ਹਰੀ ਸਿੰਘ ਨਲਵਾ
ਪ੍ਰਸ਼ਨ. ਹਰੀ ਸਿੰਘ ਨਲਵਾ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ : ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਮਹਾਨ ਅਤੇ ਨਿਡਰ ਜਰਨੈਲ ਸੀ। ਘੋੜਸਵਾਰੀ, ਤਲਵਾਰ-ਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਉਸ ਸਮੇਂ ਉਸ ਦਾ ਕੋਈ ਸਾਨੀ ਨਹੀਂ ਸੀ। ਉਹ ਇੱਕ ਮਹਾਨ ਯੋਧਾ ਹੋਣ ਦੇ ਨਾਲ-ਨਾਲ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ। ਉਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ ਸੀ। ਛੇਤੀ ਹੀ ਉਹ ਉੱਨਤੀ ਦੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਸੈਨਾਪਤੀ ਦੇ ਉੱਚ ਅਹੁਦੇ ‘ਤੇ ਪਹੁੰਚ ਗਿਆ।
ਇੱਕ ਵਾਰੀ ਹਰੀ ਸਿੰਘ ਨੇ ਆਪਣੇ ਹੱਥਾਂ ਨਾਲ ਇੱਕ ਸ਼ੇਰ ਨੂੰ ਮਾਰ ਦਿੱਤਾ ਸੀ, ਜਿਸ ‘ਤੇ ਮਹਾਰਾਜੇ ਨੇ ਉਸ ਨੂੰ ਨਲਵਾ ਦੇ ਖਿਤਾਬ ਨਾਲ ਸਨਮਾਨਿਆ। ਉਹ ਏਨਾ ਬਹਾਦਰ ਸੀ ਕਿ ਦੁਸ਼ਮਣ ਵੀ ਉਸ ਤੋਂ ਥਰ-ਥਰ ਕੰਬਦੇ ਸਨ। ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸੈਨਿਕ ਮੁਹਿੰਮਾਂ ਵਿੱਚ ਹਿੱਸਾ ਲਿਆ ਅਤੇ ਹਰ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਕੀਤੀ।
ਉਹ 1820-21 ਈ. ਵਿੱਚ ਕਸ਼ਮੀਰ ਅਤੇ 1834 ਈ. ਤੋਂ 1837 ਈ. ਤਕ ਪਿਸ਼ਾਵਰ ਦੇ ਨਾਜ਼ਿਮ (ਗਵਰਨਰ) ਰਹੇ। ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਨਾ ਸਿਰਫ਼ ਸ਼ਾਂਤੀ ਸਥਾਪਿਤ ਕੀਤੀ ਸਗੋਂ ਅਨੇਕਾਂ ਮਹੱਤਵਪੂਰਨ ਸੁਧਾਰ ਵੀ ਲਾਗੂ ਕੀਤੇ।
ਉਹ 30 ਅਪਰੈਲ, 1837 ਈ. ਨੂੰ ਜਮਰੌਦ ਵਿਖੇ ਅਫ਼ਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ। ਉਸ ਦੀ ਮੌਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਭਾਰੀ ਸਦਮਾ ਪਹੁੰਚਿਆ ਤੇ ਉਹ ਕਈ ਦਿਨਾਂ ਤਕ ਦੁਖੀ ਹੁੰਦੇ ਰਹੇ।
ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮਜ਼ਬੂਤ ਕਰਨ ਅਤੇ ਉਸ ਦੇ ਵਿਸਥਾਰ ਵਿੱਚ ਹਰੀ ਸਿੰਘ ਨਲਵਾ ਨੇ ਬਹੁਮੁੱਲਾ ਯੋਗਦਾਨ ਦਿੱਤਾ।