CBSEEducationNCERT class 10thPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ : ਮਨੁੱਖੀ ਹਾਦਸੇ


ਮਨੁੱਖੀ ਹਾਦਸੇ


ਮਨੁੱਖੀ ਜ਼ਿੰਦਗੀ ਵਿੱਚ ਹਾਦਸੇ ਅਜਿਹੀਆਂ ਤਾਕਤਵਰ ਛੱਲਾਂ ਹਨ, ਜੋ ਜ਼ਿੰਦਗੀ ਦੇ ਵਹਿਣ ਨੂੰ ਮੋੜ ਦਿੰਦੀਆਂ ਹਨ। ਹਰ ਕਿਸਮ ਦੇ ਹਾਦਸੇ ਜੀਵਨ ਵਿੱਚ ਅਚਾਨਕ ਹੀ ਵਾਪਰਦੇ ਹਨ ਤੇ ਲੱਖ ਯਤਨ ਕਰਨ ‘ਤੇ ਵੀ ਅਸੀਂ ਇਨ੍ਹਾਂ ਨੂੰ ਟਾਲ ਨਹੀਂ ਸਕਦੇ। ਉਹ ਸਾਰੀਆਂ ਗੱਲਾਂ ਤੇ ਸਾਧਨ ਜੋ ਸਾਡੇ ਜੀਵਨ ਨੂੰ ਸੰਵਾਰਦੀਆਂ, ਸ਼ਿੰਗਾਰਦੀਆਂ ਤੇ ਢਾਹੁੰਦੀਆਂ ਹਨ ਤੇ ਜਿਨ੍ਹਾਂ ਨੂੰ ਪਹਿਲਾਂ ਅਸੀਂ ਜਾਣਦੇ ਤੱਕ ਨਹੀਂ ਹੁੰਦੇ, ਉਨ੍ਹਾਂ ਨੂੰ ਅਨੇਕਾਂ ਨਾਂ ਦਿੱਤੇ ਜਾਂਦੇ ਹਨ। ਕਦੇ ਇਹ ਗੱਲਾਂ ਸਾਡੀ ਤਕਦੀਰ ਬਣ ਕੇ ਮੁਸਕਰਾਂਦੀਆਂ, ਸਾਡੀ ਕਿਸਮਤ ਦਾ ਦਰਵਾਜ਼ਾ ਖੜਕਾਉਂਦੀਆਂ ਹਨ ਤੇ ਸਾਡੀ ਜ਼ਿੰਦਗੀ ਦੀ ਉਲਝੀ ਹੋਈ ਲਿਟ ਅਚਾਨਕ ਹੀ ਸੰਵਰ ਜਾਂਦੀ ਹੈ, ਕਦੇ ਇਹ ਗੱਲਾਂ ਅਚਾਨਕ ਸਾਡੀ ਹੋਣੀ ਬਣ ਕੇ ਆਉਂਦੀਆਂ ਹਨ ਤੇ ਸਾਡੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਜਿਹੜੀਆਂ ਗੱਲਾਂ ਤਾਂ ਸਾਡੇ ਜੀਵਨ ਲਈ ਲਾਹੇਵੰਦ ਹਨ, ਉਹ ਸਾਡੀ ਭਾਗ ਹਨ ਅਤੇ ਜਿਹੜੀਆਂ ਗੱਲਾਂ ਸਾਨੂੰ ਨੁਕਸਾਨ ਪਹੁੰਚਾਂਦੀਆਂ ਹਨ, ਉਹ ਹਾਦਸਾ ਬਣ ਜਾਂਦੀਆਂ ਹਨ।

