ਸੱਜੀ ਬਾਂਹ ਹੋਣਾ (ਪੱਕਾ ਸਾਥੀ) — ਮਰਦਾਨਾ ਗੁਰੂ ਨਾਨਕ ਦੇਵ ਜੀ ਦੀ ਸੱਜੀ ਬਾਂਹ ਸੀ।
ਸੱਪ ਸੁੰਘ ਜਾਣਾ (ਦਿਲ ਢਹਿ ਜਾਣਾ) — ਲੋਕ ਆਪਣੇ ਹੱਕਾਂ ਲਈ ਬੜਾ ਰੌਲਾ ਪਾਉਂਦੇ ਹਨ, ਪਰ ਜਦੋਂ ਉਨ੍ਹਾਂ ਦੇ ਫ਼ਰਜ਼ਾਂ ਦੀ ਗੱਲ ਕਰੋ, ਤਾਂ ਪਤਾ ਨਹੀਂ ਕੀ ਸੱਪ ਸੁੰਘ ਜਾਂਦਾ ਹੈ।
ਸੱਪਾਂ ਨੂੰ ਦੁੱਧ ਪਿਲਾਉਣਾ (ਦੁਸ਼ਮਣ ਨੂੰ ਪਾਲਣਾ) – ਚਰਨਿਆ, ਕਾਹਨੂੰ ਸੱਪਾਂ ਨੂੰ ਦੁੱਧ ਪਿਲਾਉਂਦਾ ਹੈਂ? ਇਹ ਬਗਲਾ ਭਗਤ ਜੀਤਾ ਤੈਨੂੰ ਕਿਸੇ ਦਿਨ ਜ਼ਰੂਰ ਡੰਗ ਮਾਰੇਗਾ।
ਸਬਰ ਦਾ ਘੁੱਟ ਭਰਨਾ (ਹੌਂਸਲੇ ਨਾਲ ਨੁਕਸਾਨ ਨੂੰ ਸਹਿ ਲੈਣਾ) – ਰੱਬ ਦੀ ਕੀਤੀ ਨੂੰ ਕੋਈ ਨਹੀਂ ਟਾਲ ਸਕਦਾ। ਬੰਦੇ ਨੂੰ ਸਬਰ ਦਾ ਘੁੱਟ ਭਰ ਕੇ ਹੀ ਦਿਨ ਕੱਟਣੇ ਪੈਂਦੇ ਹਨ।
ਸਬਰ ਦਾ ਪਿਆਲਾ ਛਲਕਣਾ (ਵਧੀਕੀ ਸਹਾਰਨ ਦੀ ਹਿੰਮਤ ਨਾ ਰਹਿਣਾ) – ਮੈਂ ਆਪਣੇ ਮਾਲਕ ਦੀਆਂ ਵਧੀਕੀਆਂ ਤੋਂ ਤੰਗ ਆ ਗਿਆ ਹਾਂ। ਹੁਣ ਮੇਰੇ ਸਬਰ ਦਾ ਪਿਆਲਾ ਛਲਕਣ ਲੱਗ ਪਿਆ ਹੈ।
ਸਮੇਂ ਦੀ ਨਬਜ਼ ਪਛਾਣਨਾ (ਸਮੇਂ ਦਾ ਰੁਖ਼ ਪਛਾਣ ਕੇ ਕੰਮ ਕਰਨਾ) — ਜਿਹੜੇ ਲੋਕ ਸਮੇਂ ਦੀ ਨਬਜ਼ ਪਛਾਣ ਕੇ ਚਲਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿੱਚ ਔਖੇ ਨਹੀਂ ਹੋਣਾ ਪੈਂਦਾ।
ਸ਼ਸ਼ੋਪੰਜ ਵਿੱਚ ਪੈਣਾ (ਝਿਜਕ ਤੇ ਸੋਚ ਵਿੱਚ ਪੈਣਾ) —ਜੇਕਰ ਤੁਹਾਨੂੰ ਮੁੰਡਾ ਆਪਣੀ ਪੜ੍ਹਾਈ ਕਰ ਕੇ ਪਸੰਦ ਹੈ, ਤਾਂ ਤੁਸੀਂ ਆਪਣੀ ਧੀ ਦਾ ਉਸ ਨਾਲ ਰਿਸ਼ਤਾ ਕਰ ਦੇਵੋ। ਐਵੇਂ ਸ਼ਸ਼ੋਪੰਜ ਵਿੱਚ ਨਾ ਪਵੋ।
