ਹਜ਼ਰੋ ਦੀ ਲੜਾਈ


ਪ੍ਰਸ਼ਨ. ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ।

ਉੱਤਰ : ਮਾਰਚ, 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਗਵਰਨਰ ਜਹਾਂਦਾਦ ਖ਼ਾਂ ਤੋਂ ਇੱਕ ਲੱਖ ਰੁਪਏ ਬਦਲੇ ਅਟਕ ਦਾ ਕਿਲ੍ਹਾ ਪ੍ਰਾਪਤ ਕਰ ਲਿਆ ਸੀ। ਇਹ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ।

ਜਦੋਂ ਫ਼ਤਹਿ ਖ਼ਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ। ਉਹ ਕਸ਼ਮੀਰ ਤੋਂ ਆਪਣੇ ਨਾਲ ਭਾਰੀਫ਼ੌਜਾਂ ਲੈ ਕੇ ਅਟਕ ਵੱਲ ਚਲ ਪਿਆ। ਉਸ ਨੇ ਸਿੱਖਾਂ ਵਿਰੁੱਧ ਜਿਹਾਦ ਦਾ ਨਾਅਰਾ ਲਗਾਇਆ।

ਫ਼ਤਹਿ ਖ਼ਾਂ ਦੀ ਸਹਾਇਤਾ ਲਈ ਕਾਬਲ ਤੋਂ ਵੀ ਕੁਝ ਸੈਨਿਕ ਸਹਾਇਤਾ ਭੇਜੀ ਗਈ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਅਟਕ ਦੇ ਕਿਲ੍ਹੇ ਦੀ ਰਾਖੀ ਲਈ ਇੱਕ ਵਿਸ਼ਾਲ ਸੈਨਾ ਆਪਣੇ ਪ੍ਰਸਿੱਧ ਸੈਨਾਪਤੀ ਸ: ਹਰੀ ਸਿੰਘ ਨਲਵਾ, ਸ: ਜੋਧ ਸਿੰਘ ਰਾਮਗੜ੍ਹੀਆ ਅਤੇ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਭੇਜੀ।

13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੇ ਸਥਾਨ ‘ਤੇ ਦੋਹਾਂ ਫ਼ੌਜਾਂ ਵਿਚਾਲੇ ਇੱਕ ਘਮਸਾਣ ਦੀ ਲੜਾਈ ਹੋਈ। ਇਸ ਲੜਾਈ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਹਿ ਖ਼ਾਂ ਨੂੰ ਇੱਕ ਕਰਾਰੀ ਹਾਰ ਦਿੱਤੀ।

ਇਸ ਕਾਰਨ ਜਿੱਥੇ ਅਟਕ ‘ਤੇ ਰਣਜੀਤ ਸਿੰਘ ਦਾ ਅਧਿਕਾਰ ਪੱਕਾ ਹੋ ਗਿਆ ਉੱਥੇ ਉਨ੍ਹਾਂ ਦੀ ਪ੍ਰਸਿੱਧੀ ਕਾਫ਼ੀ ਦੂਰ-ਦੂਰ ਤਕ ਫੈਲ ਗਈ।