ਮੁੱਖ ਰੂਪ ਵਿੱਚ ਹਾਦਸੇ ਦੋ ਪ੍ਰਕਾਰ ਦੇ ਹੁੰਦੇ ਹਨ, ਇੱਕ ਸਮਾਜਿਕ ਕਾਰ ਵਿਹਾਰ ਕਰਕੇ, ਉਹ ਗੱਲਾਂ ਜੋ ਹਾਦਸਾ ਬਣ ਕੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਦੂਸਰੇ ਸੜਕ ਜਾਂ ਹੋਰ ਜਾਨਲੇਵਾ ਹਾਦਸੇ। ਹਾਦਸੇ ਭਾਵੇਂ ਕਿਸੇ ਪ੍ਰਕਾਰ ਦੇ ਕਿਉਂ ਨਾ ਹੋਣ ਸਾਡੀ ਖੁਸ਼ੀਆਂ ਭਰੀ ਜ਼ਿੰਦਗੀ ਦੀ ਝੋਲ ਨੂੰ ਫੁੱਲਾਂ ਦੀ ਥਾਂ ‘ਤੇ ਕੰਡਿਆਂ ਨਾਲ ਭਰ ਦਿੰਦੇ ਹਨ। ਸਮਾਜਿਕ ਜੀਵਨ ਜਿਊਂਦਿਆਂ ਮਨੁੱਖੀ ਜੀਵਨ ਵਿੱਚ ਤਿੰਨ ਗੱਲਾਂ ਵਿਸ਼ੇਸ਼ ਤੌਰ ‘ਤੇ ਕਿਸੇ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ : ਮਨੁੱਖ ਦੇ ਕੰਮ ਦੀ ਚੋਣ, ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਲਈ ਸਾਥੀ ਦੀ ਤਲਾਸ਼, ਰੋਜ਼ਗਾਰ ਦੀ ਪ੍ਰਾਪਤੀ ਲਈ ਨੌਕਰੀ ਨਾ ਮਿਲਣ ‘ਤੇ ਵਿਉਪਾਰ ਨੂੰ ਧਾਰਨ ਕਰਨਾ। ਜੀਵਨ ਦੇ ਇਹ ਸਾਰੇ ਕੰਮ ਇੱਕ ਜੂਏ ਦੀ ਤਰ੍ਹਾਂ ਹਨ, ਜਿਸ ਵਿੱਚ ਹਾਰ ਖਾਣ ਕਾਰਨ ਅਸੀਂ ਮੂੰਹ ਦੇ ਭਾਰ ਡਿੱਗਦੇ ਹਾਂ ਤੇ ਆਪਣੀ ਤਕਦੀਰ ਨੂੰ ਘੱਟੇ ਵਿੱਚ ਰੋਲ ਦਿੰਦੇ ਹਾਂ। ਕੁੱਝ ਕੁ ਖੁਸ਼ ਕਿਸਮਤ ਲੋਕਾਂ ਤੋਂ ਬਿਨਾਂ ਬਾਕੀ ਸਭ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੇ ਕਿਹੜਾ ਕਿੱਤਾ ਅਪਨਾਉਣਾ ਹੈ। ਸਹੀ ਕੰਮ ਦੀ ਚੋਣ ਨਾ ਕਰ ਸਕਣਾ, ਇੱਕ ਹਾਦਸਾ ਬਣ ਕੇ ਵਿਅਕਤੀ ਨੂੰ ਜੀਵਨ ਵਿੱਚ ਆਪਣੇ ਆਪ ਤੇ ਕੋਸਣ ਲਈ ਮਜਬੂਰ ਕਰ ਦਿੰਦਾ ਹੈ। ਕੁੱਝ ਲੋਕਾਂ ਨੂੰ ਕਿਸੇ ਖਾਸ ਕਿੱਤੇ ਵਿੱਚ ਰੁਚੀ ਹੀ ਨਹੀਂ ਹੁੰਦੀ, ਪਰ ਹਾਲਾਤ ਦਾ ਸ਼ਿਕਾਰ ਹੋ ਕੇ, ਮਾਪਿਆਂ ਦੇ ਜ਼ੋਰ ਦੇਣ ‘ਤੇ ਜਾਂ ਪੈਸੇ ਦੇ ਲਾਲਚ ਵਿੱਚ ਕੋਈ ਕਿੱਤਾ ਅਪਣਾ ਲੈਂਦੇ ਹਨ ਤੇ ਸਾਰੀ ਉਮਰ ਨਰਕ ਭੋਗਦੇ ਹਨ। ਮਿਸਾਲਾਂ ਮਿਲਦੀਆਂ ਹਨ ਜੋ ਸ਼ੈਕਸਪੀਅਰ, ਮਿਲਟਨ ਤੇ ਵਾਰਸ ਦੇ ਦੀਵਾਨੇ ਸਨ, ਉਹ ਆਈ. ਏ. ਐਸ. ਜਾਂ ਡਾਕਟਰ ਬਣ ਜਾਂਦੇ ਹਨ ਤੇ ਬਾਅਦ ਵਿੱਚ ਪਛਤਾਉਂਦੇ ਹਨ ਕਿ ਕਾਲਜ ਵਿੱਚ ਅਧਿਆਪਕ ਕਿਉਂ ਨਾ ਬਣੇ, ਕੁੱਝ ਇੰਜਨੀਅਰ ਨਾ ਬਣਨ ਕਾਰਨ, ਵਕੀਲ ਅਤੇ ਸਕੂਲ ਅਧਿਆਪਕ ਬਣੇ ਦੇਖੇ ਜਾਂਦੇ ਹਨ। ਕਈ ਵਾਰੀ ਕੋਈ ਸੌਖ ਜਾਂ ਸਿਫਾਰਸ਼ ਨਾਲ ਮਿਲਿਆ ਹੋਇਆ ਕਿੱਤਾ ਪਹਿਲਾਂ ਤਾਂ ਚੰਗਾ ਲਗਦਾ ਹੈ, ਪਰ ਬਾਅਦ ਵਿੱਚ ਇਹ ਇੱਕ ਹਾਦਸਾ ਬਣਿਆ ਹੀ ਭਾਸਦਾ ਹੈ।

ਕਿੱਤੇ ਜਾਂ ਨੌਕਰੀ ਦੀ ਚੋਣ ਵਿੱਚ ਹਾਦਸੇ ਘੱਟਣ ਦੇ ਅਚਨਚੇਤ ਹੀ ਕਾਰਣ ਬਣ ਜਾਂਦੇ ਹਨ। ਇੱਕ ਕਾਲਜ ਅਧਿਆਪਕ ਇਸ ਲਈ ਆਈ. ਏ. ਐਸ. ਅਫਸਰ ਬਣਨ ਤੋਂ ਰਹਿ ਗਿਆ ਕਿ ਡੇਟ ਸ਼ੀਟ ਦੇ ਭੁਲੇਖੇ ਕਾਰਨ ਪ੍ਰੀਖਿਆ ਲਈ ਇੱਕ ਪੇਪਰ ਵਿੱਚ ਸਵੇਰ ਦੀ ਥਾਂ ਸ਼ਾਮ ਨੂੰ ਦੇਰੀ ਨਾਲ ਪਹੁੰਚਿਆ। ਸਾਰੀ ਉਮਰ ਉਹ ਇਸ ਹਾਦਸੇ ਨੂੰ ਗਲੋਂ ਨਾ ਲਾਹ ਸਕਿਆ ਤੇ ਗਮਗੀਨ ਰਿਹਾ। ਅਨੇਕਾਂ ਵਾਰ ਅਜਿਹਾ ਹੋਇਆ ਹੈ ਕਿ ਗੱਡੀ ਸਹੀ ਵਕਤ ਸਿਰ ਨਾ ਮਿਲਣ ਕਰਕੇ ਇੰਟਰਵਿਊ ਵਿੱਚ ਨਾ ਜਾ ਸਕਣ ਕਰਕੇ, ਫਾਰਮ ਲੇਟ ਭੇਜਣ ਕਰਕੇ, ਉਮਰ ਦੀ ਸੀਮਾ ਪਾਰ ਕਰਨ ਕਰਕੇ ਮਨੁੱਖ ਆਪਣੇ ਆਪ ਨੂੰ ਦੋਸ਼ੀ ਹੀ ਸਮਝਦਾ ਰਹਿੰਦਾ ਹੈ ਤੇ ਇਨ੍ਹਾਂ ਘਟਨਾਵਾਂ ਨੂੰ ਹਾਦਸਿਆਂ ਤੋਂ ਘੱਟ ਨਹੀਂ ਸਮਝਦਾ।

