ਸੱਦਾ ਪੱਤਰ – ਮਿੱਤਰ ਨੂੰ ਸੱਦਾ ਪੱਤਰ
ਮਿਤੱਰ ਨੂੰ ਆਪਣੇ ਕੋਲ ਛੁੱਟੀਆਂ ਬਿਤਾਉਣ ਲਈ ਸੱਦਾ-ਪੱਤਰ।
5, ਵਿਨਸੈਂਟ ਹਿੱਲ
ਮਸੂਰੀ (ਉੱਤਰਾਖੰਡ),
5 ਜੂਨ, 2023,
ਮੇਰੇ ਪਿਆਰੇ ਅਜੀਤ,
ਹੋਰ ਪੰਦਰਾਂ ਦਿਨਾਂ ਨੂੰ ਤੁਹਾਨੂੰ ਡੇਢ ਮਹੀਨੇ ਲਈ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਹਨ। ਛੁੱਟੀਆਂ ਤਾਂ ਹੁੰਦੀਆਂ ਹੀ ਇਸ ਲਈ ਹਨ ਕਿ ਸਾਰੇ ਵਰ੍ਹੇ ਦੀ ਸਖਤ ਮਿਹਨਤ ਦੀ ਕਸਰ ਪੂਰੀ ਕਰਕੇ ਥਕੇਵਾਂ ਲਾਹਿਆ ਜਾਏ; ਅਤੇ ਦਿਲ-ਦਿਮਾਗ ਤੇ ਸਰੀਰ ਨੂੰ ਤਾਜ਼ਾ ਕੀਤਾ ਜਾਏ। ਫਿਰ ਜੇ ਇਹ ਛੁੱਟੀਆਂ ਕਿਸੇ ਸੁਹਾਵਣੇ ਪਹਾੜ ਤੇ ਬਿਤਾਉਣ ਦਾ ਮੌਕਾ ਮਿਲਦਾ ਹੋਵੇ, ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਤੁਹਾਨੂੰ ਪਤਾ ਹੈ ਕਿ ਮੈਂ ਪਿਛਲੇ ਕੁਝ ਵਰ੍ਹਿਆਂ ਤੋਂ ਮਸੂਰੀ ਵਿਚ ਰਹਿ ਰਿਹਾ ਹਾਂ। ਸੋ ਮੈਂ ਤੁਹਾਨੂੰ ਇਸ ਸਾਲ ਦੀਆਂ ਛੁੱਟੀਆਂ ਆਪਣੇ ਕੋਲ ਬਿਤਾਉਣ ਦਾ ਸੱਦਾ ਦੇਂਦਾ ਹਾਂ।
ਸਮੁੰਦਰ ਤੱਲ ਤੋਂ ਲਗਭਗ ਸਤ ਹਜ਼ਾਰ ਫੁੱਟ ਦੀ ਉੱਚਾਈ ਤੇ ਵਸਿਆ ਇਹ ਸ਼ਹਿਰ ਪਹਾੜਾਂ ਦੀ ਰਾਣੀ ਕਰਕੇ ਮਸ਼ਹੂਰ ਹੈ। ਇਸੇ ਲਈ ਇਹ ਪਿਛਲੇ ਇਕ ਸੌ ਸਾਲ ਤੋਂ ਕਾਨਵੈਂਟ ਪਬਲਿਕ ਸਕੂਲਾਂ ਦਾ ਸ਼ਹਿਰ ਰਿਹਾ ਹੈ। ਜਦੋਂ ਤੁਸੀਂ ਇੱਥੇ ਆਓਗੇ, ਤਾਂ ਮੈਂ ਤੁਹਾਨੂੰ ਵਿਖਾਵਾਂਗਾ ਕਿ ਕਿਵੇਂ 16 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪੰਜ-ਸੌ-ਸਾਲਾ ਜਨਮ ਉਤਸਵ ਦੇ ਮੌਕੇ ਉਤੇ ਖੁਲ੍ਹਿਆ ਪਬਲਿਕ ਸਕੂਲ ਸੌ-ਸੌ ਸਾਲ ਪਹਿਲਾਂ ਦੇ ਪੁਰਾਣੇ ਸਕੂਲਾਂ ਤੋਂ ਵੀ ਬਾਜ਼ੀ ਲੈ ਗਿਆ ਹੈ।
