ਸੰਜਮ : ਪੈਰਾ ਰਚਨਾ


ਮਨੁੱਖੀ ਜੀਵਨ ਵਿਚ ਸੰਜਮ ਦੀ ਭਾਰੀ ਮਹਾਨਤਾ ਹੈ। ਸੰਜਮ ਦੇ ਅਰਥ ਹਨ-ਬੰਧਨ। ਇਸ ਦਾ ਅਰਥ ਮਨੁੱਖੀ ਇੰਦ੍ਰੀਆਂ ਉੱਪਰ ਕਾਬੂ ਪਾਉਣ ਤੋਂ ਵੀ ਹੈ। ਸਧਾਰਨ ਅਰਥਾਂ ਵਿਚ ਇਸ ਦਾ ਭਾਵ ਇਹ ਲਿਆ ਜਾਂਦਾ ਹੈ ਕਿ  ਸਾਨੂੰ ਆਪਣੇ ਘਰ ਵਿਚ ਰੁਪਏ-ਪੈਸੇ ਨੂੰ ‘ਤੇ ਨਿੱਤ ਵਰਤੋਂ ਦੀਆਂ ਚੀਜ਼ਾਂ ਨੂੰ ਸੰਜਮ ਨਾਲ ਵਰਤਣਾ ਚਾਹੀਦਾ ਹੈ। ਜੇਕਰ ਅਸੀਂ ਘਰਾਂ ਵਿਚ ਜਾਂ ਘਰ ਤੋਂ ਬਾਹਰ ਆਪਣੇ ਵਰਤਣ ਵਾਲੀਆਂ ਚੀਜ਼ਾਂ ਦੀ ਸੰਜਮ ਨਾਲ ਵਰਤੋਂ ਕਰਾਂਗੇ, ਤਾਂ ਰੁਪਏ-ਪੈਸੇ ਦੀ ਸੰਜਮ ਭਰੀ ਵਰਤੋਂ ਆਪਣੇ ਆਪ ਹੀ ਹੋ ਜਾਂਦੀ ਹੈ। ਇਸਤਰੀ ਆਪਣੇ ਘਰ ਵਿਚ ਖੰਡ, ਘਿਓ ਤੇ ਦਾਲਾਂ-ਸਬਜ਼ੀਆਂ ਦੀ ਵਰਤੋਂ ਵਿਚ ਸੰਜਮ ਤੋਂ ਕੰਮ ਲੈ ਸਕਦੀਆਂ ਹਨ। ਚਾਹ ਦੀ ਘੱਟ ਵਰਤੋਂ ਕਰ ਕੇ ਬਹੁਤ ਸਾਰੇ ਪੈਸੇ ਬਚਾਏ ਜਾ ਸਕਦੇ ਹਨ। ਚਾਰ-ਚਾਰ ਸਬਜ਼ੀਆਂ ਤੇ ਦਾਲਾਂ ਦੀ ਥਾਂ ਇਕ-ਦੋ ਨਾਲ ਕੰਮ ਚਲਾਇਆ ਜਾ ਸਕਦਾ ਹਾਂ। ਘਿਓ ਸਾੜ-ਸਾੜ ਕੇ ਬਣਾਏ ਪਰਾਉਂਠਿਆਂ ਦੀ ਥਾਂ ਚੋਪੜਿਆ ਜਾਂ ਖ਼ੁਸ਼ਕ ਫੁਲਕਾ ਹਾਜ਼ਮੇ ਲਈ ਵਧੇਰੇ ਚੰਗਾ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਘਰ ਵਿਚ ਬਿਜਲੀ, ਪਾਣੀ, ਗੈਸ ਤੇ ਬਾਲਣ ਦੀ ਵਰਤੋਂ ਉੱਪਰ ਸੰਜਮ ਲਾਗੂ ਕਰ ਕੇ ਕਾਫ਼ੀ ਬੱਚਤ ਕਰ ਸਕਦੇ ਹਾਂ। ਸਾਨੂੰ ਬਿਜਲੀ ਅਜਾਈਂ ਵਰਤਣੀ ਨਹੀਂ ਚਾਹੀਦੀ ਹੈ ਤੇ ਨਾ ਹੀ ਟੂਟੀਆਂ ਦਾ ਪਾਣੀ ਚਲਦਾ ਰਹਿਣ ਦੇਣਾ ਚਾਹੀਦਾ ਹੈ। ਗੈਸ ਨੂੰ ਸੰਜਮ ਭਰੇ ਤਰੀਕੇ ਨਾਲ ਵਰਤਣ ਦੀ ਆਦਤ ਪਾਉਣੀ ਚਾਹੀਦੀ ਹੈ। ਜਿਹੜੇ ਕੰਮ ਸਾਈਕਲ ਚਲਾ ਕੇ ਹੋ ਸਕਦੇ ਹੋਣ, ਉਨ੍ਹਾਂ ਲਈ ਸਕੂਟਰ ਜਾਂ ਕਾਰ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਾਨੂੰ ਵਿਆਹਾਂ, ਸ਼ਾਦੀਆਂ, ਤਿਉਹਾਰਾਂ ਤੇ ਹੋਰਨਾਂ ਸਮਾਜਿਕ ਫ਼ਰਜ਼ਾਂ ਨੂੰ ਨਿਭਾਉਂਦੇ ਸਮੇਂ ਵੀ ਫ਼ਜੂਲ-ਖ਼ਰਚੀ ਤੋਂ ਬਚਣਾ ਚਾਹੀਦਾ ਹੈ। ਇਸ ਪ੍ਰਕਾਰ ਅਸੀਂ ਆਪਣੇ ਜੀਵਨ ਵਿਚ ਸੰਜਮ ਲਾਗੂ ਕਰ ਕੇ ਤੇ ਰੁਪਏ ਪੈਸੇ ਦੀ ਬੱਚਤ ਕਰ ਕੇ ਆਪਣੇ ਜੀਵਨ ਨੂੰ ਖ਼ੁਸ਼ਹਾਲ ਤੇ ਚਿੰਤਾ-ਰਹਿਤ ਬਣਾ ਸਕਦੇ ਹਾਂ।