ਗ੍ਰਹਿਸਥ ਜੀਵਨ ਵਿੱਚ ਜੇ ਸਾਥੀ ਦੀ ਚੋਣ ਗਲਤ ਹੋ ਗਈ ਤਾਂ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਹਾਦਸਾ ਬਣ ਕੇ ਰਹਿ ਜਾਂਦੀ ਹੈ। ਲੱਖ ਯਤਨ ਕਰਨ ‘ਤੇ ਵੀ ਸੰਯੋਗਾਂ ਦਾ ਫਲ ਸਾਨੂੰ ਚੱਖਣਾ ਪੈਂਦਾ ਹੈ। ਜੇ ਤਾਂ ਇਹ ਚੋਣ ਸਹੀ ਹੋ ਗਈ ਤਾਂ ਇਹ ਫਲ ਮਿੱਠਾ ਤੇ ਜੀਵਨ ਖੁਸ਼ਬੂਆਂ ਭਰਿਆ ਹੁੰਦਾ ਹੈ ਤੇ ਜੇ ਸੰਯੋਗ ਪ੍ਰਬਲ ਹੋ ਕੇ ਹਾਵੀ ਹੋ ਕੇ ਗਲਤ ਚੋਣ ਕਰਵਾ ਦੇਣ ਤਾਂ ਗ੍ਰਹਿਸਥ ਜੀਵਨ ਦਾ ਮਾਰਗ ਕੰਡਿਆਂ ਨਾਲ ਭਰਿਆ ਜਾਂਦਾ ਹੈ। ਤੀਸਰੀ ਹਾਲਤ ਵਿੱਚ ਹਾਦਸੇ ਉਸ ਸਮੇਂ ਵਾਪਰਦੇ ਹਨ ਜਦੋਂ ਮਨੁੱਖ ਨੂੰ ਸਹੀ ਨੌਕਰੀ ਜਾਂ ਰੋਜ਼ਗਾਰ ਨਾ ਮਿਲਣ ਕਰਕੇ ਉਹ ਕਈ ਕੰਮਾਂ ਵਿੱਚ ਹੱਥ ਪੈਰ ਮਾਰਦਾ ਹੈ। ਕਈ ਵਾਰੀ ਕਿਸੇ ਕੰਮ ਦਾ ਅਨੁਭਵ ਨਾ ਹੋਣ ਕਾਰਨ ਆਪਣੀ ਸਾਰੀ ਪੂੰਜੀ ਗੰਵਾ ਲੈਂਦਾ ਹੈ। ਵਪਾਰ ਤੋਂ ਬਿਨਾਂ ਅੱਜ ਕੱਲ੍ਹ ਰਾਜਨੀਤੀ ਵੀ ਇੱਕ ਵਪਾਰ ਦੀ ਤਰ੍ਹਾਂ ਬਣ ਗਈ ਹੈ। ਲੋਕਾਂ ਦੀ ਨਬਜ਼ ਨੂੰ ਨਾ ਪਹਿਚਾਨਦੇ ਹੋਏ ਕੁੱਝ ਲੋਕ ਗਲਤ ਪਾਰਟੀ ਦਾ ਟਿਕਟ ਲੈ ਲੈਂਦੇ ਹਨ ਅਤੇ ਆਪਣਾ ਸਭ ਕੁੱਝ ਦਾਅ ‘ਤੇ ਲਗਾ ਦਿੰਦੇ ਹਨ ਤੇ ਖਾਲੀ ਭਾਂਡੇ ਦੀ ਤਰ੍ਹਾਂ ਰਹਿ ਜਾਂਦੇ ਹਨ। ਇਹ ਵੀ ਜ਼ਿੰਦਗੀ ਦਾ ਇੱਕ ਅਹਿਮ ਹਾਦਸਾ ਬਣ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ।

ਪਰ ਇਹ ਸਾਰੇ ਹਾਦਸੇ ਅਜਿਹੇ ਹਨ ਜੋ ਸਮਾਜਿਕ ਜੀਵਨ ਵਿਚਰਦਿਆਂ ਹੋਇਆਂ ਸਾਡੇ ਨਾਲ ਵਾਪਰਦੇ ਹਨ, ਪਰ ਇਨ੍ਹਾਂ ਨਾਲ ਜਾਨ ਨਹੀਂ ਜਾਂਦੀ। ਪਰ ਕਈ ਲੋਕਾਂ ਦੀ ਜ਼ਿੰਦਗੀ ਨੂੰ ਇਹ ਬਲਦੀ ਚਿੰਗਾਰੀ ਦੀ ਤਰ੍ਹਾਂ ਰਾਖ ਕਰਨ ਤੱਕ ਜਾਂਦੇ ਹਨ।

ਕਈ ਹਾਲਤਾਂ ਵਿੱਚ ਇਨ੍ਹਾਂ ਹਾਦਸਿਆਂ ਦਾ ਸਾਰਥਕ ਪੱਖ ਵੀ ਉਭਰ ਕੇ ਸਾਹਮਣੇ ਆਉਂਦਾ ਹੈ। ਇਸ ਤਰ੍ਹਾਂ ਦੇ ਹਾਦਸੇ ਮਨੁੱਖ ਦੀ ਆਪਣੇ-ਆਪ ਨਾਲ ਪਛਾਣ ਕਰਾਂਦੇ ਹਨ। ਕਈ ਵਾਰੀ ਇਨ੍ਹਾਂ ਹਾਦਸਿਆਂ ਰਾਹੀਂ ਪਰਮਾਤਮਾ ਉਨ੍ਹਾਂ ਨੂੰ ਡੂੰਘੇ ਪਾਣੀਆਂ ਵਿੱਚ ਧਕੇਲ ਦਿੰਦਾ ਹੈ, ਉਨ੍ਹਾਂ ਨੂੰ ਡੁਬੋਣ ਲਈ ਨਹੀਂ ਸਗੋਂ ਸਾਫ ਸੁਥਰਾ ਕਰਨ ਲਈ। ਪ੍ਰਸਿੱਧ ਵਿਦਵਾਨ ਕੋਟਟਨ ਦਾ ਕਥਨ ਹੈ ਕਿ ਹਰ ਤਰ੍ਹਾਂ ਦੀ ਸਫਲਤਾ ਕੇਵਲ ਜ਼ਿੰਦਗੀ ਦਾ ਇੱਕ ਰੁਖ਼ ਹੀ ਦਿਖਾਉਂਦੀ ਹੈ। ਪਰ ਮਾੜੇ ਹਾਲਾਤ ਨਾਲ ਜ਼ਿੰਦਗੀ ਦੀ ਪੂਰੀ ਤਸਵੀਰ ਸਾਹਮਣੇ ਆਉਂਦੀ ਹੈ। ਬਦਕਿਸਮਤੀ ਤੇ ਮਾੜੇ ਹਾਲਾਤ ਇੱਕ ਅਧਿਆਪਕ ਦੀ ਤਰ੍ਹਾਂ ਹੁੰਦੇ ਹਨ ਜਿਨ੍ਹਾਂ ਤੋਂ ਮਨੁੱਖ ਬਹੁਤ ਕੁੱਝ ਸਿੱਖਦਾ ਹੈ। ਡਿਜ਼ਰੇਲੀ ਇਸ ਲਈ ਹੀ ਕਹਿੰਦਾ ਹੈ, “ਮਾੜੇ ਹਾਲਾਤ ਵਰਗੀ ਕੋਈ ਵਿੱਦਿਆ ਨਹੀਂ।”