ਸ਼ਰਮ ਨਾਲ ਪਾਣੀ-ਪਾਣੀ ਹੋਣਾ (ਬਹੁਤ ਸ਼ਰਮਸਾਰ ਹੋਣਾ) – ਜਦੋਂ ਰਾਮੇ ਨੇ ਭਰੀ ਸਭਾ ਵਿੱਚ ਮੇਰੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ।
ਸਾਹ ਸਤ ਮੁੱਕ ਜਾਣਾ (ਘਬਰਾ ਜਾਣਾ) – ਇਮਤਿਹਾਨ ਵਿੱਚ ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਮੇਰਾ ਸਾਹ ਸਤ ਮੁੱਕ ਗਿਆ।
ਸਾਹ ਨਾ ਲੈਣ ਦੇਣਾ (ਆਰਾਮ ਨਾ ਮਿਲਣਾ)— ਮੈਨੂੰ ਤਾਂ ਸਾਰਾ ਦਿਨ ਘਰ ਦੇ ਕੰਮ ਹੀ ਸਾਹ ਨਹੀਂ ਲੈਣ ਦਿੰਦੇ।
ਸ਼ਾਨ ਨੂੰ ਵੱਟਾ ਲਾਉਣਾ (ਬਦਨਾਮੀ ਕਰਵਾਉਣੀ) – ਅਸੀਂ ਭਾਰਤ ਵਾਸੀ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੀ ਮਾਤ-ਭੂਮੀ ਦੀ ਸ਼ਾਨ ਨੂੰ ਵੱਟਾ ਨਹੀਂ ਲੱਗਣ ਦਿਆਂਗੇ।
ਸਿੱਕਾ ਜੰਮਣਾ (ਮੰਨਿਆ-ਪ੍ਰਮੰਨਿਆ ਹੋਣਾ) – ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਦਾ ਚਾਰੇ ਪਾਸੇ ਸਿੱਕਾ ਜੰਮਿਆ ਹੋਇਆ ਸੀ।
ਸਿੱਧੇ ਮੂੰਹ ਗੱਲ ਨਾ ਕਰਨੀ (ਹੰਕਾਰੀ ਹੋਣਾ) – ਜਦੋਂ ਦਾ ਰਾਮੀ ਦਾ ਪੁੱਤਰ ਅਮਰੀਕਾ ਚਲਾ ਗਿਆ ਹੈ, ਉਦੋਂ ਦੀ ਉਹ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ।
ਸਿਰ ਸਿਹਰਾ ਆਉਣਾ (ਕਿਸੇ ਕੰਮ ਦੀ ਸਫਲਤਾ ਦੀ ਵਡਿਆਈ ਮਿਲਣੀ) – ਭਾਰਤ ਦੀ ਅਜ਼ਾਦੀ ਦਾ ਸਿਹਰਾ ਸ: ਭਗਤ ਸਿੰਘ ਵਰਗੇ ਸੂਰਮਿਆਂ ਦੇ ਸਿਰ ਆਉਂਦਾ ਹੈ।
