ਦੇਖਦਾ ਸੀ।

ਪ੍ਰਸ਼ਨ 8. ਲੇਖਕ ਰਿਕਸ਼ੇ ਵਾਲੇ ਕਾਰਨ ਹੋ ਰਹੀ ਚਿੰਤਾ ਨੂੰ ਕਿਸ-ਕਿਸ ਤੋਂ ਲੁਕਾਉਣਾ ਚਾਹੁੰਦਾ ਸੀ?

ਉੱਤਰ : ਬਿਨਾਂ ਪੈਸੇ ਲਏ ਚੌਕ ਵਿੱਚ ਜਾ ਖੜ੍ਹੇ ਹੋਏ ਰਿਕਸ਼ੇ ਵਾਲੇ ਤੋਂ ਲੇਖਕ ਨੂੰ ਜਿਹੜੀ ਚਿੰਤਾ ਹੋ ਰਹੀ ਸੀ ਉਹ ਇਸ ਨੂੰ ਆਪਣੇ ਮੁੰਡੇ ਤੋਂ ਲੁਕਾਉਣਾ ਚਾਹੁੰਦਾ ਸੀ। ਉਹ ਆਪਣੀ ਪਤਨੀ ਨੂੰ ਵੀ ਇਸੇ ਤਰ੍ਹਾਂ ਜ਼ਾਹਰ ਕਰ ਰਿਹਾ ਸੀ ਤੇ ਉਸ ਨੂੰ ਸਮਝਾ ਰਿਹਾ ਸੀ ਕਿ ਉਹ ਰਿਕਸ਼ੇ ਵਾਲ਼ੇ ਵੱਲ ਧਿਆਨ ਹੀ ਨਾ ਦੇਵੇ।

ਪ੍ਰਸ਼ਨ 9. ਲੇਖਕ ਨੂੰ ਆਪਣੀ ਪਤਨੀ ਦੀ ਕਿਸ ਆਦਤ ‘ਤੇ ਖਿਝ ਆਈ?

ਉੱਤਰ : ਲੇਖਕ ਨੂੰ ਆਪਣੀ ਪਤਨੀ ਦੀ ਇਸ ਆਦਤ ‘ਤੇ ਖਿਝ ਆਈ ਕਿ ਜਦ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਉਸ ਤੋਂ ਖ਼ਲਾਸੀ ਪ੍ਰਾਪਤ ਕਰ ਲਈ ਜਾਵੇ ਅਤੇ ਅੱਡੇ ‘ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ— ਪੰਝੀ ਪੈਸੇ ਦਾ ਪਾਨ ਖਾ ਕੇ ਥੁੱਕ ਦੇਂਦੇ ਹੋ, ਇਸ ਗ਼ਰੀਬ ਦੀ ਤਲੀ ‘ਤੇ ਥੁੱਕ ਦਿਓ।

ਪ੍ਰਸ਼ਨ 10. ਲੇਖਕ ਪੁਲਿਸ ਨੂੰ ਫ਼ੋਨ ਕਰ ਕੇ ਰਿਕਸ਼ੇ ਵਾਲੇ ਬਾਰੇ ਕੀ ਕਹਿਣ ਬਾਰੇ ਆਖਦਾ ਹੈ?

ਉੱਤਰ : ਲੇਖਕ ਪੁਲਿਸ ਨੂੰ ਫ਼ੋਨ ਕਰ ਕੇ ਰਿਕਸ਼ੇ ਵਾਲੇ ਬਾਰੇ ਇਹ ਕਹਿਣ ਬਾਰੇ ਆਖਦਾ ਹੈ ਕਿ ਰਿਕਸ਼ੇ ਵਾਲ਼ਾ ਇਹ ਬਦਮਾਸ਼ ਉਸ ਨੂੰ ਧਮਕੀਆਂ ਦਿੰਦਾ ਹੈ ਅਤੇ ਉਸ ਦੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਹੈ।

ਪ੍ਰਸ਼ਨ 11. ‘ਮਾੜਾ ਬੰਦਾ’ ਕਹਾਣੀ ਰਾਹੀਂ ਲੇਖਕ ਕੀ ਸਿੱਖਿਆ ਦੇਣੀ ਚਾਹੁੰਦਾ ਹੈ?

