ਦੁੱਲਾ ਭੱਟੀ :ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ/ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਅਕਬਰ ਬਾਦਸ਼ਾਹ ਨੇ ਦੁੱਲੇ ਭੱਟੀ ਦੇ ਪਿਓ-ਦਾਦੇ ਦੀਆਂ ਖੱਲਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ‘ਤੇ ਕਿਉਂ ਟੰਗਵਾਇਆ ਸੀ?
ਉੱਤਰ : ਅਕਬਰ ਬਾਦਸ਼ਾਹ ਨੇ ਦੁੱਲੇ ਭੱਟੀ ਦੇ ਪਿਓ-ਦਾਦੇ ਦੀਆਂ ਖੱਲਾਂ ਵਿੱਚ ਤੂੜੀ ਭਰਵਾ ਕੇ ਇਹਨਾਂ ਨੂੰ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ੇ ‘ਤੇ ਟੰਗਵਾ ਦਿੱਤਾ ਸੀ। ਉਸ ਨੇ ਅਜਿਹਾ ਆਮ ਲੋਕਾਂ ਵਿੱਚ ਦਹਿਸ਼ਤ ਅਤੇ ਰਾਜ-ਸ਼ਕਤੀ ਦਾ ਡਰ ਪੈਦਾ ਕਰਨ ਲਈ ਕੀਤਾ ਸੀ।
ਪ੍ਰਸ਼ਨ 2. ਦੁੱਲੇ ਭੱਟੀ ਨੂੰ ਉਸ ਦੀ ਮਾਂ ਨੇ ਉਸ ਦੇ ਪਿਓ-ਦਾਦੇ ਨਾਲ ਵਾਪਰੀ ਘਟਨਾ ਬਾਰੇ ਕਿਵੇਂ ਦੱਸਿਆ ਸੀ?
ਉੱਤਰ : ਜਦੋਂ ਦੁੱਲੇ ਭੱਟੀ ਨੇ ਹੋਸ਼ ਸੰਭਾਲੀ ਸੀ ਤਾਂ ਉਸ ਦੀ ਮਾਂ ਨੇ ਉਸ ਦੇ ਪਿਓ-ਦਾਦੇ ਨਾਲ ਵਾਪਰੀ ਘਟਨਾ ਬਾਰੇ ਇੰਞ ਦੱਸਿਆ ਸੀ:
ਤੇਰਾ ਸਾਂਦਲ ਦਾਦਾ ਮਾਰਿਆ, ਦਿੱਤਾ ਭੋਰੇ ‘ਚ ਪਾ।
ਮੁਗ਼ਲਾਂ ਪੁੱਠੀਆਂ ਖੱਲਾਂ ਲਾਹ ਕੇ, ਭਰੀਆਂ ਨਾਲ ਹਵਾ।
ਪ੍ਰਸ਼ਨ 3. ਦੁੱਲੇ ਭੱਟੀ ਦੇ ਮਨ ‘ਚ ਮੁਗ਼ਲਾਂ ਦੇ ਖਿਲਾਫ਼ ਰੋਹ ਕਿਉਂ ਪੈਦਾ ਹੋਇਆ ਸੀ?
ਉੱਤਰ : ਜਦੋਂ ਦੁੱਲੇ ਭੱਟੀ ਨੂੰ ਉਸ ਦੀ ਮਾਂ ਨੇ ਦੱਸਿਆ ਕਿ ਕਿਵੇਂ ਉਸ ਦੇ ਅਣਖੀ ਪਿਓ-ਦਾਦਿਆਂ ਨੂੰ ਮੁਗ਼ਲਾਂ ਨੇ ਕਤਲ ਕਰਨ ਉਪਰੰਤ ਉਹਨਾਂ ਦੀਆਂ ਖੱਲਾਂ ‘ਚ ਤੂੜੀ ਭਰਵਾ ਕੇ ਉਹਨਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ‘ਤੇ ਟੰਗਵਾ ਦਿੱਤਾ ਸੀ ਤਾਂ ਉਸ ਦੇ ਮਨ ਵਿੱਚ ਮੁਗ਼ਲ ਸਲਤਨਤ ਵਿਰੁੱਧ ਰੋਹ ਪੈਦਾ ਹੋਣ ਲੱਗਾ ਸੀ।
ਪ੍ਰਸ਼ਨ 4. ਸ਼ਹਿਜ਼ਾਦਾ ਸ਼ੇਖੂ ਕੌਣ ਸੀ?