ਸਿਰ ਖੁਰਕਣ ਦੀ ਵਿਹਲ ਨਾ ਹੋਣੀ (ਬਹੁਤ ਰੁਝੇਵਾਂ ਹੋਣਾ) – ਅੱਜ-ਕਲ੍ਹ ਮੈਨੂੰ ਘਰ ਦੇ ਕੰਮਾਂ ਵਿਚੋਂ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ।
ਸਿਰ ਤਲੀ ‘ਤੇ ਧਰਨਾ (ਜਾਨ ਦੀ ਪਰਵਾਹ ਨਾ ਕਰਨੀ) – ਦੇਸ਼-ਭਗਤ ਭਾਰਤ ਦੀ ਅਜ਼ਾਦੀ ਲਈ ਸਿਰ ਤਲੀ ‘ਤੇ ਧਰ (ਰੱਖ) ਕੇ ਜੂਝੇ।
ਸਿਰ ‘ਤੇ ਕੁੰਡਾ ਨਾ ਹੋਣਾ (ਮੰਦੇ ਪਾਸਿਓਂ ਰੋਕਣ ਵਾਲਾ ਕੋਈ ਵੱਡਾ ਮਨੁੱਖ ਸਿਰ ‘ਤੇ ਨਾ ਹੋਣਾ) – ਮਨਦੀਪ ਦੇ ਸਿਰ ‘ਤੇ ਕੁੰਡਾ ਨਾ ਹੋਣ ਕਰਕੇ ਉਹ ਬੁਰੀ ਸੰਗਤ ਵਿੱਚ ਪੈ ਗਿਆ।
ਸਿਰ ‘ਤੇ ਜੂੰ ਨਾ ਸਰਕਣਾ (ਪਰਵਾਹ ਨਾ ਕਰਨੀ) – ਸਾਡੇ ਬੱਚੇ ਅਜਿਹੇ ਨਾਲਾਇਕ ਹਨ ਕਿ ਇਨ੍ਹਾਂ ਨੂੰ ਜਿੰਨੀਆਂ ਮਰਜ਼ੀ ਨਸੀਹਤਾਂ ਦੇਈ ਜਾਓ, ਪਰ ਇਨ੍ਹਾਂ ਦੇ ਸਿਰ ‘ਤੇ ਜੂੰ ਨਹੀਂ ਸਰਕਦੀ।
ਸਿਰ ‘ਤੇ ਪੈਰ ਰੱਖ ਕੇ ਨੱਸਣਾ (ਬੇਤਹਾਸ਼ਾ ਦੌੜ ਪੈਣਾ) – ਭਾਰਤੀ ਫ਼ੌਜ ਦੇ ਹਮਲੇ ਦੀ ਮਾਰ ਨਾ ਸਹਿੰਦੀ ਹੋਈ ਪਾਕਿਸਤਾਨੀ ਫ਼ੌਜ ਸਿਰ ‘ਤੇ ਪੈਰ ਰੱਖ ਕੇ ਨੱਸ ਗਈ।
ਸਿਰ ਪੈਰ ਨਾ ਹੋਣਾ (ਗੱਲ ਦੀ ਸਮਝ ਨਾ ਪੈਣੀ)— ਉਸ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ।
ਸੁਖ ਦਾ ਸਾਹ ਆਉਣਾ ( ਕੁੱਝ ਆਰਾਮ ਤੇ ਸੁਖ ਮਿਲਣਾ) – ਗ਼ਰੀਬ ਆਦਮੀ ਨੂੰ ਜ਼ਿੰਦਗੀ ਵਿੱਚ ਸੁਖ ਦਾ ਸਾਹ ਘੱਟ ਹੀ ਆਉਂਦਾ ਹੈ।