ਉੱਤਰ : ‘ਮਾੜਾ ਬੰਦਾ’ ਕਹਾਣੀ ਰਾਹੀਂ ਲੇਖਕ ਇਹ ਸਿੱਖਿਆ ਦੇਣੀ ਚਾਹੁੰਦਾ ਹੈ ਕਿ ਸਾਨੂੰ ਆਪਣੀ ਗੱਲ ਆਕੜ ਤੇ ਦਬਾਅ ਨਾਲ ਨਹੀਂ ਸਗੋਂ ਪਿਆਰ ਤੇ ਤਰਕ ਨਾਲ ਮਨਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਇਕਦਮ ਗੁੱਸੇ ਵਿੱਚ ਆ ਕੇ ਕੋਈ ਵੀ ਕਦਮ ਨਹੀਂ ਪੁੱਟਣਾ ਚਾਹੀਦਾ ਸਗੋਂ ਠਰੂੰਮੇ ਤੋਂ ਕੰਮ ਲੈਣਾ ਚਾਹੀਦਾ ਹੈ । ਦੂਸਰੇ ਦੀ ਮੁਸ਼ਕਲ ਤੇ ਇੱਜ਼ਤ-ਮਾਣ ਨੂੰ ਸਮਝਣਾ ਵੀ ਜ਼ਰੂਰੀ ਹੈ।

ਪ੍ਰਸ਼ਨ 12. ਤੁਹਾਡੀ ਸਮਝ ਅਨੁਸਾਰ ਰਿਕਸ਼ੇ ਵਾਲੇ ਨੂੰ ਤਿੰਨ ਰੁਪਏ ਲੈਣ ਲਈ ਕੀ ਕਰਨਾ ਚਾਹੀਦਾ ਸੀ?

ਉੱਤਰ : ਰਿਕਸ਼ੇ ਵਾਲੇ ਨੂੰ ਲੇਖਕ ਦੀ ਪਤਨੀ ਦੇ ਦਿੱਤੇ ਦੋ ਰੁਪਏ ਵਗਾਹ ਕੇ ਨਹੀਂ ਸਨ ਮਾਰਨੇ ਚਾਹੀਦੇ। ਉਸ ਨੂੰ ਇੱਕ ਰੁਪਈਆ ਹੋਰ ਲੈਣ ਲਈ ਪਿਆਰ ਤੇ ਤਰਕ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਨੂੰ ਕਹਿਣਾ ਚਾਹੀਦਾ ਸੀ ਕਿ ਉਹਨਾਂ ਦਾ ਘਰ ਉਸ ਦੇ ਸੋਚਣ ਤੋਂ ਵੱਧ ਦੂਰ ਨਿਕਲਿਆ ਤੇ ਫਿਰ ਸੜਕ ਵੀ ਟੁੱਟੀ ਹੋਈ ਸੀ।

ਪ੍ਰਸ਼ਨ 13. ‘ਮਾੜਾ ਬੰਦਾ’ ਕਹਾਣੀ ਦੇ ਸਿਰਲੇਖ ਬਾਰੇ ਚਰਚਾ ਕਰੋ।

ਉੱਤਰ : ‘ਮਾੜਾ  ਕਹਾਣੀ ਦਾ ਇਹ ਸਿਰਲੇਖ ਰਿਕਸ਼ੇ ਵਾਲੇ ਦੇ ਚਰਿੱਤਰ ‘ਤੇ ਆਧਾਰਿਤ ਹੈ। ਉਹ ਸਬਜ਼ੀ ਮੰਡੀ ਤੋਂ ਘਰ ਤੱਕ ਦੇ ਦੋ ਰੁਪਏ ਤੈ ਕਰ ਕੇ ਤਿੰਨ ਰੁਪਏ ਮੰਗਦਾ ਹੈ ਅਤੇ ਦੋ ਰੁਪਏ ਵਗਾਹ ਮਾਰਦਾ ਹੈ। ਇਸੇ ਲਈ ਉਹ ਮਾੜਾ ਬੰਦਾ ਹੈ। ਉਹ ਆਪਣੇ-ਆਪ ਨੂੰ ਗ਼ਰੀਬ ਤੇ ਮਾੜਾ ਬੰਦਾ ਕਹਿੰਦਾ ਹੈ। ਕਹਾਣੀ ਵਿੱਚ ਉਸ ਦੇ ਚਰਿੱਤਰ ਨੂੰ ਹੀ ਪ੍ਰਗਟਾਇਆ ਗਿਆ ਹੈ। ਇਸ ਦ੍ਰਿਸ਼ਟੀ ਤੋਂ ਕਹਾਣੀ ਦਾ ਇਹ ਸਿਰਲੇਖ ਢੁਕਵਾਂ ਅਤੇ ਸਫਲ ਕਿਹਾ ਜਾ ਸਕਦਾ ਹੈ।


ਕਹਾਣੀ ਦਾ ਸਾਰ : ਮਾੜਾ ਬੰਦਾ