ਉੱਤਰ : ਲੋਕ ਆਖਦੇ ਹਨ ਕਿ ਜਿਹੜੇ ਦਿਨਾਂ ‘ਚ ਦੁੱਲੇ ਦਾ ਜਨਮ ਹੋਇਆ ਸੀ ਉਹਨਾਂ ਦਿਨਾਂ ਵਿੱਚ ਹੀ ਅਕਬਰ ਬਾਦਸ਼ਾਹ ਦੀ ਇੱਕ ਰਾਜਪੂਤ ਰਾਣੀ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਉਸ ਦਾ ਨਾਂ ਸਲੀਮ ਰੱਖਿਆ ਗਿਆ ਸੀ। ਇਹੋ ਸਲੀਮ ਹੀ ਮਗਰੋਂ ਸ਼ਹਿਜ਼ਾਦਾ ਸ਼ੇਖੂ ਵਜੋਂ ਵੀ ਜਾਣਿਆ ਗਿਆ।
ਪ੍ਰਸ਼ਨ 5. ਦੁੱਲਾ ਮੁਗਲਾਂ ਦੇ ਬਾਦਸ਼ਾਹੀ ਜਲੌ ਤੋਂ ਕਿਵੇਂ ਜਾਣੂ ਹੋਇਆ ਸੀ?
ਉੱਤਰ : ਦੁੱਲਾ ਭੱਟੀ ਤੇ ਅਕਬਰ ਬਾਦਸ਼ਾਹ ਦਾ ਪੁੱਤਰ ਸਲੀਮ ਬਾਦਸ਼ਾਹ ਦੇ ਮਹਿਲਾਂ ਵਿੱਚ ਇੱਕੋ ਮਾਂ ਦਾ ਦੁੱਧ ਚੁੰਘ ਕੇ ਪਲੇ ਸਨ ਕਿਉਂਕਿ ਦੁੱਲੇ ਦੀ ਮਾਂ ਨੂੰ ਬਾਦਸ਼ਾਹ ਨੇ ਚੁੰਘਾਵੀ ਵਜੋਂ ਮਹਿਲਾਂ ‘ਚ ਰੱਖਿਆ ਸੀ। ਮਹਿਲਾਂ ਵਿੱਚ ਦੁੱਲਾ ਤੇ ਸਲੀਮ ਇਕੱਠੇ ਖੇਡਦੇ ਸਨ। ਇਸੇ ਸਦਕਾ ਹੀ ਦੁੱਲਾ ਮੁਗ਼ਲਾਂ ਦੇ ਬਾਦਸ਼ਾਹੀ ਜਲੌ ਤੋਂ ਵੀ ਜਾਣੂ ਹੋ ਗਿਆ ਸੀ।
ਪ੍ਰਸ਼ਨ 6. ਸ਼ਹਿਜ਼ਾਦਾ ਸਲੀਮ ਬਾਗੀ ਕਿਉਂ ਹੋ ਗਿਆ ਸੀ?
ਉੱਤਰ : ਸ਼ਹਿਜ਼ਾਦਾ ਸਲੀਮ ਅਕਬਰ ਬਾਦਸ਼ਾਹ ਦਾ ਪੁੱਤਰ ਸੀ। ਜਦੋਂ ਉਹ ਜਵਾਨ ਹੋਇਆ ਤਾਂ ਕਿਸੇ ਕਾਰਨ ਉਸ ਦੀ ਆਪਣੇ ਪਿਤਾ ਨਾਲ਼ ਅਣਬਣ ਹੋ ਗਈ। ਇਸੇ ਕਾਰਨ ਹੀ ਉਹ ਪਿਤਾ ਭਾਵ ਮੁਗ਼ਲ ਸ਼ਾਸਨ ਤੋਂ ਬਾਗੀ ਹੋ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਦੁੱਲੇ ਨੂੰ ਸਾਂਦਲ ਬਾਰ ਦੇ ਇਲਾਕੇ ਵਿੱਚ ਅਕਬਰ ਵਿਰੁੱਧ ਗੜਬੜ ਫੈਲਾਉਣ ਲਈ ਉਕਸਾਇਆ ਸੀ।
ਪ੍ਰਸ਼ਨ 7. ਦੁੱਲੇ ਨੂੰ ਅਕਬਰ ਦੇ ਵਿਰੁੱਧ ਗੜਬੜ ਫੈਲਾਉਣ ਲਈ ਕਿਸ ਨੇ ਤੇ ਕਿਉਂ ਉਕਸਾਇਆ ਸੀ?