ਇੱਥੇ ਆਉਣ ਲਈ ਤੁਸੀਂ ਪਹਿਲਾਂ ਰੇਲ ਰਾਹੀਂ ਦੇਹਰਾਦੂਨ ਪੁੱਜੋਗੇ। ਸਟੇਸ਼ਨ ਦੇ ਕੋਲ ਹੀ ਮਸੂਰੀ ਆਉਣ ਵਾਲੀਆਂ ਬੱਸਾ ਦਾ ਅੱਡਾ ਹੈ, ਜੋ ਮੁਸਾਫਰਾਂ ਨੂੰ ਪੌਣੇ ਦੋ ਘੰਟੇ ਵਿਚ ਮਸੂਰੀ ਪਹੁੰਚਾ ਦੇਂਦੀਆਂ ਹਨ। ਕਹਿੰਦੇ ਹਨ, ਮਕਾਨ ਦੀ ਸੁੰਦਰਤਾ ਡਿਓਢੀ ਤੋਂ ਹੀ ਪਛਾਣੀ ਜਾਂਦੀ ਹੈ। ਜਦ ਤੁਸੀਂ ਅੱਧ ਵਿਚ ਪਹੁੰਚੋਗੇ, ਤਾਂ ਠੰਢੀ ਹਵਾ ਦੇ ਫਰਾਟੇ ਤੇ ਸੁਹਾਵਣੇ ਕੁਦਰਤੀ ਨਜ਼ਾਰੇ ਤੁਹਾਡਾ ਸੁਆਗਤ ਕਰਨਗੇ। ਮਸੂਰੀ ਪਹੁੰਚ ਕੇ ਜਾਪੇਗਾ ਕਿ ਧਰਤੀ ਦੇ ਬਾਕੀ ਸ਼ਹਿਰ ਇਸ ਦੇ ਪੈਰਾਂ ਵਿਚ ਵੱਸਦੇ ਹਨ।
ਮਸੂਰੀ ਵਿਚ ਕਈ ਵੇਖਣ ਯੋਗ ਅਸਥਾਨ ਹਨ। ਸਭ ਤੋਂ ਵਧ ਮਨ-ਮੋਹਕ ਹਨ ਇੱਥੋਂ ਦੀਆਂ ਆਬਸ਼ਾਰਾਂ ਜਾਂ ਝਰਨੇ-ਭਠਾ ਫਾਲ, ਮੌਸੀ ਫੁੱਲ ਤੇ ਕੈਂਪਟੀ ਫਾਲ ਆਦਿ। ਇਨ੍ਹਾਂ ਵਿੱਚੋਂ ਸਭ ਤੋਂ ਸੁੰਦਰ ਹੈ ਕੈਂਪਟੀ ਫਾਲ, ਜੋ ਮਸੂਰੀ ਤੋਂ ਵੀਹ ਕਿਲੋਮੀਟਰ ਦੂਰ ਹੈ। ਪਾਣੀ ਦੇ ਛੋਟੇ-ਛੋਟੇ ਤਲਾਵਾਂ ਵਿਚ ਇਸ ਦੀਆਂ ਚਾਂਦੀ-ਰੰਗੀਆਂ ਧਾਰਾ ਛੱਲਾਂ ਵਾਂਗ ਪੈਂਦੀਆਂ ਹਨ ਤੇ ਇਉਂ ਜਾਪਦਾ ਹੈ ਕਿ ਬਦਲਾਂ ਵਿੱਚੋਂ ਬੂੰਦਾ ਬਾਂਦੀ ਹੋ ਰਹੀ ਹੈ। ਇਹ ਇਕ ਪ੍ਰਸਿੱਧ ਪਿਕਨਿਕ ਸਪਾਟ ਹੈ ਤੇ ਇੱਥੇ ਹਰ ਰੋਜ਼ ਅਨੇਕਾਂ ਪਰਿਵਾਰ ਆ ਕੇ ਆਪ ਖਾਣਾ ਪਕਾ ਕੇ ਖਾਂਦਿਆਂ, ਨਚਦਿਆਂ ਤੇ ਗਾਉਂਦੀਆਂ ਦਿਨ ਬਿਤਾਉਂਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਇਸ ਦਾ ਸੁਹਾਵਣਾ ਦ੍ਰਿਸ਼ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ। ਇਹ ਤੁਹਾਡੇ ਵੇਖਣ ਵਾਲੀ ਚੀਜ਼ ਹੈ।