ਦੋ ਵਾਰੀ ਕਿਸੇ ਇੱਕ ਹੀ ਪੱਥਰ ਨਾਲ ਟਕਰਾਉਣਾ ਸੱਚਮੁੱਚ ਗਲਤੀ ਹੈ। ਚੀਨੀ ਫਿਲਾਸਫਰ ਕਨਫਿਊਸ਼ਿਸ਼ ਕਹਿੰਦਾ ਹੈ, “ਸੁਚੇਤ ਕਦੇ ਗਲਤੀ ਨਹੀਂ ਕਰਦਾ।” ਦੂਸਰੀ ਕਿਸਮ ਦੇ ਹਾਦਸੇ ਸੜਕ ਹਾਦਸੇ ਹਨ, ਜਿਸ ‘ਤੇ ਮਨੁੱਖ ਦਾ ਕੋਈ ਜ਼ੋਰ ਨਹੀਂ ਹੁੰਦਾ ਤੇ ਨਿਤ ਦਿਨ ਵਾਪਰਦੇ ਹਨ ਤੇ ਮਨੁੱਖ ਦੀ ਜ਼ਿੰਦਗੀ ਵਿੱਚ ਹੋਣੀ ਬਣ ਕੇ ਵਰ੍ਹਦੇ ਹਨ। ਕਿਸੇ ਮਾਂ ਨੂੰ ਪੁੱਛੋ, ਜਿਸ ਦੇ ਸੱਧਰਾਂ ਲੱਧੇ ਇੱਕਲੌਤੇ ਪੁੱਤਰ ਦੀ ਜਾਨ ਸੜਕ ਹਾਦਸੇ ਵਿੱਚ ਗਈ ਹੋਵੇ, ਕਿਸੇ ਭੈਣ ਦੀਆਂ ਆਹਾਂ ਤੇ ਵੈਣ ਸੁਣੋ, ਜਿਹੜੇ ਉਸ ਨੇ ਆਪਣੇ ਵੀਰ ਦੇ ਸੜਕ ਹਾਦਸੇ ਵਿੱਚ ਮਰਨ ਕਰਕੇ ਪਾਏ ਹੋਣ, ਕਿਸੇ ਬੱਚੇ ਦੀ ਨਿਰਛਲ ਮੁਸਕਾਨ ਦੇਖੋ, ਜਿਹੜੀ ਕਿ ਇੱਕ ਨਾ ਮੁਕਣ ਵਾਲੀ ਹੂਕ ਵਿੱਚ ਬਦਲ ਗਈ ਹੋਵੇ। ਵਾਰਸ ਸ਼ਾਹ ਕਹਿੰਦਾ ਹੈ, ਭਾਈ ਕਿਸੇ ਦੀਆਂ ਮਜ਼ਬੂਤ ਬਾਹਾਂ ਹੁੰਦੀਆਂ ਹਨ ਕਿਸੇ ਭਾਈ ਨੂੰ ਪੁੱਛੋ ਜਿਸ ਦੀਆਂ ਮਜ਼ਬੂਤ ਬਾਹਾਂ ਭਾਈ ਦੇ ਸੜਕ ਹਾਦਸੇ ਵਿੱਚ ਮਰਨ ਕਰਕੇ ਭੱਜ ਗਈਆਂ ਹੋਣ। ਜੇ ਉਹ ਵਿਅਕਤੀ ਵਿਆਹਿਆ ਹੋਇਆ ਹੈ ਤਾਂ ਆਪਣੀ ਪਤਨੀ ਨੂੰ ਵਿਧਵਾ ਬਣਾਉਂਦਾ ਹੋਇਆ ਸਾਰੀ ਉਮਰ ਲਈ ਉਸ ਲਈ ਦੁੱਖ ਅਤੇ ਪੀੜਾ ਛੱਡ ਜਾਂਦਾ ਹੈ।

ਇਹ ਜ਼ਿੰਦਗੀ ਹਾਦਸਿਆਂ ਨਾਲ ਭਰੀ ਹੋਈ ਹੈ ਪਰ ਸੜਕ ਹਾਦਸੇ ਸਭ ਤੋਂ ਭਿਆਨਕ ਹੁੰਦੇ ਹਨ। ਇਨ੍ਹਾਂ ਵਿੱਚ ਮਾਮੂਲੀ ਸੱਟ ਤੋਂ ਲੈ ਕੇ ਮਨੁੱਖ ਦੀ ਜਾਨ ਵੀ ਜਾਂਦੀ ਹੈ। ਸੜਕ ਵਿੱਚ ਮਨੁੱਖ ਕੇਵਲ ਆਪਣੀ ਜਾਨ ਹੀ ਨਹੀਂ ਗੰਵਾਉਂਦਾ, ਉਹ ਜਿਨ੍ਹਾਂ ਰਿਸ਼ਤਿਆਂ ਨਾਲ ਬੱਝਾ ਹੁੰਦਾ ਹੈ ਉਸ ਵੀ ਦੁਖਾਂਤ ਕਾਰਨ ਉਧੜ ਜਾਂਦੇ ਹਨ।

ਇਹ ਮਾਨਵ ਹੀ ਹੈ ਜਿਹੜਾ ਸੜਕ ਹਾਦਸੇ ਵਿੱਚ ਨਾ ਸਾਵਧਾਨੀ ਵਰਤਦਾ ਹੋਇਆ ਅਨੇਕਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਹੈ। ਇੱਕ ਮਾਨਵ ਦੀ ਭੁੱਲ ਅਨੇਕਾਂ ਜਾਨਾਂ ਗੁਆਉਣ ਦਾ ਕਾਰਣ ਬਣਦੀ ਹੈ। ਇਹ ਮਨੁੱਖ ਕਦੇ ਸ਼ਰਾਬ ਪੀ ਕੇ ਡਾਵਾਂਡੋਲ ਹੱਥਾਂ ਨਾਲ ਲੋਕਾਂ ਦੀ ਤਕਦੀਰ ਨਾਲ ਖੇਡਦਾ ਹੈ। ਨਸ਼ੇ ਦੇ ਲੋਰ ਵਿੱਚ ਬੇਸੁੱਧ ਹੋ ਕੇ ਉਹ ਇਹ ਭੁੱਲ ਜਾਂਦਾ ਹੈ ਕਿ ਉਸ ਬੱਸ ਵਿੱਚ ਕਈ ਸਵਾਰੀਆਂ ਵੀ ਹਨ।

