ਖ਼ੂਨ ਦਾਨ – ਪੈਰਾ ਰਚਨਾ
ਖ਼ੂਨ ਦਾਨ ਇਕ ਪ੍ਰਕਾਰ ਦਾ ਜੀਵਨ – ਦਾਨ ਹੈ, ਜਿਸ ਦਾ ਮੁਕਾਬਲਾ ਹੋਰ ਕੋਈ ਦਾਨ ਨਹੀਂ ਕਰ ਸਕਦਾ। ਗੰਭੀਰ ਬਿਮਾਰੀ, ਦੁਰਘਟਨਾ ਜਾਂ ਜੰਗ ਦੀ ਹਾਲਤ ਵਿੱਚ ਕਿਸੇ ਮਨੁੱਖ ਨੂੰ ਖ਼ੂਨ ਦੀ ਲੋੜ ਪੈ ਸਕਦੀ ਹੈ, ਪਰ ਜੇਕਰ ਉਸ ਨੂੰ ਲੋੜੀਂਦਾ ਖ਼ੂਨ ਨਾ ਮਿਲ ਸਕੇ ਤਾਂ ਉਸ ਦੀ ਜੀਵਨ – ਜੋਤ ਬੁਝ ਸਕਦੀ ਹੈ। ਇਸ ਦੇ ਉਲਟ ਜੇਕਰ ਉਸ ਨੂੰ ਲੋੜੀਂਦਾ ਖ਼ੂਨ ਮਿਲ ਜਾਵੇ, ਤਾਂ ਉਸ ਦੀ ਜਾਨ ਬਚ ਸਕਦੀ ਹੈ। ਅਜਿਹੀ ਸੰਕਟ ਦੀ ਸਥਿਤੀ ਵਿੱਚ ਖ਼ੂਨ ਦਾ ਦਾਨ ਦੇਣ ਵਾਲਾ ਉਸ ਲਈ ਰੱਬ ਦਾ ਰੂਪ ਹੁੰਦਾ ਹੈ। ਅਜਿਹਾ ਆਦਮੀ ਮਨੁੱਖਤਾ ਦੇ ਉੱਚੇ ਦਰਜੇ ਤਕ ਪਹੁੰਚਿਆ ਹੁੰਦਾ ਹੈ। ਉਹ ਸਮਾਜ ਵਿੱਚ ਸੱਚੇ ਸਨਮਾਨ ਤੇ ਪ੍ਰਸ਼ੰਸਾ ਦਾ ਪਾਤਰ ਹੁੰਦਾ ਹੈ।
ਕਹਿੰਦੇ ਹਨ ਰੱਬ ਉਸ ਨੂੰ ਪਿਆਰ ਕਰਦਾ ਹੈ, ਜਿਹੜਾ ਰੱਬ ਦੇ ਬੰਦਿਆਂ ਨੂੰ ਪਿਆਰ ਕਰਦਾ ਹੈ। ਆਪਣੇ ਅਜਿਹੇ ਕੰਮ ਨਾਲ ਮਨੁੱਖ ਸਮਾਜ ਨੂੰ ਆਪਣਾ ਰਿਣੀ ਬਣਾ ਲੈਂਦਾ ਹੈ। ਉਸ ਦੇ ਅਜਿਹਾ ਕਰਨ ਨਾਲ ਇਕ ਕੀਮਤੀ ਜਾਨ ਬਚ ਜਾਂਦੀ ਹੈ। ਉਸ ਦਾ ਪਰਿਵਾਰ ਖਿੜ ਜਾਂਦਾ ਹੈ, ਉਸ ਦੇ ਰਿਸ਼ਤੇਦਾਰ ਪ੍ਰਸੰਨ ਹੋ ਜਾਂਦੇ ਹਨ ਅਤੇ ਉਹ ਸੱਭ ਦੀ ਸੱਚੀ ਖੁਸ਼ੀ ਪ੍ਰਾਪਤ ਕਰਦਾ ਹੈ। ਉਸ ਦੁਆਰਾ ਇਕ ਕੀਮਤੀ ਜਾਨ ਬਚਾਉਣ ਨਾਲ ਕਿੰਨੇ ਬੱਚਿਆਂ ਦਾ ਧੁੰਦਲਾ ਹੋ ਰਿਹਾ ਭਵਿੱਖ ਰੌਸ਼ਨ ਹੋ ਉੱਠਦਾ ਹੈ, ਕਿੰਨੇ ਕੰਮ ਅਧੂਰੇ ਰਹਿ ਜਾਣ ਦਾ ਖ਼ਤਰਾ ਟਲ ਜਾਂਦਾ ਹੈ।
ਇਸ ਪ੍ਰਕਾਰ ਖ਼ੂਨ – ਦਾਨ ਜਿੱਥੇ ਇਕ ਮਹਾਨ ਪਰਉਪਕਾਰ ਹੈ, ਉੱਥੇ ਇਕ ਉਸਾਰੂ ਕੰਮ ਹੈ, ਇਕ ਦੈਵੀ ਸ਼ਕਤੀ ਹੈ। ਇਸ ਕਰਕੇ ਸਾਨੂੰ, ਜਦੋਂ ਵੀ ਕਿਸੇ ਵਿਅਕਤੀ ਨੂੰ ਖ਼ੂਨ ਦੀ ਲੋੜ ਪਵੇ, ਝਟਪਟ ਇਸ ਕੰਮ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਖ਼ੂਨ ਦੀ ਲੋੜ ਭੂਚਾਲ ਤੇ ਲੜਾਈ ਦੇ ਦਿਨਾਂ ਵਿੱਚ ਵੀ ਪੈਂਦੀ ਹੈ। ਇਨ੍ਹਾਂ ਸਥਿਤੀਆਂ ਦਾ ਟਾਕਰਾ ਕਰਨ ਲਈ ਸਰਕਾਰੀ ਏਜੰਸੀਆਂ, ਬਹੁਤ ਸਾਰੀਆਂ ਸਮਾਜ – ਸੇਵੀ ਜਥੇਬੰਦੀਆਂ, ਕਲੱਬਾਂ ਤੇ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਖ਼ੂਨ ਦਾਨ ਨਾਲ ਖ਼ੂਨ ਦਾ ਭੰਡਾਰ ਕਰਕੇ ਰੱਖਦੀਆਂ ਹਨ। ਸਾਨੂੰ ਇਨ੍ਹਾਂ ਸੰਸਥਾਵਾਂ ਨੂੰ ਆਪ ਵੀ ਆਪਣਾ ਖ਼ੂਨ ਦਿੰਦੇ ਰਹਿਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਵੀ ਖ਼ੂਨ ਦਾਨ ਦੀ ਪ੍ਰੇਰਨਾ ਕਰਨੀ ਚਾਹੀਦੀ ਹੈ।