ਇੱਥੇ ਇਕ ਹੋਰ ਅਸਥਾਨ ਹੈ, ਰੀਨ ਹਿੱਲ। ਇਹ ਅੱਠ ਹਜ਼ਾਰ ਫੁੱਟ ਤੋਂ ਵੀ ਉੱਚਾ ਹੈ ਤੇ ਇੱਥੇ ਆਲੇ ਦੁਆਲੇ ਦੀਆਂ ਬਰਫਾਂ ਲੱਦੀਆਂ ਚੋਟੀਆਂ ਬੰਦਰ ਪੂਛ, ਸੁਰਖੰਡਾ ਤੇ ਬਦਰੀ ਨਾਥ ਆਦਿ-ਚਿੱਟੇ ਕੰਬਲਾਂ ਵਿਚ ਸੁੱਤੀਆਂ ਸਾਫ ਦਿਸਦੀਆਂ ਹਨ। ਰੀਨ ਹਿੱਲ ਉਤੇ ਜਾਣ ਲਈ ਬੱਚਿਆਂ ਦੇ ਝੂਲਾ ਘਰ ਕੋਲੋਂ ਲੋਹੇ ਦੇ ਹਿੱਸਿਆਂ ਉਤੇ ਇਕ ਟਰਾਲੀ ਰੂਪ ਕਾਰ ਜਾਂਦੀ ਹੈ, ਜੋ ਬਿਜਲੀ ਨਾਲ ਚਲਦੀ ਹੈ। ਸੈਲਾਨੀ ਇਸ ਕਾਰ ਤੇ ਝੂਟੇ ਲੈਂਦੇ ਉਪੱਰ ਜਾਂਦੇ ਹਨ। ਝੂਲਾ ਘਰ ਦੇ ਦੂਜੇ ਪਾਸੇ ਕੋਮਲ ਬੈਕ ਸੜਕ ਵੀ ਵੇਖਣ ਯੋਗ ਹੈ। ਇਹ ਕੁਦਰਤੀ ਤੌਰ ਤੇ ਚਟਾਨਾਂ ਨਾਲ ਬਣਿਆਂ ਇਕ ਊਠ ਹੈ, ਜੋ ਲੋੜੀਂਦਾ ਹੋਇਆ ਅੜਾਂਦਾ ਜਾਪਦਾ ਹੈ।
ਸੱਚ ਜਾਣੋ ਮਸੂਰੀ ਪਹੁੰਚ ਕੇ ਤੁਹਾਨੂੰ ਜਾਪੇਗਾ ਕਿ ਅਸੀਂ ਕੁਦਰਤ ਦੀ ਗੋਦ ਵਿਚ ਬੈਠੇ ਹਾਂ। ਫਿਰ ਗਰਮੀਆਂ ਵਿਚ ਤਾਂ ਇੱਥੇ ਬੜੀ ਰੌਣਕ ਹੁੰਦੀ ਹੈ। ਭਾਰਤ ਦੇ ਹਰੇਕ ਪ੍ਰਾਂਤ ਤੋਂ ਛੁਟ ਤਿੱਬਤੀ, ਚੀਨੀ, ਥਾਈ, ਅਮਰੀਕਨ, ਈਰਾਨੀ ਤੇ ਅਫਰੀਕੀ ਆਦਿ ਦੇਸ਼ਾਂ ਦੇ ਲੋਕ ਇੱਥੇ ਸੈਰ-ਸਪਾਟੇ ਲਈ ਆਉਂਦੇ ਹਨ ਤੇ ਇਉਂ ਜਾਪਦਾ ਹੈ ਕਿ ਕੋਈ ਕੌਮਾਂਤਰੀ ਮੇਲਾ ਲੱਗਾ ਹੋਇਆ ਹੈ।
ਸੋ, ਛੇਤੀ ਆਪਣੇ ਆਉਣ ਦੇ ਪੂਰੇ ਪ੍ਰੋਗਰਾਮ ਦਾ ਪਤਾ ਦਿਉ। ਯਕੀਨ ਰੱਖੋ, ਇੱਥੇ ਤੁਹਾਨੂੰ ਘਰ ਵਰਗਾ ਸੁਖ ਮਿਲੇਗਾ। ਵੇਖਣਾ, ਸਾਨੂੰ ਨਿਰਾਸ਼ ਨਾ ਕਰਨਾ।
ਪਿਆਰ ਸਹਿਤ, ਤੁਹਾਡੀ ਉਡੀਕ ਵਿਚ,
ਮੈਂ ਹਾਂ,
ਆਪ ਦਾ ਹਿਤੂ,
ਜੈ ਦੀਪ ਸਿੰਘ।