ਸੜਕਾਂ ‘ਤੇ ਵਾਪਰਦੇ ਹਾਦਸੇ ਕਈ ਕਿਸਮਾਂ ਦੇ ਹੁੰਦੇ ਹਨ। ਜਿਉਂ-ਜਿਉਂ ਉਦਯੋਗਿਕ ਪ੍ਰਗਤੀ ਹੋ ਰਹੀ ਹੈ, ਅਨੇਕਾਂ ਤਰ੍ਹਾਂ ਦੇ ਆਵਾਜਾਈ ਦੇ ਸਾਧਨ ਸੜਕਾਂ ‘ਤੇ ਚੱਲਣ ਲੱਗ ਪਏ ਹਨ। ਪਹਿਲਾਂ ਕਿਸੇ ਸਮੇਂ ਕੇਵਲ ਸਾਈਕਲ ਹੀ ਹੁੰਦੇ ਸਨ, ਪਰ ਸਮੇਂ ਨੇ ਕਰਵੱਟ ਬਦਲੀ ਤੇ ਦੇਸ਼ ਵਿਕਾਸ ਦੇ ਰਸਤੇ ‘ਤੇ ਤੁਰਨ ਲੱਗ ਪਿਆ ਹੈ ਜਿਸ ਨਾਲ ਅਨੇਕਾਂ ਤਰ੍ਹਾਂ ਦੇ ਸਕੂਟਰ, ਕਾਰਾਂ, ਬੱਸਾਂ, ਟਰੈਕਟਰ ਆਦਿ ਸੜਕਾਂ ‘ਤੇ ਤੇਜ਼ ਰਫਤਾਰ ਨਾਲ ਚਲਣ ਲੱਗ ਪਏ ਹਨ। ਇਨ੍ਹਾਂ ਨਾਲ ਪ੍ਰਦੂਸ਼ਨ ਦੀ ਸਮੱਸਿਆ ਵੀ ਵਧ ਰਹੀ ਹੈ, ਇਹ ਸਾਰੇ ਸਾਧਨ ਮਨੁੱਖ ਦੇ ਹੀ ਬਣਾਏ ਹੋਏ ਹਨ ਤੇ ਮਨੁੱਖ ਦੇ ਸੁੱਖ ਅਤੇ ਸੁਵਿਧਾ ਲਈ ਹਨ, ਪਰ ਜੇ ਇਹ ਸਾਵਧਾਨੀ ਨਾਲ ਨਾ ਵਰਤੇ ਜਾਣ ਤਾਂ ਹਾਦਸੇ ਹੁੰਦੇ ਹਨ ਤੇ ਮਨੁੱਖੀ ਖੁਸ਼ੀ ਬਰਬਾਦ ਹੁੰਦੀ ਹੈ।

ਸੜਕ ਹਾਦਸੇ ਵਿੱਚ ਮਾਨਵ ਦਾ ਤੱਤ ਅਨੇਕਾਂ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ। ਜਦੋਂ ਕੋਈ ਹਾਦਸਾ ਵਾਪਰਦਾ ਹੈ, ਨਿਰੰਸਦੇਹ ਉਸ ਸਮੇਂ ਲੋਹੇ ਅਤੇ ਸਟੀਲ ਦੀ ਬਣੀ ਹੋਈ ਮਸ਼ੀਨਰੀ ਦੇ ਨੁਕਸਾਨ ਬਾਰੇ ਕੋਈ ਕੁੱਝ ਨਹੀਂ ਸੋਚਦਾ। ਸਭ ਦੇ ਮਨ ਵਿੱਚ ਇਹ ਪ੍ਰਸ਼ਨ ਹੀ ਸਮਾਇਆ ਹੁੰਦਾ ਹੈ ਕਿ ਇਸ ਹਾਦਸੇ ਵਿੱਚ ਕਿੰਨੀਆਂ ਜਾਨਾਂ ਗਈਆਂ ਹਨ। ਫਿਰ ਜਿਸ ਵਿਅਕਤੀ ਦੁਆਰਾ ਹਾਦਸਾ ਵਾਪਰਦਾ ਹੈ, ਉਹ ਦੋਸ਼ੀ ਵਿਅਕਤੀ ਇੱਕ ਦੋਸ਼ੀ ਦੀ ਹੈਸੀਅਤ ਵਿੱਚ ਕਟਿਹਰੇ ਵਿੱਚ ਖਲੋਂਦਾ ਹੈ ਤੇ ਦੋਸ਼ ਸਾਬਤ ਹੋਣ ‘ਤੇ ਉਸ ਨੂੰ ਸਜ਼ਾ ਹੁੰਦੀ ਹੈ ਤੇ ਉਸ ਦਾ ਪਰਿਵਾਰ ਵੀ ਮੁਸੀਬਤਾਂ ਵਿੱਚ ਘੇਰਿਆ ਜਾਂਦਾ ਹੈ। ਜਦੋਂ ਕੋਈ ਆਵਾਜਾਈ ਦਾ ਸਾਧਨ ਸੜਕ ‘ਤੇ ਚਲਣ ਲੱਗਦਾ ਹੈ ਤਾਂ ਮਸ਼ੀਨਰੀ ਦੀ ਜਾਂਚ ਕਰਨ ਵਾਲਾ ਤੇ ਉਸ ਨੂੰ ਸਹੀ ਸਰਟੀਫੀਕੇਟ ਦੇਣ ਵਾਲਾ ਵੀ ਮਨੁੱਖ ਹੀ ਹੁੰਦਾ ਹੈ। ਮਾਨਵ ਤਾਂ ਹਰ ਹਾਦਸੇ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਜੁੜਿਆ ਹੋਇਆ ਹੈ। ਸਾਈਕਲ ਤੋਂ ਬਿਨਾਂ ਸੜਕ ਉੱਤੇ ਕਿਸੇ ਨੂੰ ਵੀ ਦੋਪਹੀਆ ਚਲਾਉਣ ਦਾ ਅਧਿਕਾਰ ਉਸ ਸਮੇਂ ਮਿਲਦਾ ਹੈ, ਜਦੋਂ ਉਸ ਨੂੰ ਚਲਾਉਣ ਦਾ ਲਾਇਸੈਂਸ ਪ੍ਰਾਪਤ ਹੋ ਚੁੱਕਾ ਹੋਵੇ। ਅਸੀਂ ਦੇਖਦੇ ਹਾਂ ਕਿ ਛੋਟੇ-ਛੋਟੇ ਬੱਚੇ ਸੜਕਾਂ ‘ਤੇ ਸਕੂਟਰ ਤੇ ਮਾਰੂਤੀ ਕਾਰਾਂ ਦੌੜਾਈ ਫਿਰਦੇ ਹਨ ਤੇ ਮਾਪੇ ਉਨ੍ਹਾਂ ਨੂੰ ਲਾਡ ਨਾਲ ਕਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਕਿੰਨਾ ਚੁਸਤ ਤੇ ਹੁਸ਼ਿਆਰ ਹੈ। ਪਰ ਪਤਾ ਉਦੋਂ ਲਗਦਾ ਹੈ, ਜਦੋਂ ਬੱਚਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਲਾਇਸੈਂਸ ਦੇਣ ਵਾਲੇ ਅਫਸਰ ਨੂੰ ਪੂਰੀ ਤਰ੍ਹਾਂ ਇਹ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਕਿ ਚਲਾਉਣ ਵਾਲਾ ਪੂਰੀ ਤਰ੍ਹਾਂ ਮਾਹਰ ਹੋ ਗਿਆ ਹੈ ਜਾਂ ਨਹੀਂ। ਦੇਖਿਆ ਗਿਆ ਹੈ ਕਿ ਬੜੀ ਲਾਪਰਵਾਹੀ ਨਾਲ ਇਹ ਲਾਇਸੈਂਸ ਦਿੱਤੇ ਜਾਂਦੇ ਹਨ ਤੇ ਕਈ ਦਿਲਚਸਪ ਖਬਰਾਂ ਵੀ ਇਸ ਬਾਰੇ ਮਿਲਦੀਆਂ ਹਨ, ਜਿਵੇਂ ਜਲੰਧਰ ਵਿਖੇ ਨੇਤਰਹੀਣ ਨੂੰ ਹੀ ਕਾਰ ਚਲਾਉਣ ਦਾ ਲਾਇਸੈਂਸ ਪ੍ਰਾਪਤ ਹੋ ਗਿਆ। ਨਿਰਸੰਦੇਹ ਇੱਥੇ ਵੀ ਮਾਨਵ ਆਪਣਾ ਫਰਜ਼ ਪੂਰੀ ਤਰ੍ਹਾਂ ਨਹੀਂ ਨਿਭਾ ਰਿਹਾ ਹੁੰਦਾ।