ਸ਼ੇਰ ਹੋ ਜਾਣਾ (ਦਲੇਰ ਹੋ ਜਾਣਾ) – ਜਦੋਂ ਉਸ ਦੇ ਘਰ ਵਿੱਚ ਚੋਰ ਆ ਵੜੇ, ਤਾਂ ਉਹ ਘਬਰਾ ਗਿਆ, ਪਰੰਤੂ ਜਦੋਂ ਉਸ ਨੇ ਗੁਆਂਢੀਆਂ ਨੂੰ ਆਪਣੀ ਮੱਦਦ ਲਈ ਆਉਂਦਿਆ ਦੇਖਿਆ, ਤਾਂ ਉਹ ਚੋਰਾਂ ਨੂੰ ਫੜਨ ਲਈ ਸ਼ੇਰ ਹੋ ਗਿਆ।
ਸ਼ੇਰ ਦੀ ਮੁੱਛ ਫੜਨਾ (ਤਾਕਤਵਰ ਨਾਲ ਆਢਾ ਲਾਉਣਾ) – ਪਾਕਿਸਤਾਨ ਨੇ ਭਾਰਤ ਉੱਪਰ ਹਮਲਾ ਤਾਂ ਕਰ ਦਿੱਤਾ, ਪਰ ਉਸ ਨੂੰ ਪਤਾ ਨਹੀਂ ਸੀ ਕਿ ਸ਼ੇਰ ਦੀ ਮੁੱਛ ਨੂੰ ਫੜਨਾ ਉਸ ਨੂੰ ਮਹਿੰਗਾ ਪਵੇਗਾ।
ਸੈਲ ਪੱਥਰ ਹੋਣਾ (ਚੁੱਪ ਧਾਰ ਲੈਣੀ) – ਮੇਰੇ ਹੱਥੋਂ ਖ਼ਰੀਆਂ-ਖਰੀਆਂ ਸੁਣ ਕੇ ਉਹ ਬੋਲੀ ਨਹੀਂ, ਬੱਸ ਸੈਲ ਪੱਥਰ ਹੋ ਗਈ।
ਸੋਨੇ ‘ਤੇ ਸੁਹਾਗੇ ਦਾ ਕੰਮ ਕਰਨਾ (ਹੋਰ ਚਮਕਾ ਦੇਣਾ) — ਉਸ ਦੀ ਕਵਿਤਾ ਤਾਂ ਉਂਞ ਹੀ ਵਧੀਆ ਸੀ, ਪਰੰਤੂ ਉਸ ਦੀ ਸੁਰੀਲੀ ਅਵਾਜ਼ ਨੇ ਸੋਨੇ ‘ਤੇ ਸੁਹਾਗੇ ਦਾ ਕੰਮ ਕੀਤਾ।
ਸੌ ਦੀ ਇੱਕੋ ਮੁਕਾਉਣਾ (ਮੁੱਕਦੀ ਗੱਲ ਕਰਨੀ)— ਮੈਂ ਤਾਂ ਸੌ ਦੀ ਇੱਕੋ ਮੁਕਾਉਂਦਾ ਹਾਂ ਕਿ ਜੇਕਰ ਤੂੰ ਜੂਆ ਖੇਡਣਾ ਤੇ ਸ਼ਰਾਬ ਪੀਣੀ ਨਾ ਛੱਡੀ, ਤਾਂ ਤੇਰੇ ਘਰ ਦਾ ਝੁੱਗਾ ਚੌੜ ਹੋ ਜਾਵੇਗਾ।
ਸਿਰ ਫਿਰ ਜਾਣਾ (ਅਕਲ ਮਾਰੀ ਜਾਣੀ) – ਬਹੁਤਾ ਧਨ ਆ ਜਾਣ ਨਾਲ ਉਸ ਦਾ ਸਿਰ ਫਿਰ ਗਿਆ ਹੈ। ਇਸੇ ਕਰਕੇ ਹੀ ਉਹ ਭੁੱਲ ਗਿਆ ਹੈ ਕਿ ਆਪਣੇ ਵੱਡਿਆਂ ਦੀ ਇੱਜ਼ਤ ਕਿਵੇਂ ਕਰੀਦੀ ਹੈ।