ਉੱਤਰ : ਅਕਬਰ ਬਾਦਸ਼ਾਹ ਦਾ ਪੁੱਤਰ ਸਲੀਮ ਪਿਤਾ ਤੋਂ ਕਿਸੇ ਕਾਰਨ ਬਾਗ਼ੀ ਹੋ ਗਿਆ ਸੀ। ਉਹ ਦੁੱਲੇ ਦਾ ਬਚਪਨ ਦਾ ਮਿੱਤਰ ਤੇ ਸਾਥੀ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਦੁੱਲੇ ਭੱਟੀ ਨੂੰ ਸਾਂਦਲ ਬਾਰ ਦੇ ਇਲਾਕੇ ਵਿੱਚ ਅਕਬਰ ਦੇ ਵਿਰੁੱਧ ਗੜਬੜ ਫੈਲਾਉਣ ਲਈ ਉਕਸਾਇਆ ਸੀ।
ਪ੍ਰਸ਼ਨ 8. ਦੁੱਲੇ ਭੱਟੀ ਨੇ ਕਿਸ ਦਾ ਸਿਰ ਵੱਢ ਕੇ ਬਾਦਸ਼ਾਹ ਅਕਬਰ ਨੂੰ ਭੇਜਿਆ ਸੀ?
ਉੱਤਰ : ਦੁੱਲਾ ਭੱਟੀ ਬਾਦਸ਼ਾਹ ਅਕਬਰ ਤੋਂ ਬਾਗ਼ੀ ਹੋ ਗਿਆ ਸੀ। ਇੱਕ ਵਾਰ ਉਸ ਨੇ ਬਾਦਸ਼ਾਹ ਲਈ ਤੋਹਫ਼ੇ ਲੈ ਕੇ ਜਾ ਰਹੇ ਵਪਾਰੀ ਕੋਲੋਂ ਸਾਰੇ ਤੋਹਫ਼ੇ ਖੋਹ ਲਏ ਸਨ ਤੇ ਉਸੇ ਵਪਾਰੀ ਦਾ ਸਿਰ ਵੱਢ ਕੇ ਬਾਦਸ਼ਾਹ ਅਕਬਰ ਨੂੰ ਭੇਜ ਦਿੱਤਾ ਸੀ।
ਪ੍ਰਸ਼ਨ 9. ਆਮ ਲੋਕ ਦੁੱਲੇ ਦੇ ਹਮਦਰਦ ਤੇ ਪ੍ਰਸੰਸਕ ਕਿਉਂ ਬਣੇ ਸਨ?
ਉੱਤਰ : ਜਦੋਂ ਆਮ ਲੋਕਾਂ ਨੂੰ ਪਤਾ ਲੱਗਾ ਕਿ ਬਾਗ਼ੀ ਦੁੱਲਾ ਭੱਟੀ ਲੁੱਟ ਦਾ ਪੈਸਾ ਗ਼ਰੀਬਾਂ ਵਿੱਚ ਵੰਡ ਦਿੰਦਾ ਸੀ ਤਾਂ ਉਹ ਮੁਗ਼ਲ ਹਾਕਮਾਂ ਦੇ ਅਨਿਆਂ ਅਤੇ ਜ਼ੁਲਮ ਤੋਂ ਤੰਗ ਹੋਣ ਸਦਕਾ ਬਾਗੀ ਦੁੱਲੇ ਦੇ ਹਮਦਰਦ ਤੇ ਪ੍ਰਸੰਸਕ ਬਣ ਗਏ ਸਨ।
ਪ੍ਰਸ਼ਨ 10. ਦੁੱਲੇ ਦੇ ਖ਼ਿਲਾਫ਼ ਅਕਬਰ ਕੋਲ ਕਿਸ ਨੇ ਸ਼ਿਕਾਇਤ ਕੀਤੀ ਸੀ?
