ਜ਼ੀਨਤ ਉਨ – ਨਿਸਾ ਦਾ ਚਰਿੱਤਰ ਚਿਤਰਨ – ਜ਼ਫ਼ਰਨਾਮਾ
ਇਕਾਂਗੀ ਵਿੱਚ ਆਏ ਪਾਤਰਾਂ ਦਾ ਚਰਿੱਤਰ ਚਿਤਰਨ ਕਰੋ।
ਇਕਾਂਗੀ – ਜ਼ਫ਼ਰਨਾਮਾ
ਲੇਖਕ – ਡਾ. ਹਰਚਰਨ ਸਿੰਘ
ਜਮਾਤ – ਦਸਵੀਂ
ਪਾਤਰ – ਜ਼ੀਨਤ ਉਨ – ਨਿਸਾ
ਜ਼ੀਨਤ ਉਨ – ਨਿਸਾ ਔਰੰਗਜ਼ੇਬ ਤੇ ਬੇਗ਼ਮ ਉਦੈਪੁਰੀ ਦੀ ਬੇਟੀ ਸੀ। ਉਹ ‘ਜ਼ਫ਼ਰਨਾਮਾ’ ਇਕਾਂਗੀ ਦੀ ਮੁੱਖ ਪਾਤਰ ਹੈ। ਉਸਨੇ ਆਪਣੀ ਉਮਰ ਦਾ ਵੱਡਾ ਹਿੱਸਾ ਆਪਣੇ ਪਿਤਾ ਦੀ ਖ਼ਿਦਮਤ ਵਿੱਚ ਬਤੀਤ ਕੀਤਾ ਸੀ।
ਪਿਤਾ ਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਨ ਵਾਲੀ – ਉਹ ਆਪਣੇ ਪਿਤਾ ਦੀ ਸਿਹਤ ਲਈ ਫ਼ਿਕਰਮੰਦ ਹੁੰਦੀ ਹੈ ਅਤੇ ਤੜਕਸਾਰ ਆਪਣੇ ਪਿਤਾ ਦੇ ਕਮਰੇ ਵਿੱਚ ਉਸ ਦੀ ਮਦਦ ਲਈ ਪਹੁੰਚ ਜਾਂਦੀ ਹੈ।
ਉਹ ਬੜੇ ਪਿਆਰ ਤੇ ਸਤਿਕਾਰ ਨਾਲ ਆਪਣੇ ਪਿਤਾ ਨੂੰ ਮਸਜਿਦ ਵਿੱਚ ਲੈ ਕੇ ਜਾਂਦੀ ਤੇ ਲੈ ਕੇ ਵੀ ਆਉਂਦੀ ਹੈ। ਉਸਦੀ ਅਜਿਹੀ ਬਿਰਤੀ ਨੂੰ ਦੇਖ ਕੇ ਤਾਂ ਔਰੰਗਜ਼ੇਬ ਕਹਿੰਦਾ ਹੈ ਕਿ ਖ਼ੁਦਾ ਹਰ ਇਨਸਾਨ ਨੂੰ ਅਜਿਹੀ ਬੇਟੀ ਦੇਵੇ।
ਸੱਚਾਈ ਪਸੰਦ ਸੁਭਾਅ ਦੀ ਮਾਲਿਕ – ਜ਼ੀਨਤ ਆਪਣੇ ਪਿਤਾ ਦੇ ਦੁੱਖ ਦਾ ਅਸਲੀ ਕਾਰਨ ਜਾਨਣ ਲਈ ਜਿੱਦ ਕਰਦੀ ਹੈ ਅਤੇ ਪਿਤਾ ਨੂੰ ਵੀ ਉਸਦੀ ਪਿਆਰ ਭਰੀ ਜਿੱਦ ਅੱਗੇ ਝੁੱਕਣਾ ਪੈਂਦਾ ਹੈ। ਉਹ ਆਪਣੇ ਦੁਖੀ ਹੋਣ ਦਾ ਅਸਲੀ ਕਾਰਨ ਜ਼ੀਨਤ ਨੂੰ ਦੱਸ ਦਿੰਦਾ ਹੈ।
ਰਾਜਨੀਤੀ ਦੀ ਸਮਝ – ਜਦੋਂ ਉਸਦਾ ਪਿਤਾ ਕਹਿੰਦਾ ਹੈ ਵਜ਼ੀਰ ਖ਼ਾਂ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਕਢਵਾਇਆ ਅਤੇ ਪਿਛੋਂ ਧੋਖੇ ਨਾਲ ਹਮਲਾ ਕਰ ਦਿੱਤਾ।
ਉਸਦੇ ਉੱਤਰ ਵਿੱਚ ਜ਼ੀਨਤ ਕਹਿੰਦੀ ਹੈ ਕਿ ਉਹ ਇਹ ਹਥਿਆਰ ਤਾਂ ਹਰ ਰੋਜ਼ ਮਰਾਠਿਆਂ ਦੇ ਵਿਰੁੱਧ ਵਰਤਦੇ ਹਨ।
ਭਾਵੁਕ ਸੁਭਾਅ ਦੀ – ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਕਹਿੰਦੀ ਹੈ ਕਿ ਇਹ ਤਾਂ ਜ਼ੁਲਮ ਦੀ ਹੱਦ ਹੈ।
ਪਿਤਾ ਤੋਂ ਨਾਰਾਜ਼ – ਉਹ ਕਹਿੰਦੀ ਹੈ ਕਿ ਉਸ ਦਾ ਪਿਤਾ ਛੋਟੇ – ਛੋਟੇ ਬੱਚਿਆਂ ਦੀ ਸ਼ਹੀਦੀ ਤੇ ਚੁੱਪ ਕਿਉਂ ਖੜ੍ਹਾ ਹੈ। ਰੱਬ ਦੇ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲੀ ਜ਼ੀਨਤ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਉਹ ਰੱਬ ਤੋਂ ਡਰਦਾ ਜ਼ਰੂਰ ਹੈ, ਮਗਰ ਉਸਨੂੰ ਪਿਆਰ ਨਹੀਂ ਕਰਦਾ। ਇਸੇ ਕਰਕੇ ਉਸਨੇ ਸਾਰੀ ਉਮਰ ਲੋਕਾਂ ਨੂੰ ਦੁਖੀ ਹੀ ਕੀਤਾ ਹੈ।