CBSEClass 9th NCERT PunjabiEducationPunjab School Education Board(PSEB)

ਹੋ ਫਿਰ ਵੀ…… ਤਰਲੇ ਲੈ ਰਿਹਾ।


ਬਿਨਫ਼ਸ਼ਾਂ ਦਾ ਫੁੱਲ : ਭਾਈ ਵੀਰ ਸਿੰਘ ਜੀ


ਬਿਨਫਸ਼ਾਂ ਦਾ ਫੁੱਲ : ਪ੍ਰਸੰਗ ਸਹਿਤ ਵਿਆਖਿਆ


ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਹੋ ਫਿਰ ਵੀ ਟੁੱਟਾਂ ਹਾਇ ਵਿਛੋੜਨ ਵਾਲਿਓ ।

ਮੇਰੀ ਭਿੰਨੀ ਇਹ ਖ਼ੁਸ਼ਬੋਇ, ਕਿਵੇਂ ਨਾ ਛਿਪਦੀ ।

ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪੇ ਟੁਰ ਜਾਣ ਦੀ,

ਹਾਂ, ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿਚ ਦਰਜ ਭਾਈ ਸਿੰਘ ਦੀ ਲਿਖੀ ਹੋਈ ਕਵਿਤਾ ‘ਬਿਨਫਸ਼ਾਂ ਦਾ ਫੁੱਲ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਭਾਈ ਸਾਹਿਬ ਨੇ ਪ੍ਰਭੂ-ਪ੍ਰੇਮ ਵਿਚ ਰੰਗੇ ਇਕ ਸਾਧਕ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਉਹ ਦੁਨੀਆ ਵਿਚ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇਹ ਕਵਿਤਾ ਭਾਈ ਸਾਹਿਬ ਦੀ ਆਪਣੀ ਸ਼ਖ਼ਸੀਅਤ ਦੀ ਲਖਾਇਕ ਹੈ। ਇਸ ਵਿਚ ਭਾਈ ਸਾਹਿਬ ਨੇ ਇਕ ਸਾਧਕ ਨੂੰ (ਜਾਂ ਆਪਣੇ ਆਪ ਨੂੰ) ਬਨਫਸ਼ੇ ਦੇ ਇਕ ਫੁੱਲ ਦੇ ਚਿੰਨ੍ਹ ਦੇ ਰੂਪ ਵਿਚ ਪੇਸ਼ ਕੀਤਾ ਹੈ।

ਵਿਆਖਿਆ : ਭਾਈ ਸਾਹਿਬ ਬਨਫਸ਼ੇ ਦੇ ਫੁੱਲ ਦਾ ਮਾਨਵੀਕਰਨ ਕਰਦੇ ਹੋਏ ਉਸ ਦੇ ਮੂੰਹੋਂ ਅਖਵਾਉਂਦੇ ਹਨ, “ਮੇਰੀ ਇਹ ਇੱਛਾ ਹੈ ਕਿ ਮੇਰੀ ਹੋਂਦ ਦਾ ਕਿਸੇ ਨੂੰ ਕੁੱਝ ਪਤਾ ਨਾ ਲੱਗੇ ਤੇ ਮੈਂ ਲੁਕ-ਛਿਪ ਕੇ ਆਪਣੇ ਪ੍ਰੀਤਮ ਦੇ ਪਿਆਰ ਵਿਚ ਮਸਤ ਰਹਿੰਦਾ ਹੋਇਆ ਜੀਵਨ ਗੁਜ਼ਾਰਨਾ ਚਾਹੁੰਦਾ ਰਹਾਂ। ਪਰ ਹਾਇ ਵਿਛੋੜਨ ਵਾਲਿਓ ! ਮੈਨੂੰ ਫਿਰ ਵੀ ਤੋੜ ਦਿੱਤਾ ਜਾਂਦਾ ਹੈ, ਕਿਉਂਕਿ ਮੇਰੀ ਭਿੰਨੀ ਖ਼ੁਸ਼ਬੂ ਕਿਸੇ ਤਰ੍ਹਾਂ ਵੀ ਨਹੀਂ ਛਿਪ ਸਕਦੀ। ਮੇਰੀ ਚਾਹ ਇਹੋ ਹੀ ਹੈ ਕਿ ਮੈਂ ਛਿਪਿਆ ਹੀ ਰਹਾਂ ਤੇ ਛਿਪਿਆ ਹੀ ਇਸ ਦੁਨੀਆ ਤੋਂ ਚਲਾ ਜਾਵਾਂ l। ਇਸ ਲਈ ਮੈਂ ਤਰਲੇ ਲੈ ਰਿਹਾ ਹਾਂ ; ਪਰ ਮੇਰੀ ਇਹ ਚਾਹ ਪੂਰੀ ਨਹੀਂ ਹੁੰਦੀ।” ਭਾਵ ਪ੍ਰਭੂ ਪ੍ਰੇਮ ਵਲ ਜੁੜੇ ਜਗਿਆਸੂ ਦੀ ਵਡਿਆਈ ਛਿਪੀ ਨਹੀਂ ਰਹਿੰਦੀ; ਇਸ ਕਰਕੇ ਉਸ ਦੀ ਆਪਣੀ ਹੋਂਦ ਨੂੰ ਜਾਹਰ ਨਾ ਕਰਨ ਦੀ ਇੱਛਾ ਪੂਰੀ ਨਹੀਂ ਹੁੰਦੀ।