ਸੁੱਤੀ ਕਲਾ ਜਗਾਉਣੀ (ਮੁੱਕ ਚੁੱਕੇ ਝਗੜੇ ਨੂੰ ਫਿਰ ਜਗਾਉਣਾ) — ਮੈਂ ਆਪਣੇ ਗੁਆਂਢੀ ਨੂੰ ਕਿਹਾ ਕਿ ਹੁਣ ਤੁਹਾਡੇ ਲਈ ਸੁੱਤੀ ਕਲਾ ਜਗਾਉਣਾ ਠੀਕ ਨਹੀਂ, ਸਗੋਂ ਸਾਡੇ ਨਾਲ ਹਰ ਤਰ੍ਹਾਂ ਪਿਆਰ ਨਾਲ ਰਹਿਣਾ ਚਾਹੀਦਾ ਹੈ।
ਸੋਨੇ ਦੀ ਲੰਕਾ ਬਣਾਉਣਾ (ਬਹੁਤ ਧਨ ਇਕੱਠਾ ਕਰਨਾ)— ਉਸ ਨੇ ਕਮਾਈ ਕਰ ਕੇ ਘਰ ਨੂੰ ਸੋਨੇ ਦੀ ਲੰਕਾ ਬਣਾ ਦਿੱਤਾ।
ਸੱਤੀਂ ਕੱਪੜੀਂ ਅੱਗ ਲੱਗਣੀ (ਬਹੁਤ ਗੁੱਸੇ ਵਿੱਚ ਆਉਣਾ)— ਉਸ ਦੀ ਝੂਠੀ ਤੋਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।
ਸਿਰ ‘ਤੇ ਪੈਣਾ (ਕੋਈ ਔਕੜ ਆ ਪੈਣੀ) – ਰਮੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਪੈ ਗਈ।
ਸਰ ਕਰਨਾ (ਜਿੱਤ ਲੈਣਾ) – ਬਾਬਰ ਨੇ 1526 ਈ: ਵਿੱਚ ਪਾਣੀਪਤ ਦੇ ਮੈਦਾਨ ਨੂੰ ਸਰ ਕੀਤਾ ਸੀ।
ਸਾੜ੍ਹ-ਸਤੀ ਆਉਣੀ (ਬੁਰੇ ਦਿਨ ਆਉਣੇ) – ਰਾਮ ਉੱਪਰ ਸਾੜ੍ਹ-ਸਤੀ ਆ ਗਈ ਜਾਪਦੀ ਹੈ, ਦਿਨੋ-ਦਿਨ ਉਸ ਦਾ ਕੰਮ ਹੇਠਾਂ ਨੂੰ ਹੀ ਜਾਂਦਾ ਹੈ।
ਸਿਰ ਉੱਤੋਂ ਪਾਣੀ ਲੰਘਣਾ (ਹੱਦੋਂ ਵੱਧ ਵਿਗੜਨਾ) — ਮੈਂ ਉਸ ਦੀਆਂ ਵਧੀਕੀਆਂ ਨੂੰ ਹੋਰ ਬਰਦਾਸਤ ਨਹੀਂ ਕਰ ਸਕਦਾ। ਹੁਣ ਤਾਂ ਸਿਰ ਉੱਤੋਂ ਪਾਣੀ ਲੰਘ ਗਿਆ ਹੈ।
ਸਿਰ ਉੱਤੇ ਭੂਤ ਸਵਾਰ ਹੋਣਾ (ਕਿਸੇ ਧੁਨ ਵਿੱਚ ਪਾਗਲ ਹੋਣਾ) — ਉਸ ਦੇ ਸਿਰ ਉੱਤੇ ਹਰ ਵੇਲੇ ਪ੍ਰਿੰਸੀਪਲ ਬਣਨ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ।