ਉੱਤਰ : ਦੁੱਲਾ ਲੁੱਟ ਦਾ ਪੈਸਾ ਗ਼ਰੀਬਾਂ ਵਿੱਚ ਵੰਡ ਦਿੰਦਾ ਸੀ। ਇਸ ਕਾਰਨ ਲੋਕ ਉਸ ਦੇ ਹਮਦਰਦ ਤੇ ਪ੍ਰਸੰਸਕ ਬਣ ਗਏ ਸਨ। ਇਸੇ ਕਾਰਨ ਉਸ ਦਾ ਚਾਚਾ ਜਲਾਲਦੀਨ ਉਸ ਨਾਲ ਵੈਰ ਰੱਖਦਾ ਸੀ। ਉਸ ਨੇ ਹੀ ਦੁੱਲੇ ਦੇ ਖ਼ਿਲਾਫ਼ ਅਕਬਰ ਕੋਲ ਸ਼ਿਕਾਇਤ ਕੀਤੀ ਸੀ।
ਪ੍ਰਸ਼ਨ 11. ਦੁੱਲੇ ਭੱਟੀ ਨੂੰ ਫੜਨ ਲਈ ਅਕਬਰ ਨੇ ਕੀ ਕੀਤਾ ਸੀ?
ਉੱਤਰ : ਮੁਗ਼ਲ ਬਾਦਸ਼ਾਹ ਅਕਬਰ ਨੇ ਬਾਗ਼ੀ ਦੁੱਲੇ ਨੂੰ ਉਸ ਦੇ ਚਾਚੇ ਜਲਾਲਦੀਨ ਵੱਲੋਂ ਸ਼ਿਕਾਇਤ ਕਰਨ ‘ਤੇ ਉਸ ਨੂੰ ਫੜਨ ਲਈ ਆਪਣੀ ਫ਼ੌਜ ਭੇਜੀ ਸੀ। ਫ਼ੌਜ ਨੇ ਦੁੱਲੇ ਦੇ ਪਿੰਡ ‘ਤੇ ਧਾਵਾ ਬੋਲ ਕੇ ਦੁੱਲੇ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ ਸੀ।
ਪ੍ਰਸ਼ਨ 12. ਦੁੱਲੇ ਨੂੰ ਅਕਬਰ ਵੱਲੋਂ ਫੜਨ ਬਾਰੇ ਲੋਕ ਕੀ ਚਾਹੁੰਦੇ ਸਨ?
ਉੱਤਰ : ਅਕਬਰ ਬਾਦਸ਼ਾਹ ਬਾਗ਼ੀ ਦੁੱਲੇ ਭੱਟੀ ਨੂੰ ਫੜਨਾ ਚਾਹੁੰਦਾ ਸੀ ਪਰ ਉਸ ਦੇ ਇਲਾਕੇ ਦੇ ਲੋਕ ਦੁੱਲੇ ਨੂੰ ਇਸ ਆਫ਼ਤ ਤੋਂ ਬਚਾਉਣਾ ਚਾਹੁੰਦੇ ਸਨ। ਕਿਹਾ ਜਾਂਦਾ ਹੈ ਕਿ ਇੱਕ ਗਵਾਲਣ ਨੇ ਦੁੱਲੇ ਨੂੰ ਬਚਾਉਣ ਲਈ ਮੁਗ਼ਲ ਫ਼ੌਜ ਦੇ ਇੱਕ ਸੈਨਾਪਤੀ ਨੂੰ ਭਰਮਾਉਣ ਦੀ ਕੋਸ਼ਸ ਵੀ ਕੀਤੀ ਸੀ।
ਪ੍ਰਸ਼ਨ 13. ਦੁੱਲੇ ਭੱਟੀ ਦੀ ਮੌਤ ਕਿਵੇਂ ਹੋਈ ਸੀ?