ਸੜਕ ਹਾਦਸਾ ਭਾਵੇਂ ਮਨੁੱਖੀ ਗਲਤੀ ਕਰਕੇ ਵਾਪਰੇ ਜਾਂ ਪ੍ਰਾਕ੍ਰਿਤੀ ਦੇ ਕਿਸੇ ਕਾਰਨ ਕਰਕੇ, ਸਬੱਬੀ ਕਾਰਣ ਹਾਦਸਾ ਬਣ ਜਾਣ ਕਰਕੇ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸਾਡੀ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ। ਕਈ ਵਾਰੀ ਹਾਦਸੇ ਵਿੱਚ ਦਿੱਤੀ ਗਈ ਮਨੁੱਖ ਵੱਲੋਂ ਤੁਰੰਤ ਮਦਦ ਬਹੁਤ ਕੰਮ ਆਉਂਦੀ ਹੈ ਤੇ ਮਨੁੱਖ ਜਾਨ ਤੋਂ ਬਚ ਜਾਂਦਾ ਹੈ। ਸਰਕਾਰ ਜਦੋਂ ਕੋਈ ਕਾਨੂੰਨ ਬਣਾਉਂਦੀ ਹੈ ਤਾਂ ਕਾਨੂੰਨ ਦਾ ਪਹਿਲਾ ਲੱਛਣ ਮਨੁੱਖੀ ਕਲਿਆਣ ਹੀ ਹੁੰਦਾ ਹੈ। ਸਰਕਾਰ ਸਭ ਤੋਂ ਪਹਿਲਾਂ ਮਰਨ ਵਾਲਿਆਂ ਨਾਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ, ਦਿਖਾਵੇ ਤੇ ਲੋੜ ਅਨੁਸਾਰ ਮਾਇਕ ਤੌਰ ‘ਤੇ ਮਦਦ ਕਰੇ। ਹਾਦਸੇ ਵਿੱਚ ਜਿਨ੍ਹਾਂ ਜ਼ਖਮੀਆਂ ਦੀਆਂ ਜਾਨਾਂ ਬਚ ਸਕਦੀਆ ਹੋਣ, ਉਨ੍ਹਾਂ ਜ਼ਖਮੀਆਂ ਨੂੰ ਫੌਰੀ ਤੌਰ ‘ਤੇ ਹਸਪਤਾਲ ਵਿਚ ਦਾਖਲ ਕਰਾਇਆ ਜਾਣਾ ਚਾਹੀਦਾ ਹੈ। ਜ਼ਖਮੀਆਂ ਵਿੱਚੋਂ ਜਿਹੜੇ ਕੋਈ ਕੰਮ ਕਰਨ ਦੇ ਕਾਬਲ ਹੋਣ ਉਨ੍ਹਾਂ ਨੂੰ ਨੌਕਰੀਆਂ ਦੇਣੀਆਂ ਸਰਕਾਰ ਦਾ ਮਾਨਵੀ ਫਰਜ਼ ਹੈ।