ਸਿਰ ‘ਤੇ ਕਫ਼ਨ ਬੰਨ੍ਹਣਾ (ਮੌਤ ਤੋਂ ਬੇਪਰਵਾਹ ਹੋ ਕੇ ਕੋਈ ਕੰਮ ਕਰਨਾ) — ਦੇਸ਼-ਭਗਤ ਆਪਣੇ ਦੇਸ਼ ਦੀ ਰਾਖੀ ਲਈ ਸਿਰ ‘ਤੇ ਕਫ਼ਨ ਬੰਨ੍ਹ ਕੇ ਤੁਰ ਪੈਂਦੇ ਹਨ।
ਸੱਤਰਿਆ ਬਹੱਤਰਿਆ ਜਾਣਾ (ਬੁੱਢੇ ਹੋ ਕੇ ਅਕਲ ਮਾਰੀ ਜਾਣੀ) – ਜਦੋਂ ਸੰਗੀਤਾ ਦੇ 65 ਸਾਲਾ ਸਹੁਰੇ ਨੇ ਨਵਾਂ ਵਿਆਹ ਕਰਾਉਣ ਦੀ ਇੱਛਾ ਪ੍ਰਗਟ ਕੀਤੀ, ਤਾਂ ਉਸ ਨੇ ਕਿਹਾ ਕਿ ਇਹ ਸੱਤਰਿਆ ਬਹੱਤਰਿਆ ਗਿਆ ਹੈ । ਇਸੇ ਕਰਕੇ ਕੋਈ ਅਕਲ ਦੀ ਗੱਲ ਨਹੀਂ ਕਰਦਾ।
ਸੋਤਰ ਸੁੱਕ ਜਾਂਦਾ (ਸਹਿਮ ਪੈ ਜਾਣਾ) – ਰਾਮ ਸਿੰਘ ਦੇ ਘਰ ਡਾਕਾ ਪੈਣ ਨਾਲ ਸਾਰੇ ਪਿੰਡ ਦੇ ਲੋਕਾਂ ਦੇ ਸੋਤਰ
ਸੁੱਕ ਗਏ।
ਸਿਰੋਂ ਨੰਗੀ ਹੋਣਾ (ਵਿਧਵਾ ਹੋਣਾ) — ਲੜਾਈ ਵਿੱਚ ਆਪਣੇ ਪਤੀ ਦੇ ਮਾਰੇ ਜਾਣ ਕਰ ਕੇ ਵਿਚਾਰੀ ਸੰਤ ਕੌਰ ਜਵਾਨੀ ਵਿੱਚ ਹੀ ਸਿਰੋਂ ਨੰਗੀ ਹੋ ਗਈ ਸੀ।
ਸਾਹ ਸੁੱਕ ਜਾਣਾ (ਬਹੁਤ ਡਰ ਜਾਣਾ) — ਜਦੋਂ ਪੁਲਿਸ ਨੇ ਬੰਤੇ ਦੇ ਘਰ ਸ਼ਰਾਬ ਫੜਨ ਲਈ ਛਾਪਾ ਮਾਰਿਆ, ਤਾਂ ਉਸ ਦਾ ਸਾਹ ਸੁੱਕ ਗਿਆ।
ਸਿਰ ‘ਤੇ ਹੱਥ ਧਰਨਾ (ਰੱਖਣਾ) (ਆਸਰਾ ਦੇਣਾ) – ਰਾਜੂ ਦੇ ਯਤੀਮ ਹੋਣ ਮਗਰੋਂ ਉਸ ਦੀ ਮਾਸੀ ਨੇ ਸਿਰ ‘ਤੇ ਹੱਥ ਧਰਿਆ (ਰੱਖਿਆ) ਤੇ ਉਸ ਨੂੰ ਪਾਲ ਕੇ ਜਵਾਨ ਕੀਤਾ।
ਸਿਰ ਖਾਣਾ (ਬਹੁਤ ਗੱਲਾਂ ਕਰ ਕੇ ਦੂਜੇ ਨੂੰ ਅਕਾ ਦੇਣਾ) — ਮੈਂ ਪ੍ਰੀਤੀ ਨੂੰ ਕਿਹਾ, ‘ਚੁੱਪ ਕਰ ਕੇ ਬੈਠ। ਐਵੇਂ ਮੇਰਾ ਸਿਰ ਨਾ ਖਾਈ ਜਾਹ।’