ਉੱਤਰ : ਜਦੋਂ ਅਕਬਰ ਬਾਦਸ਼ਾਹ ਦੀ ਫ਼ੌਜ ਦੀ ਬਾਗ਼ੀ ਦੁੱਲੇ ਨਾਲ ਲੜਾਈ ਹੋਈ ਤਾਂ ਦੁੱਲੇ ਨੇ ਇੱਕ ਵਾਰ ਤਾਂ ਸ਼ਾਹੀ ਫ਼ੌਜ ਨੂੰ ਭਾਜੜਾਂ ਪਾ ਦਿੱਤੀਆਂ। ਪਰ ਆਖ਼ਰ ਮੁਗ਼ਲ ਫ਼ੌਜ ਨੇ ਧੋਖੇ ਨਾਲ ਦੁੱਲੇ ਨੂੰ ਪਹਿਲਾਂ ਘੇਰੇ ਵਿੱਚ ਲੈ ਲਿਆ ਤੇ ਫਿਰ ਲਾਹੌਰ ਲਿਜਾ ਕੇ ਉਸ ਨੂੰ ਫਾਂਸੀ ਦੇ ਦਿੱਤੀ।
ਪ੍ਰਸ਼ਨ 14. ਦੁੱਲੇ ਭੱਟੀ ਨੇ ਸ਼ਾਹੀ ਫ਼ੌਜ ਨੂੰ ਕਦੋਂ ਲਲਕਾਰਿਆ ਸੀ?
ਉੱਤਰ : ਮੁਗ਼ਲ ਫ਼ੌਜ ਨੇ ਦੁੱਲੇ ਦੇ ਪਿੰਡ ਨੂੰ ਘੇਰ ਕੇ ਉਸ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ ਸੀ। ਜਦੋਂ ਇਸ ਘਟਨਾ ਬਾਰੇ ਦੁੱਲੇ ਭੱਟੀ ਨੂੰ ਪਤਾ ਲੱਗਾ ਤਾਂ ਉਸ ਨੇ ਸਾਥੀਆਂ ਸਮੇਤ ਉੱਥੇ ਪਹੁੰਚ ਕੇ ਫ਼ੌਜ ਨੂੰ ਲਲਕਾਰਿਆ ਸੀ।
ਪ੍ਰਸ਼ਨ 15. ਕੀ ਦੁੱਲਾ ਭੱਟੀ ਪਰਉਪਕਾਰੀ ਸੀ? ਕਿਸੇ ਇੱਕ ਘਟਨਾ ਬਾਰੇ ਦੱਸੋ।
ਉੱਤਰ : ਦੁੱਲੇ ਭੱਟੀ ਦੇ ਜੀਵਨ ਨਾਲ ਪਰਉਪਕਾਰ ਦੀਆਂ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ। ਇੱਕ ਘਟਨਾ ਅਨੁਸਾਰ ਉਸ ਨੇ ਕਿਸੇ ਗ਼ਰੀਬ ਘਰ ਦੀ ਲੜਕੀ ਨੂੰ ਆਪਣੀ ਧੀ ਬਣਾ ਕੇ ਵਿਆਹੁਣ ਦਾ ਪੁੰਨ ਖੱਟਿਆ ਸੀ।
ਪ੍ਰਸ਼ਨ 16. ‘ਸੁੰਦਰ-ਮੁੰਦਰੀਏ, ਹੋ ……. ਜ਼ਿਮੀਦਾਰਾਂ ਲੁੱਟੀ, ਹੋ’ ਗੀਤ ਵਿੱਚੋਂ ਕਿਸ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ?
ਉੱਤਰ : ‘ਸੁੰਦਰ-ਮੁੰਦਰੀਏ, ਹੋ …….. ਜ਼ਿਮੀਦਾਰਾਂ ਲੁੱਟੀ, ਹੋ’ ਗੀਤ ਲੋਹੜੀ ਦੇ ਤਿਉਹਾਰ ਸਮੇਂ ਗਾਇਆ ਜਾਂਦਾ ਹੈ। ਇਸ ਗੀਤ ਵਿੱਚੋਂ ਦੁੱਲੇ ਭੱਟੀ ਵੱਲੋਂ ਕਿਸੇ ਗ਼ਰੀਬ ਦੀ ਧੀ ਨੂੰ ਆਪਣੀ ਧੀ ਬਣਾ ਕੇ ਵਿਆਹੁਣ ਦੀ ਘਟਨਾ ਬਾਰੇ ਪਤਾ ਲੱਗਦਾ ਹੈ।