ਆਵਾਜਾਈ ਦੇ ਉਹ ਸਾਧਨ ਜਿਵੇਂ ਬੱਸਾਂ, ਮੋਟਰ ਵੈਗਨ, ਟਰੱਕ ਜਾਂ ਮਿੰਨੀ ਬੱਸਾਂ, ਜਿਨ੍ਹਾਂ ਵਿੱਚ ਬਹੁਤ ਸਾਰੇ ਵਿਅਕਤੀ ਬੈਠ ਕੇ ਸਫਰ ਕਰਦੇ ਹਨ, ਉਨ੍ਹਾਂ ਦਾ ਨਿਰੀਖਣ ਵਿਸ਼ੇਸ਼ੱਗਾਂ ਵੱਲੋਂ ਹੋਣਾ ਚਾਹੀਦਾ ਹੈ। ਸਖਤੀ ਨਾਲ ਇਸ ਗੱਲ ‘ਤੇ ਪਹਿਰਾ ਦੇਣਾ ਚਾਹੀਦਾ ਹੈ ਕਿ ਜਿੰਨੀਆਂ ਸਵਾਰੀਆਂ ਦੀ ਬੱਸ ਵਿੱਚ ਚੜ੍ਹਨ ਦੀ ਸਮੱਰਥਾ ਹੈ, ਉਨੀਆਂ ਹੀ ਸਵਾਰੀਆਂ ਚੜ੍ਹਾਈਆਂ ਜਾਣ, ਉਲਰੀ ਹੋਈ ਬੱਸ ਨੂੰ ਸੜਕ ਹਾਦਸੇ ਵਧੇਰੇ ਆ ਸਕਦੇ ਹਨ। ਆਮ ਤੌਰ ‘ਤੇ ਬਹੁਤੀਆਂ ਸਵਾਰੀਆਂ ਦੀਆਂ ਜਾਨਾਂ ਨਹਿਰਾਂ ਦੇ ਪੁਲਾਂ ਉੱਤੇ ਜਾਂਦੀਆਂ ਹਨ, ਇਸ ਲਈ ਪੁਲ ਦੀ ਚੌੜਾਈ ਏਨੀ ਹੋਣੀ ਚਾਹੀਦੀ ਹੈ ਕਿ ਇੱਕ ਸਮੇਂ ਦੋ ਬੱਸਾਂ ਨੂੰ ਉਪਰੋਂ ਲੰਘਣ ਲਈ ਥਾਂ ਮਿਲ ਸਕੇ। ਇਸ ਤਰ੍ਹਾਂ ਰੇਲਵੇ ਫਾਟਕਾਂ ਉੱਤੇ ਵੀ ਵਿਸ਼ੇਸ਼ ਸਾਵਧਾਨੀ ਦੀ ਲੋੜ ਪੈਂਦੀ ਹੈ। ਦੇਖਿਆ ਗਿਆ ਹੈ ਕਿ ਕਈ ਫਾਟਕਾਂ ਉੱਤੇ ਰੇਲਵੇ ਵੱਲੋਂ ਫਾਟਕ ਬੰਦ ਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ।


ਯਾਦ ਰਹੇ ਮਨੁੱਖ ਸੜਕ ਹਾਦਸੇ ਵਿੱਚ ਭੰਗ ਦੇ ਭਾਅ ਆਪਣੀ ਜਾਨ ਗੁਆਉਂਦਾ ਹੈ, ਬਹੁਤੇ ਹਾਦਸਿਆਂ ਵਿੱਚ ਮਾਨਵੀ ਭੁੱਲ ਹੀ ਕਾਰਨ ਬਣਦੀ ਹੈ। ਇਹ ਰੋਜ਼ਾਨਾ ਸਾਡੇ ਜੀਵਨ ਵਿੱਚ ਘਟਦੇ ਹਨ। ਇਨ੍ਹਾਂ ਹਾਦਸਿਆਂ ਦੀ ਗਿਣਤੀ ਦੂਸਰੀਆਂ ਮੌਤਾਂ ਨਾਲੋਂ ਵੀ ਕਿਤੇ ਜ਼ਿਆਦਾ ਹੁੰਦੀ ਹੈ। ਇੱਕ ਅਨੁਮਾਨ ਅਨੁਸਾਰ ਅੱਤਵਾਦ ਦੇ ਦਿਨਾਂ ਵਿਚ ਵੀ ਇੰਨੇ ਲੋਕ ਦਹਿਸ਼ਤਗਰਦਾਂ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਏ, ਜਿੰਨੇ ਸੜਕ ਹਾਦਸਿਆਂ ਵਿੱਚ ਮਰੇ ਸਨ।

ਇਸ ਤਰ੍ਹਾਂ ਸੜਕ ਹਾਦਸਿਆਂ ਵਿੱਚ ਮਾਨਵੀ ਤੱਤ ਪਲ-ਪਲ ‘ਤੇ ਉਭਰ ਕੇ ਆਉਂਦਾ ਹੈ। ਸੜਕ ਤੇ ਜਾਨ ਗੁਆਉਣ ਵਾਲਾ ਕਿਸਮਤ ਦਾ ਮਾਰਿਆ ਇੱਕ ਇਨਸਾਨ ਹੁੰਦਾ ਹੈ, ਜਿਸ ਦੀ ਭੁੱਲ ਕਾਰਨ ਜਾਨ ਜਾਂਦੀ ਹੈ। ਉਹ ਵੀ ਇਨਸਾਨ ਹੈ, ਸਜ਼ਾ ਦੇਣ ਵਾਲਾ ਵੀ ਇਨਸਾਨ ਹੈ, ਸਰਕਾਰ ਨੂੰ ਵੀ ਆਪਣਾ ਮਾਨਵੀ ਫਰਜ਼ ਪਹਿਚਾਨਣਾ ਚਾਹੀਦਾ ਹੈ ਜਿਸ ਨਾਲ ਘੱਟ ਤੋਂ ਘੱਟ ਹਾਦਸੇ ਘਟ ਸਕਣ।

ਸ਼ੈਕਸਪੀਅਰ ਕਹਿੰਦਾ ਹੈ ਕਿ ਜੀਵਨ ਇੱਕ ਰੰਗ ਮੰਚ ਹੈ ਤੇ ਅਸੀਂ ਸਾਰੇ ਇਸ ਰੰਗਮੰਚ ਉੱਤੇ ਨਾਟਕ ਖੇਡਦੇ ਹਾਂ। ਸੜਕ ਨਾ ਤਾਂ ਰੰਗਮੰਚ ਹੈ ਤੇ ਨਾ ਖੇਡ ਦਾ ਮੈਦਾਨ। ਜ਼ਿੰਦਗੀ ਜ਼ਰੂਰ ਇੱਕ ਖੁਸ਼ੀ ਦਾ ਨਾਂ ਵੀ ਹੈ, ਇਨਸਾਨੀ ਜੀਵਨ ਇੱਕ ਦੁਰਲੱਭ ਦਾਤ ਹੈ ਇਸ ਨੂੰ ਸ਼ਰਾਬਾਂ ਪੀ ਕੇ, ਬੱਸਾਂ, ਕਾਰਾਂ ਤੇ ਹੋਰ ਆਵਾਜਾਈ ਦੇ ਸਾਧਨਾਂ ਨੂੰ ਚਲਾਉਣ, ਇਸ ਸੌਗਾਤ ਨੂੰ ਮਿੱਟੀ ਵਿੱਚ ਰੋਲਣ ਵਾਂਗ ਹੈ। ਇਹ ਸੜਕਾਂ ਅਤੇ ਵੱਖੋ-ਵੱਖਰੇ ਆਵਾਜਾਈ ਦੇ ਸਾਧਨ ਸਾਨੂੰ ਆਪਣੇ ਨਿਸ਼ਾਨੇ ‘ਤੇ ਪਹੁੰਚਾਉਂਦੇ ਹਨ, ਸਾਡੇ ਲਈ ਖੁਸ਼ੀ ਦਾ ਕਾਰਨ ਬਣਦੇ ਹਨ, ਪਰ ਜੇ ਇਹ ਖੁਸ਼ੀਆਂ ਸਾਡੀਆਂ ਗਲਤੀਆਂ ਕਰਕੇ ਰਾਹ ਵਿੱਚ ਹੀ ਰਹਿ ਜਾਣ ਤਾਂ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਦੁਖਾਂਤ ਬਣ ਜਾਂਦਾ ਹੈ।