ਸਿਰ ਨਾ ਚੁੱਕਣਾ (ਗੁਸਤਾਖ਼ੀ ਨਾ ਕਰਨੀ) – ਸਰਕਾਰ ਨੂੰ ਇੰਨੀ ਸਖ਼ਤੀ ਵਰਤਣੀ ਚਾਹੀਦੀ ਹੈ ਕਿ ਕੋਈ ਫ਼ਿਰਕੂ ਅਨਸਰ ਦੇਸ਼ ਵਿਚ ਸਿਰ ਨਾ ਚੁੱਕ ਸਕੇ।
ਸਰਕਾਰੇ ਦਰਬਾਰੇ ਚੜ੍ਹਨਾ (ਕਚਹਿਰੀ ਵਿੱਚ ਮੁਕੱਦਮਾ ਕਰਨਾ) – ਸੰਤੂ ਨੇ ਬੰਤੇ ਦੇ ਖੇਤ ਉੱਤੇ ਕਬਜ਼ਾ ਕਰ ਲਿਆ, ਤਾਂ ਬੰਤੇ ਨੇ ਸੰਤੂ ਵਿਰੁੱਧ ਮੁਕੱਦਮਾ ਕਰ ਉਸ ਨੂੰ ਸਰਕਾਰੇ ਦਰਬਾਰੇ ਚੜ੍ਹਾ ਦਿੱਤਾ।
ਸਾਖੀ ਭਰਨਾ (ਗੁਆਹੀ ਦੇਣੀ)— ਉਸ ਦਾ ਕੀਤਾ ਕੰਮ ਇਸ ਗੱਲ ਦੀ ਸਾਖੀ ਭਰਦਾ ਸੀ ਕਿ ਉਹ ਬਹੁਤ ਸਿਆਣਾ ਹੈ।
ਸਿਰ ਫੇਰਨਾ (ਨਾਂਹ ਕਰਨੀ)— ਕੁੰਦਨ ਨੇ ਰਣਬੀਰ ਤੋਂ ਪੈਸੇ ਉਧਾਰ ਮੰਗੇ, ਪਰ ਉਸ ਨੇ ਸਿਰ ਫੇਰ ਦਿੱਤਾ ।
ਸੋਹਿਲੇ ਸੁਣਾਉਣੇ (ਬੁਰਾ-ਭਲਾ ਕਹਿਣਾ) – ਹਰਜੀਤ ਮੇਰੇ ਨਾਲ ਲੜ ਪਈ ਤੇ ਮੈਂ ਉਸ ਨੂੰ ਖੂਬ ਸੋਹਿਲੇ ਸੁਣਾਏ।
ਸਿਰ ਧੜ ਦੀ ਬਾਜ਼ੀ ਲਾਉਣਾ (ਮੌਤ ਦੀ ਪਰਵਾਹ ਨਾ ਕਰਨੀ) – ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਫ਼ੌਜ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ।
ਸਿਰ ਮੱਥੇ ‘ਤੇ ਮੰਨਣਾ (ਕਿਸੇ ਗੱਲ ਨੂੰ ਖ਼ੁਸ਼ੀ ਨਾਲ ਪਰਵਾਨ ਕਰਨਾ) – ਸਾਨੂੰ ਆਪਣੇ ਵੱਡਿਆਂ ਦਾ ਹੁਕਮ ਸਿਰ ਮੱਥੇ ‘ਤੇ ਮੰਨਣਾ ਚਾਹੀਦਾ ਹੈ।
ਸਿਰ ਮਾਰਨਾ (ਨਾਂਹ ਕਰਨੀ)— ਮੈਨੂੰ ਆਸ ਸੀ ਕਿ ਗੁਰਸ਼ਰਨ ਮੈਨੂੰ ਕੁੱਝ ਪੈਸੇ ਉਧਾਰ ਦੇ ਦੇਵੇਗੀ, ਪਰ ਉਸ ਨੇ ਮੇਰੀ ਗੱਲ ਸੁਣਦਿਆਂ ਹੀ ਸਿਰ ਮਾਰ ਦਿੱਤਾ।
