CBSEEducationHistoryHistory of Punjab

ਹਰਿਮੰਦਰ ਸਾਹਿਬ ਦੀ ਸਥਾਪਨਾ


ਪ੍ਰਸ਼ਨ. ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ।

ਉੱਤਰ : ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਦੇ ਮਹਾਨ ਕਾਰਜਾਂ ਵਿੱਚੋਂ ਇੱਕ ਸੀ। ਇਸ ਦਾ ਨਿਰਮਾਣ ਅੰਮ੍ਰਿਤ ਸਰੋਵਰ ਵਿਚਕਾਰ ਸ਼ੁਰੂ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਪ੍ਰਸਿੱਧ ਸੂਫੀ ਸੰਤ ਮੀਆਂ ਮੀਰ ਜੀ ਤੋਂ 13 ਜਨਵਰੀ, 1588 ਈ. ਨੂੰ ਰਖਵਾਈ। ਇਸ ਸਮੇਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਇਹ ਸੁਝਾਅ ਦਿੱਤਾ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਆਲੇ-ਦੁਆਲੇ ਦੀਆਂ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੋਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਦਾ ਕਹਿਣਾ ਸੀ ਕਿ ਜੋ ਨੀਵਾਂ ਹੋਵੇਗਾ ਉਹ ਹੀ ਉੱਚਾ ਕਹਾਉਣ ਦੇ ਯੋਗ ਹੋਵੇਗਾ। ਇਸ ਲਈ ਇਸ ਦੀ ਇਮਾਰਤ ਹੋਰਨਾਂ ਇਮਾਰਤਾਂ ਨਾਲੋਂ ਨੀਵੀਂ ਰੱਖੀ ਗਈ।

ਹਰਿਮੰਦਰ ਸਾਹਿਬ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦੀਆਂ ਚਾਰੇ ਦਿਸ਼ਾਵਾਂ ਵੱਲ ਇੱਕ-ਇੱਕ ਦਰਵਾਜ਼ਾ ਬਣਾਇਆ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਸੰਸਾਰ ਦੀਆਂ ਚਾਰੇ ਦਿਸ਼ਾਵਾਂ ਤੋਂ ਲੋਕ ਬਿਨਾਂ ਕਿਸੇ ਜਾਤ-ਪਾਤ ਜਾਂ ਹੋਰ ਵਿਤਕਰੇ ਦੇ ਇੱਥੇ ਆ ਸਕਦੇ ਸਨ। 1601 ਈ. ਵਿੱਚ ਹਰਿਮੰਦਰ ਸਾਹਿਬ ਦੇ ਨਿਰਮਾਣ ਦਾ ਕਾਰਜ ਸੰਪੂਰਨ ਹੋਇਆ। ਹਰਿਮੰਦਰ ਸਾਹਿਬ ਦੀ ਸ਼ਾਨ ਨੂੰ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ :

ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ॥

ਇਸੇ ਸਮੇਂ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਨੂੰ ਹਿੰਦੂਆਂ ਦੇ 68 ਤੀਰਥ ਸਥਾਨਾਂ ਦੀ ਯਾਤਰਾਂ ਦੇ ਬਰਾਬਰ ਫਲ ਪ੍ਰਾਪਤ ਹੋਵੇਗਾ। ਜੇ ਕੋਈ ਯਾਤਰੂ ਸੱਚੀ ਸ਼ਰਧਾ ਨਾਲ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਨੂੰ ਇਸ ਭਵਸਾਗਰ ਤੋਂ ਮੁਕਤੀ ਪ੍ਰਾਪਤ ਹੋਵੇਗੀ। ਇਸ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ। ਉਹ ਵੱਡੀ ਗਿਣਤੀ ਵਿੱਚ ਇੱਥੇ ਪੁੱਜਣ ਲੱਗ ਪਏ। ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਵਿੱਚ ਬੜੀ ਸਹਾਇਤਾ ਮਿਲੀ। 16 ਅਗਸਤ, 1604 ਈ. ਨੂੰ ਇੱਥੇ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ। ਇਸ ਤਰ੍ਹਾਂ ਹਰਿਮੰਦਰ ਸਾਹਿਬ ਸੇਵਾ, ਸਿਮਰਨ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਬਣ ਗਿਆ।