CBSEclass 11 PunjabiEducationParagraphPunjab School Education Board(PSEB)

ਸੰਤੁਲਿਤ ਖ਼ੁਰਾਕ – ਪੈਰਾ ਰਚਨਾ

ਸੰਤੁਲਿਤ ਖ਼ੁਰਾਕ ਉਸ ਨੂੰ ਕਹਿੰਦੇ ਹਨ, ਜਿਸ ਵਿਚ ਸਾਡੇ ਸਰੀਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲੇ ਤੱਤ – ਕਾਰਬੋਹਾਈਡ੍ਰੇਟ, ਪ੍ਰੋਟੀਨ, ਚਰਬੀ, ਖਣਿਜ ਪਦਾਰਥ ਅਤੇ ਵਿਟਾਮਿਨ ਲੋੜੀਂਦੀ ਮਾਤਰਾ ਵਿਚ ਸ਼ਾਮਲ ਹੋਣ। ਸਾਡੇ ਸਰੀਰ ਦੀ ਤੰਦਰੁਸਤੀ ਲਈ ਇਨ੍ਹਾਂ ਸਾਰੇ ਤੱਤਾਂ ਨਾਲ ਭਰਪੂਰ ਖ਼ੁਰਾਕ ਦੀ ਬਹੁਤ ਹੀ ਜ਼ਰੂਰਤ ਹੈ। ਇਹ ਸਾਰੇ ਪਦਾਰਥ ਸਾਨੂੰ ਭਿੰਨ – ਭਿੰਨ ਪ੍ਰਕਾਰ ਦੇ ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨਾਂ ਵਿੱਚੋਂ ਪ੍ਰਾਪਤ ਹੁੰਦੇ ਹਨ। ਕਾਰਬੋਹਾਈਡ੍ਰੇਟ ਸਾਨੂੰ ਗੁੜ, ਚੀਨੀ, ਸ਼ਹਿਦ, ਆਲੂ ਤੇ ਅਨਾਜਾਂ ਤੋਂ ਮਿਲਦੇ ਹਨ। ਇਨ੍ਹਾਂ ਤੋਂ ਸਾਨੂੰ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ। ਪ੍ਰੋਟੀਨ ਸਾਡੇ ਸਰੀਰ ਦਾ ਵਿਕਾਸ ਕਰਦੇ ਹਨ। ਇਹ ਦੁੱਧ, ਪਨੀਰ, ਮਾਸ, ਆਂਡੇ ਤੇ ਦਾਲਾਂ ਤੋਂ ਪ੍ਰਾਪਤ ਹੁੰਦੇ ਹਨ। ਚਰਬੀ ਸਾਨੂੰ ਗਰਮੀ – ਸਰਦੀ ਤੇ ਸੱਟਾਂ ਤੋਂ ਬਚਾਉਂਦੀ ਹੈ। ਇਹ ਸਾਨੂੰ ਤੇਲ, ਘਿਓ ਤੇ ਮੱਖਣ ਤੋਂ ਮਿਲਦੀ ਹੈ। ਲੋਹਾ ਸਾਡੇ ਸਰੀਰ ਵਿਚ ਖੂਨ ਪੈਦਾ ਕਰਦਾ ਹੈ। ਇਹ ਹਰੀਆਂ ਸਬਜ਼ੀਆਂ, ਕਲਜੀ ਤੇ ਗੁੜ ਤੋਂ ਮਿਲਦਾ ਹੈ। ਕੈਲਸ਼ੀਅਮ ਦੀ ਦੰਦਾਂ ਤੇ ਹੱਡੀਆਂ ਲਈ ਜ਼ਰੂਰਤ ਹੈ। ਇਹ ਮਾਸ, ਮੱਛੀ ਤੇ ਪਨੀਰ ਤੋਂ ਮਿਲਦਾ ਹੈ। ਹਾਜ਼ਮੇ ਦੀ ਤੇਜ਼ੀ ਲਈ ਵਿਟਾਮਿਨ ‘ਬੀ’, ਛਿਲਕੇ ਵਾਲੀਆਂ ਦਾਲਾਂ, ਅਨਾਜ ਤੇ ਫਲੀਦਾਰ ਸਬਜ਼ੀਆਂ ਤੋਂ ਮਿਲਦਾ ਹੈ। ਵਿਟਾਮਿਨ ‘ਈ’ ਸਰੀਰ ਦੇ ਉਪਜਾਊ ਭਾਗ ਦੀ ਰਾਖੀ ਕਰਦਾ ਹੈ ਅਤੇ ਇਹ ਹਰੀਆਂ ਸਬਜ਼ੀਆਂ ਤੇ ਛਿਲਕੇ ਵਾਲੇ ਅਨਾਜਾਂ ਤੋਂ ਮਿਲਦਾ ਹੈ। ਸਾਡੀ ਖ਼ੁਰਾਕ ਵਿਚ ਇਨ੍ਹਾਂ ਸਾਰੇ ਤੱਤਾਂ ਦੇ ਹੋਣ ਨਾਲ ਹੀ ਸਾਡਾ ਸਰੀਰ ਅਰੋਗ ਰਹਿ ਸਕਦਾ ਹੈ। ਇਨ੍ਹਾਂ ਸਾਰੇ ਤੱਤਾਂ ਨਾਲ ਭਰਪੂਰ ਖ਼ੁਰਾਕ ਹੀ ਸੰਤੁਲਿਤ ਖ਼ੁਰਾਕ ਅਖਵਾਉਂਦੀ ਹੈ।