ਸੁੱਕ ਕੇ ਤੀਲ੍ਹਾ ਹੋਣਾ (ਬਹੁਤ ਕਮਜ਼ੋਰ ਹੋਣਾ) – ਵਿਚਾਰਾ ਗੁਰਜੀਤ ਇਕ ਮਹੀਨਾ ਬਿਮਾਰ ਰਹਿਣ ਨਾਲ ਸੁੱਕ ਕੇ ਤੀਲ੍ਹਾ ਹੋ ਗਿਆ।
ਸੁਹਾਗ ਲੁੱਟ ਲੈਣਾ (ਪਤੀ ਨੂੰ ਮਾਰ ਦੇਣਾ) – ਜੰਗ ਅਨੇਕਾਂ ਇਸਤਰੀਆਂ ਦੇ ਸੁਹਾਗ ਲੁੱਟ ਲੈਂਦਾ ਹੈ।
ਸੁੱਕਣੇ ਪਾ ਛੱਡਣਾ (ਕਿਸੇ ਨੂੰ ਇਕ ਥਾਂ ਬਿਠਾ ਕੇ ਉਸ ਦੀ ਬਾਤ ਨਾ ਪੁੱਛਣੀ) – ਅੱਜ ਜੀ.ਟੀ. ਰੋਡ ਤੋਂ ਸਵੇਰੇ ਅੱਠ ਵਜੇ ਗਵਰਨਰ ਸਾਹਿਬ ਦੀ ਕਾਰ ਲੰਘਣੀ ਸੀ। ਵਿਚਾਰੇ ਸਿਪਾਹੀ ਸਵੇਰ ਦੇ ਸੁੱਕਣੇ ਪਏ ਹੋਏ ਸਨ, ਪਰ ਅਜੇ ਗਵਰਨਰ ਸਾਹਿਬ ਦੀ ਕਾਰ ਨਹੀਂ ਸੀ ਆਈ।
ਸ਼ੇਖ਼ ਚਿੱਲੀ ਦੇ ਪੁਲਾਓ ਪੁਕਾਉਣਾ (ਖ਼ਿਆਲੀ ਮਹਿਲ ਉਸਾਰਨੇ) — ਤੁਹਾਨੂੰ ਵਿਹਲੇ ਬੈਠ ਕੇ ਸ਼ੇਖ਼ ਚਿੱਲੀ ਦੇ ਪੁਲਾਓ ਪਕਾਉਣ ਨਾਲੋਂ ਅਮਲੀ ਤੌਰ ‘ਤੇ ਕੁੱਝ ਕਰਨਾ ਚਾਹੀਦਾ ਹੈ ।
ਸੇਕ ਲੱਗਣਾ (ਦੁੱਖ ਪਹੁੰਚਣਾ) – ਜੰਗ ਭਾਵੇਂ ਸਰਹੱਦਾਂ ਉੱਪਰ ਹੁੰਦੀ ਹੈ, ਪਰ ਇਸ ਦਾ ਸੇਕ ਸਾਰੇ ਦੇਸ਼-ਵਾਸੀਆਂ ਨੂੰ ਲੱਗਦਾ ਹੈ ।
ਸੁਰ ਮਿਲਣਾ (ਇੱਕੋ ਸਲਾਹ ਹੋਣੀ) – ਮੇਰੇ ਭਰਾ ਦੀ ਮੇਰੇ ਨਾਲ ਤਾਂ ਬਣਦੀ ਨਹੀਂ ਪਰ ਉਸ ਦੀ ਆਪਣੇ ਗੁਆਂਢੀ ਨਾਲ ਚੰਗੀ ਸੁਰ ਮਿਲਦੀ ਹੈ।
ਸੁਖ ਦੀ ਨੀਂਦ ਸੌਣਾ (ਬੇਫ਼ਿਕਰ ਹੋ ਕੇ ਸੌਣਾ) – ਜੇਕਰ ਰਾਤ ਨੂੰ ਚੋਰਾਂ ਦਾ ਹੀ ਡਰ ਲੱਗਾ ਰਹੇ, ਤਾਂ ਸੁਖ ਦੀ ਨੀਂਦ ਕੌਣ ਸੌਂ ਸਕਦਾ ਹੈ?