ਆਓ, ਸਾਵਧਾਨੀ ਵਰਤਦੇ ਹੋਏ ਤੇ ਮਾਨਵੀ ਸਮਰੱਥਾ ਦਾ ਪੂਰਾ ਸਹਿਯੋਗ ਲੈਂਦੇ ਹੋਏ ਅਸੀਂ ਇਸ ਹੋਣੀ ਦਾ ਮੱਥਾ ਸੰਵਾਰੀਏ, ਚਾਅ ਤੇ ਖੁਸ਼ੀ ਨਾਲ ਬੇਫਿਕਰ ਹੋ ਕੇ ਰਸਤੇ ਦੀਆਂ ਮੰਜਲਾਂ ਤੈਅ ਕਰੀਏ। ਇਨ੍ਹਾਂ ਹਾਦਸਿਆਂ ਵਿੱਚ ਗਲਤੀ ਮਨੁੱਖ ਕਰਦਾ ਹੈ ਜੋ ਕਿ ਉਸ ਦੀ ਪ੍ਰਕ੍ਰਿਤੀ ਹੈ। ਜੇਕਰ ਗਲਤੀ ਸਹੀ ਢੰਗ ਨਾਲ ਸਵੀਕਾਰ ਕੀਤੀ ਹੋਵੇ ਤਾਂ ਇਹ ਵੀ ਸ਼ੁਕਰ ਵਾਲੀ ਗੱਲ ਬਣਦੀ ਹੈ ਤੇ ਅੱਗੇ ਤੋਂ ਗਲਤੀ ਦੀ ਸੰਭਾਵਨਾ ਘੱਟ ਜਾਂਦੀ ਹੈ। ਬਹਾਨੇਬਾਜ਼ੀ ਝੂਠ ਤੋਂ ਵੀ ਬੁਰੀ ਹੁੰਦੀ ਹੈ ਕਿਉਂਕਿ ਬਹਾਨੇਬਾਜ਼ੀ ਪਰਦੇ ਦੇ ਆਲੇ ਦੁਆਲੇ ਵਿੱਚ ਘਿਰੀ ਹੁੰਦੀ ਹੈ।

ਇੱਕ ਸਿਆਣਾ ਡਰਾਈਵਰ ਕਹਿੰਦਾ ਹੈ. “ਮੇਰੇ ਕੋਲ ਇੱਕ ਹੀ ਲੈਂਪ ਹੈ, ਜੋ ਮੇਰੇ ਪੈਰਾਂ ਨੂੰ ਅਗਵਾਈ ਦਿੰਦਾ ਹੈ, ਉਹ ਲੈਂਪ ਮੇਰਾ ਅਨੁਭਵ ਹੈ।” ਹਰ ਇੱਕ ਨੇ ਆਪਣੇ ਅਨੁਭਵ ਤੋਂ ਹੀ ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਕੁੱਝ ਸਿੱਖਣਾ ਹੈ। ਵਾਲਟੇਅਰ ਕਹਿੰਦਾ ਹੈ, “ਕੀ ਕੋਈ ਅਜਿਹਾ ਹੈ, ਜਿਹੜਾ ਦੂਸਰਿਆਂ ਦੇ ਹਾਦਸਿਆਂ ਤੋਂ ਕੁਝ ਸਿੱਖਦਾ ਹੈ।” ਹਰ ਇੱਕ ਕੰਮ ਦੀ ਆਪੋ ਆਪਣੀ ਤਕਨੀਕ ਤੇ ਅਨੁਭਵ ਹੈ। ਪ੍ਰਸਿੱਧ ਅੰਗਰੇਜ਼ੀ ਨਿਬੰਧਕਾਰ ਐਮਰਸਨ ਕਹਿੰਦਾ ਹੈ, “ਇੱਕ ਮੋਚੀ ਇੱਕ ਸੋਹਣਾ ਬੂਟ ਬਣਾਉਂਦਾ ਹੈ, ਕਿਉਂਕਿ ਉਹ ਹੋਰ ਕੁੱਝ ਨਹੀਂ ਬਣਾਉਂਦਾ।”

ਜ਼ਿੰਦਗੀ ਇੱਕ ਰੁਕਾਵਟ ਦੌੜ ਦੀ ਤਰ੍ਹਾਂ ਹੈ ਜਿਸ ਵਿੱਚ ਹਾਦਸਿਆਂ ਦੀਆਂ ਪਲ-ਪਲ ਰੁਕਾਵਟਾਂ ਹਨ। ਕੁੱਝ ਸਮਾਜਿਕ ਵਿਵਹਾਰ ਵਿੱਚ ਹਾਦਸੇ ਨਾਲ ਅਸੀਂ ਆਪਣੀ ਸੋਚ ਅਤੇ ਇਰਾਦੇ ਦੀ ਪੁਖਤਗੀ ਨਾਲ ਜੂਝ ਸਕਦੇ ਹਾਂ, ਪਰ ਜੋ ਦੁਰਘਟਨਾਵਾਂ ਦੇ ਹਾਦਸੇ ਹਨ ਉਹ ਸੋਚੀ-ਵਿਚਾਰੀ ਸਰਕਾਰੀ ਨੀਤੀ ਅਤੇ ਸਿਖਲਾਈ ਨਾਲ ਘਟ ਸਕਦੇ ਹਨ।